ਵਿਧਾਇਕ ਵੱਲੋਂ 1.60 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ
ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਨਵੰਬਰ
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਪਟਿਆਲਾ ਸ਼ਹਿਰ ਦੀਆਂ ਤਿੰਨ ਥਾਵਾਂ ’ਤੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਉਨ੍ਹਾਂ ਮੌਕੇ ’ਤੇ ਮੌਜੂਦ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਐਕਸੀਅਨ ਮੋਹਨ ਲਾਲ ਅਤੇ ਐੱਸਡੀਓ ਅਮਿਤੋਜ ਸਿੰਘ ਨੂੰ ਇਹ ਸਾਰੇ ਕਾਰਜ ਮਿੱਥੇ ਸਮੇਂ ’ਤੇ ਮੁਕੰਮਲ ਹੋਣੇ ਯਕੀਨੀ ਬਣਾਏ ਜਾਣ ਦੀ ਹਦਾਇਤ ਕੀਤੀ ਅਤੇ ਨਾਲ ਹੀ ਮਿਆਰ ਅਤੇ ਗੁਣਵੱਤਾ ਨੂੰ ਯਕੀਨੀ ਬਣਾਏ ਜਾਣ ਦੀ ਜ਼ਿੰਮੇਵਾਰੀ ਵੀ ਇਨ੍ਹਾਂ ਅਧਿਕਾਰੀਆਂ ਸਿਰ ਪਾਉਂਦਿਆਂ ਕਿਹਾ ਕਿ ਅਜਿਹੀ ਕਮੀ ਪਾਏ ਜਾਣ ਦੀ ਸੂਰਤ ’ਚ ਠੇਕੇਦਾਰਾਂ ਦੇ ਨਾਲ-ਨਾਲ ਉਹ ਵੀ ਸਜ਼ਾ ਦੇ ਭਾਗੀਦਾਰ ਹੋਣਗੇ। ਇਸ ਦੌਰਾਨ ਅਜੀਤਪਾਲ ਕੋਹਲੀ ਨੇ ਸ਼ਹਿਰ ਦੇ ਧੁਰੇ ਵਜੋਂ ਜਾਣੇ ਜਾਂਦੇ ਕਿਤਾਬਾਂ ਵਾਲਾ ਬਾਜ਼ਾਰ ਕੋਲ ਸਥਿਤ ਤਾਂਗੇ ਵਾਲੀ ਗਲੀ ’ਚ 46.17 ਲੱਖ ਦੀ ਲਾਗਤ ਨਾਲ ਸੀਸੀ ਫਲੋਰਿੰਗ ਦੀਆਂ ਬਣਨ ਵਾਲੀਆਂ ਗਲੀਆਂ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਥੇ ਹੀ ਪਾਣੀ ਦੀ ਨਿਕਾਸੀ ਦੀ ਸਮਰੱਥਾ ਵਧਾਉਣ ਲਈ ਹੋਰ ਪਾਈਪਾਂ ਵੀ ਪਾਈਆਂ ਜਾਣੀਆਂ ਹਨ। ਇਸ ਮਗਰੋਂ ਉਨ੍ਹਾਂ 53 ਲੱਖ ਰੁਪਏ ਦੀ ਲਾਗਤ ਵਾਲੇ ਅਜੀਤ ਨਗਰ ਦੀ ਖਸਤਾ ਹਾਲਤ ਮੁੱਖ ਸੜਕ ਦੀ ਮੁਰੰਮਤ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ। ਵਿਧਾਇਕ ਨੇ ਮਜੀਠੀਆ ਐਨਕਲੇਵ ਐਕਸਟੈਂਸ਼ਨ ਅਤੇ ਮਾਡਲ ਟਾਊਨ ਦੇ ਗੋਬਿੰਦ ਨਗਰ ਦੀਆਂ ਸੜਕਾਂ ਦੀ ਮੁਰੰਮਤ ’ਤੇ ਆਧਾਰਤ 61.22 ਲੱਖ ਦੀ ਲਾਗਤ ਵਾਲੇ ਪ੍ਰ੍ਾਜੈਕਟ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਸਾਬਕਾ ਕੌਂਸਲਰ ਆਰ.ਪੀ. ਗੁਪਤਾ, ਪੀਏ ਹਰਸ਼ਪਾਲ ਵਾਲੀਆ, ਰਾਜੇਸ਼ ਲੱਕੀ, ਸੰਦੀਪ ਕੁਮਾਰ, ਰਾਮ ਨਾਥ, ਹਨੀ ਕਲਸੀ, ਬਿੱਟੂ ਕੁਮਾਰ, ਸੂਰਜ ਕੁਮਾਰ ਅਤੇ ਸੋਨੀਆ ਦਾਸ ਹਾਜ਼ਰ ਸਨ।