ਪਿੰਡ ਤਲਵਾੜਾ ਵਿੱਚ ਸ਼ਿਵਰਾਜ ਸਿੰਘ ਨੇ ਵੱਡੇ ਫ਼ਰਕ ਨਾਲ ਵਿਰੋਧੀ ਨੂੰ ਹਰਾਇਆ
ਜਸਬੀਰ ਸ਼ੇਤਰਾ
ਜਗਰਾਉਂ, 16 ਅਕਤੂਬਰ
ਪੰਚਾਇਤੀ ਚੋਣਾਂ ਦੇ ਨਤੀਜਿਆਂ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤਲਵਾੜਾ ’ਚ ਬਲਜਿੰਦਰ ਸਿੰਘ ਧੁੰਨਾ ਨੇ ਵੱਡੇ ਫਰਕ ਨਾਲ ਚੋਣ ਜਿੱਤਣ ਦਾ ਕੀਰਤੀਮਾਨ ਸਥਾਪਤ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਸ਼ਿਵਰਾਜ ਸਿੰਘ ਅਗਵਾੜ ਲੋਪੋਂ ਖੁਰਦ ਵਿੱਚ ਮੁੜ ਸਰਪੰਚੀ ਘਰ ਵਿੱਚ ਰੱਖਣ ਵਿੱਚ ਸਫ਼ਲ ਰਹੇ। ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ ਨੇ ਇਸ ਜਿੱਤ ਲਈ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੱਸਿਆ ਕਿ ਸਰਪੰਚੀ ਲਈ ਖੜ੍ਹੇ ਬਲਜਿੰਦਰ ਸਿੰਘ ਧੁੰਨਾ 255 ਵੋਟਾਂ ਨਾਲ ਜੇਤੂ ਰਹੇ ਹਨ।
ਇਸੇ ਤਰ੍ਹਾਂ ਮਹਿੰਦਰ ਸਿੰਘ, ਗੁਰਦੀਪ ਸਿੰਘ ਗੋਲਾ, ਹਰਿੰਦਰ ਕੌਰ ਗਰੇਵਾਲ ਤੇ ਸੁਰਮੁੱਖ ਸਿੰਘ ਮੈਂਬਰ ਪੰਚਾਇਤ ਚੁਣੇ ਗਏ ਹਨ। ਉਨ੍ਹਾਂ ਕਿਹਾ ਕਿ 255 ਨਾਲ ਵਿਰੋਧੀ ਉਮੀਦਵਾਰ ਨੂੰ ਹਰਾਉਣਾ ਵੱਡੀ ਜਿੱਤ ਹੈ। ਅੱਜ ਪਿੰਡ ਵਿੱਚ ਇੱਕ ਸਾਦਾ ਸਮਾਗਮ ਕਰਵਾ ਕੇ ਨਵੀਂ ਚੁਣੀ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਸੁਖਦੇਵ ਸਿੰਘ, ਅਮਨਦੀਪ ਸਿੰਘ, ਗੁਰਮੀਤ ਸਿੰਘ ਪੱਪੂ, ਬੇਅੰਤ ਸਿੰਘ, ਕਰਨੈਲ ਸਿੰਘ ਫਿਰੋਜ਼ਪੁਰੀਆ, ਬਲਵੀਰ ਸਿੰਘ, ਹਰਪਾਲ ਸਿੰਘ, ਗੁਰਸੇਵਕ ਸਿੰਘ, ਬਲਦੇਵ ਸਿੰਘ ਸੈਕਟਰੀ, ਪ੍ਰਧਾਨ ਹਰਪ੍ਰੀਤ ਸਿੰਘ, ਸੂਬੇਦਾਰ ਸੁਰਜੀਤ ਸਿੰਘ, ਮਨਜੀਤ ਸਿੰਘ ਕਾਲਾ ਆਦਿ ਹਾਜ਼ਰ ਸਨ।
ਦੂਜੇ ਪਾਸੇ, ਜਗਰਾਉਂ ਦੇ ਨਾਲ ਲੱਗਦੇ ਪਿੰਡ ਅਗਵਾੜ ਲੋਪੋਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਪੰਚ ਲਈ ਉਮੀਦਵਾਰ ਕੁਲਵਿੰਦਰ ਕੌਰ ਨੇ ਹਾਕਮ ਧਿਰ ਨਾਲ ਸਬੰਧਤ ਖੜ੍ਹੀ ਕੀਤੀ ਗਈ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤ ਲਈ ਹੈ। ਸਰਪੰਚ ਲਈ ਕੁੱਲ 311 ਵੋਟਾਂ ਪਈਆਂ ਜਿਨ੍ਹਾਂ ਵਿੱਚੋਂ ਕੁਲਵਿੰਦਰ ਕੌਰ ਨੂੰ 176 ਵੋਟਾਂ ਮਿਲੀਆਂ ਜਦਕਿ ਵਿਰੋਧੀ ਉਮੀਦਵਾਰ ਨੂੰ 106 ਵੋਟਾਂ ਹਾਸਲ ਹੋਈਆਂ। ਇਸ ਤੋਂ ਇਲਾਵਾ 28 ਵੋਟਾਂ ਰੱਦ ਵੀ ਹੋਈਆਂ। ਇਸ ਪਰਿਵਾਰ ਕੋਲ ਕਈ ਦਹਾਕੇ ਤੋਂ ਸਰਪੰਚੀ ਹੈ ਅਤੇ ਪਹਿਲਾਂ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਾਵਜੂਦ ਪਿੰਡ ਵਾਸੀਆਂ ਦੀ ਹਮਾਇਤ ਨਾਲ ਇਹ ਪਰਿਵਾਰ ਲਗਾਤਾਰ ਸਰਪੰਚ ਬਣਦਾ ਆ ਰਿਹਾ ਹੈ। ਚੋਣ ਜਿੱਤਣ ਮਗਰੋਂ ਕੁਲਵਿੰਦਰ ਕੌਰ ਤੇ ਸ਼ਿਵਰਾਜ ਸਿੰਘ ਨੇ ਗੁਰਦੁਆਰਾ ਬੇਗਮਪੁਰਾ ਭੋਰਾ ਸਾਹਿਬ ਨਾਨਕਸਰ ਵਿਖੇ ਜਾ ਕੇ ਮੱਥਾ ਟੇਕਿਆ। ਉਨ੍ਹਾਂ ਇਸ ਮੌਕੇ ਬਾਬਾ ਜੀਵਾ ਸਿੰਘ ਤੋਂ ਆਸ਼ੀਰਵਾਦ ਵੀ ਲਿਆ। ਇਸ ਤੋਂ ਪਹਿਲਾਂ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਐੱਸਆਰ ਕਲੇਰ ਪਿੰਡ ਪਹੁੰਚੇ। ਉਨ੍ਹਾਂ ਨਵੀਂ ਚੁਣੀ ਗ੍ਰਾਮ ਪੰਚਾਇਤ ਨੂੰ ਸਨਮਾਨਿਤ ਕੀਤਾ। ਕੁਲਵਿੰਦਰ ਕੌਰ ਦੇ ਸਰਪੰਚ ਚੁਣੇ ਜਾਣ ਤੋਂ ਇਲਾਵਾ ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਸੁੰਦਰ ਸਿੰਘ, ਬਲਜੀਤ ਸਿੰਘ, ਸੁਰਜਨ ਸਿੰਘ, ਅੰਮ੍ਰਿਤਪਾਲ ਸਿੰਘ ਮੈਂਬਰ ਪੰਚਾਇਤ ਬਣੇ ਹਨ।