‘ਆਪ’ ਆਗੂਆਂ ਵੱਲੋਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ
ਪੱਤਰ ਪ੍ਰੇਰਕ
ਮੁਕੇਰੀਆਂ, 26 ਫਰਵਰੀ
ਸੂਬਾ ਸਰਕਾਰ ਦੀ ਹਰ ਪੱਧਰ ’ਤੇ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਦੇ ਮੰਤਵ ਨਾਲ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ ਅਤੇ ਹਲਕਾ ਇੰਚਾਰਜ ਪ੍ਰੋ. ਜੀ.ਐਸ. ਮੁਲਤਾਨੀ ਵਲੋਂ ਨੇੜਲੇ ਪਿੰਡ ਬਾਗੋਵਾਲ ਵਿਚ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕਲੀਨਿਕਾਂ ਵਿੱਚ ਮੁਫਤ ਇਲਾਜ ਦੇ ਨਾਲ-ਨਾਲ 80 ਕਿਸਮ ਦੀਆਂ ਮੁਫ਼ਤ ਦਵਾਈਆਂ ਅਤੇ 38 ਕਿਸਮਾਂ ਦੇ ਮੁਫ਼ਤ ਡਾਇਗਨੌਸਟਿਕ ਟੈਸਟਾਂ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਸਹੋਤਾ, ਐੱਸਐੱਮਓ ਡਾ. ਸ਼ੈਲੀ ਬਾਜਵਾ ਤੇ ਡਾ. ਅਮਨਿੰਦਰ ਸਿੰਘ ਆਦਿ ਹਾਜ਼ਰ ਸਨ।
ਫਗਵਾੜਾ (ਪੱਤਰ ਪ੍ਰੇਰਕ): ਇਥੋਂ ਦੇ ਮੁਹੱਲਾ ਗੋਬਿੰਦਪੁਰਾ ਵਿੱਚ ਆਮ ਆਦਮੀ ਕਲੀਨਿਕ ਖੋਲ੍ਹਿਆ ਗਿਆ ਜਿਸ ਦਾ ਉਦਘਾਟਨ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਕੀਤਾ। ਉਨ੍ਹਾਂ ਦੱਸਿਆ ਕਿ ਫਗਵਾੜਾ ਇਲਾਕੇ ’ਚ ਇਹ 10ਵਾਂ ਆਮ ਆਦਮੀ ਕਲੀਨਿਕ ਹੈ। ਇਸ ਤੋਂ ਪਹਿਲਾਂ ਸ਼ਹਿਰ ਦੇ ਬਾਬਾ ਗਧੀਆ, ਗੁਰੂ ਹਰਗੋਬਿੰਦ ਨਗਰ, ਮੁਹੱਲਾ ਕੌਲਸਰ, ਹਦੀਆਬਾਦ, ਗੁਰੂਨਾਨਕਪੁਰਾ ਤੋਂ ਇਲਾਵਾ ਪਿੰਡ ਸਪਰੋੜ, ਪਲਾਹੀ, ਰਾਣੀਪੁਰ ਅਤੇ ਅਠੌਲੀ ਵਿਖੇ ਮੁਹੱਲਾ ਕਲੀਨਿਕ ਸਫਲਤਾਪੂਰਵਕ ਚੱਲ ਰਹੇ ਹਨ। ਇਸ ਮੌਕੇ ਐੱਸਐੱਮਓ ਡਾ. ਲਹਿੰਬਰ ਰਾਮ, ਸਾਬਕਾ ਕੌਂਸਲਰ ਰਵਿੰਦਰ ਰਵੀ ਤੇ ਬਲਾਕ ਪ੍ਰਧਾਨ ਰਾਜੇਸ਼ ਕੌਂਸਲਰ ਆਦਿ ਹਾਜ਼ਰ ਸਨ।