For the best experience, open
https://m.punjabitribuneonline.com
on your mobile browser.
Advertisement

ਸਰਦ ਰੁੱਤ ਵਿੱਚ ਭਾਰਤੀ ਜਲਗਾਹਾਂ ’ਤੇ ਪਰਵਾਸੀ ਪੰਛੀਆਂ ਦੀ ਆਮਦ ਘਟੀ

08:59 AM Jan 08, 2024 IST
ਸਰਦ ਰੁੱਤ ਵਿੱਚ ਭਾਰਤੀ ਜਲਗਾਹਾਂ ’ਤੇ ਪਰਵਾਸੀ ਪੰਛੀਆਂ ਦੀ ਆਮਦ ਘਟੀ
ਹਰੀਕੇ ਜਲਗਾਹ ’ਤੇ ਉਡਾਣ ਭਰਦੇ ਹੋਏ ਪਰਵਾਸੀ ਪੰਛੀ। -ਫੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਜਨਵਰੀ
ਸਰਦ ਰੁੱਤ ਦੀ ਆਮਦ ਨਾਲ ਹੀ ਹਰੀਕੇ ਜਲਗਾਹ ਵਿਚ ਪਰਵਾਸੀ ਪੰਛੀਆਂ ਦੀ ਆਮਦ ਵੀ ਸ਼ੁਰੂ ਹੋ ਗਈ ਹੈ ਪਰ ਇਹ ਆਮਦ ਹਰ ਸਾਲ ਘਟ ਰਹੀ ਹੈ। ਇਸ ਸਾਲ ਵੀ ਪਰਵਾਸੀ ਪੰਛੀਆਂ ਦੀ ਗਿਣਤੀ ਹੁਣ ਤੱਕ ਆਸ ਨਾਲੋਂ ਘੱਟ ਹੈ।
ਇਹ ਪਰਵਾਸੀ ਪੰਛੀ ਰੂਸ, ਉਜ਼ਬੇਕਿਸਤਾਨ, ਮੰਗੋਲੀਆ, ਸਾਇਬੇਰੀਆ ਤੇ ਹੋਰ ਕਈ ਮੁਲਕਾਂ ਤੋਂ ਆਉਂਦੇ ਹਨ ਕਿਉਂਕਿ ਉੱਥੇ ਜ਼ਿਆਦਾ ਬਰਫ ਪੈਂਦੀ ਹੈ ਜਿਸ ਕਾਰਨ ਝੀਲਾਂ ਤੇ ਨਦੀਆਂ ਜੰਮ ਜਾਂਦੀਆਂ ਹਨ ਤੇ ਇਹ ਪੰਛੀ ਭਾਰਤ ਸਮੇਤ ਹੋਰ ਏਸ਼ਿਆਈ ਮੁਲਕਾਂ ਵੱਲ ਪਰਵਾਸ ਕਰਦੇ ਹਨ। ਇਨ੍ਹਾਂ ਪਰਵਾਸੀ ਪੰਛੀਆਂ ਦੀਆਂ ਲਗਪਗ 90 ਪ੍ਰਜਾਤੀਆਂ ਹਨ ਜੋ ਹਰ ਵਰ੍ਹੇ ਲੱਖਾਂ ਦੀ ਗਿਣਤੀ ਵਿੱਚ ਭਾਰਤ ਦੀਆਂ ਵੱਖ ਵੱਖ ਜਲਗਾਹਾਂ ’ਤੇ ਆਉਂਦੇ ਹਨ। ਇਸੇ ਤਹਿਤ ਹਰੀਕੇ ਜਲਗਾਹ ਵਿੱਚ ਵੀ ਇਸ ਸਾਲ ਹੁਣ ਤੱਕ 40 ਤੋਂ 50 ਹਜ਼ਾਰ ਪੰਛੀ ਆਏ ਹਨ ਜੋ ਪਿਛਲੇ ਵਰ੍ਹੇ ਨਾਲੋਂ ਘੱਟ ਹੈ। ਹਰੀਕੇ ਜਲਗਾਹ ਤਰਨ ਤਾਰਨ, ਫਿਰੋਜ਼ਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਲਗਪਗ 86 ਵਰਗ ਕਿਲੋਮੀਟਰ ਰਕਬੇ ਵਿੱਚ ਫੈਲੀ ਹੋਈ ਹੈ। ਵਿਸ਼ਵ ਵਾਈਲਡ ਫੰਡ ਫਾਰ ਨੇਚਰ (ਡਬਲਿਊਡਬਲਿਊਐਫ) ਇੰਡੀਆ ਦੀ ਕੋਆਰਡੀਨੇਟਰ ਗੀਤਾਂਜਲੀ ਕੰਵਰ ਨੇ ਕਿਹਾ ਕਿ ਪਰਵਾਸੀ ਪੰਛੀਆਂ ਦੀ ਆਮਦ ਦੀ ਸਹੀ ਗਿਣਤੀ ਦਾ ਪਤਾ ਇਸ ਮਹੀਨੇ ਪੰਛੀਆਂ ਦੀ ਜਨਗਣਨਾ ਤੋਂ ਬਾਅਦ ਹੀ ਲੱਗੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਰਵਾਸੀ ਪੰਛੀਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਹਰੀਕੇ ਜਲਗਾਹ ਵਿਚ ਇਸ ਵੇਲੇ ਵਧੇਰੇ ਗਰੇਲੈਗ ਗੀਜ਼, ਕੂਟਸ, ਗਡਵਾਲ, ਉੱਤਰੀ ਪਿਨਟੇਲ, ਕਾਮਨ ਟੀਲ, ਕਾਮਨ ਪੋਚਾਰਡ, ਨਾਰਦਰਨ ਸ਼ੋਵਲਰ, ਗੌਡਵਿਟਸ, ਸਪੂਨਬਿਲ ਅਤੇ ਪੇਂਟਿਡ ਸਟੌਰਕਸ ਆਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਵਿਭਾਗ ਜਨਵਰੀ ਅਤੇ ਫਰਵਰੀ 2024 ਵਿੱਚ ਪੰਜਾਬ ਦੇ ਪ੍ਰਮੁੱਖ ਵੈਟਲੈਂਡਜ਼ ਵਿੱਚ ਸਾਲਾਨਾ ਜਲ ਪੰਛੀ ਜਨਗਣਨਾ ਲਈ ਤਿਆਰੀਆਂ ਕਰ ਰਿਹਾ ਹੈ।

Advertisement

2020 ਵਿੱਚ 91,025 ਪਰਵਾਸੀ ਪੰਛੀਆਂ ਦੀ ਹੋਈ ਸੀ ਆਮਦ

ਪਰਵਾਸੀ ਪੰਛੀਆਂ ਦੀ ਹਰੀਕੇ ਜਲਗਾਹ ਵਿਚ ਆਮਦ ’ਤੇ ਜੇਕਰ ਇੱਕ ਝਾਤੀ ਮਾਰੀ ਜਾਵੇ ਤਾਂ ਪਰਵਾਸੀ ਪੰਛੀਆਂ ਦੀ ਇਹ ਗਿਣਤੀ 2020 ਤੋਂ ਬਾਅਦ ਲਗਾਤਾਰ ਘੱਟ ਰਹੀ ਹੈ। 2020 ਵਿੱਚ ਇਨ੍ਹਾਂ ਪਰਵਾਸੀ ਪੰਛੀਆਂ ਦੀ ਗਿਣਤੀ 91025 ਸੀ ਅਤੇ ਲਗਪਗ 90 ਪ੍ਰਜਾਤੀਆਂ ਦੇ ਪੰਛੀ ਇੱਥੇ ਪੁੱਜੇ ਸਨ। 2021 ਵਿੱਚ ਪਰਵਾਸੀ ਪੰਛੀਆਂ ਦੀ ਗਿਣਤੀ ਘੱਟ ਕੇ 74,869 ਰਹਿ ਗਈ, 2022 ਵਿੱਚ ਕਰੋਨਾ ਮਹਾਂਮਾਰੀ ਕਾਰਨ ਜਨਗਣਨਾ ਨਹੀਂ ਹੋ ਸਕੀ ਜਦੋਂਕਿ 2023 ਵਿੱਚ ਪਰਵਾਸੀ ਪੰਛੀਆਂ ਦੀ ਗਿਣਤੀ ਲਗਪਗ 65 ਹਜ਼ਾਰ ਸੀ। ਹਰੀਕੇ ਜਲਗਾਹ ਵਿੱਚ ਪਰਵਾਸੀ ਪੰਛੀਆਂ ਦੀ ਗਿਣਤੀ ਲਗਾਤਾਰ ਕਿਉਂ ਘੱਟ ਰਹੀ ਹੈ ਇਹ ਚਿੰਤਾ ਅਤੇ ਖੋਜ ਦਾ ਵਿਸ਼ਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਰਵਾਸੀ ਪੰਛੀਆਂ ਦੀ ਗਿਣਤੀ ਘਟਣ ਦੇ ਕਈ ਕਾਰਨ ਹੋ ਸਕਦੇ ਹਨ। ਇਸ ਸਬੰਧੀ ਵਿਸ਼ਵ ਪੱਧਰੀ ਖੋਜ ਦੀ ਲੋੜ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਜਿਨ੍ਹਾਂ ਮੁਲਕਾਂ ਤੋਂ ਇਹ ਪਰਵਾਸੀ ਪੰਛੀ ਆ ਰਹੇ ਹਨ ਉਥੋਂ ਹੀ ਇਹ ਘੱਟ ਗਿਣਤੀ ਵਿਚ ਆਏ ਹੋਣ, ਆਲਮੀ ਤਪਸ਼ ਤੇ ਵਾਤਾਵਰਨ ਵਿੱਚ ਆ ਰਹੇ ਬਦਲਾਅ ਅਤੇ ਵੱਧ ਰਿਹਾ ਪ੍ਰਦੂਸ਼ਣ ਵੀ ਕਾਰਨ ਹੋ ਸਕਦਾ ਹੈ।

Advertisement

Advertisement
Author Image

Advertisement