For the best experience, open
https://m.punjabitribuneonline.com
on your mobile browser.
Advertisement

ਚੱਕਰਵਾਤੀ ਤੂਫਾਨ ‘ਰੇਮਲ’ ਦੇ ਮੱਦੇਨਜ਼ਰ ਇੱਕ ਲੱਖ ਲੋਕ ਸੁਰੱਖਿਅਤ ਥਾਵਾਂ ’ਤੇ ਤਬਦੀਲ

08:06 AM May 27, 2024 IST
ਚੱਕਰਵਾਤੀ ਤੂਫਾਨ ‘ਰੇਮਲ’ ਦੇ ਮੱਦੇਨਜ਼ਰ ਇੱਕ ਲੱਖ ਲੋਕ ਸੁਰੱਖਿਅਤ ਥਾਵਾਂ ’ਤੇ ਤਬਦੀਲ
ਕੋਲਕਾਤਾ ਵਿੱਚ ਵਰ੍ਹਦੇ ਮੀਂਹ ਦੌਰਾਨ ਆਪਣੀ ਮੰਜ਼ਿਲ ਵੱਲ ਵਧਦੇ ਹੋਏ ਰਾਹਗੀਰ। -ਫੋੋਟੋ: ਏਐੱਨਆਈ
Advertisement

ਕੋਲਕਾਤਾ, 26 ਮਈ
ਮੌਸਮ ਵਿਭਾਗ ਵੱਲੋਂ ਚੱਕਰਵਾਤੀ ਤੂਫਾਨ ‘ਰੇਮਲ’ ਦੇ ਐਤਵਾਰ ਅੱਧੀ ਰਾਤ ਨੂੰ ਪੱਛਮੀ ਬੰਗਾਲ ’ਚ ਦਸਤਕ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਇਹਤਿਆਤ ਵਜੋਂ ਪੱਛਮੀ ਬੰਗਾਲ ਦੇ ਸੰਵੇਦਨਸ਼ੀਲ ਇਲਾਕਿਆਂ ’ਚੋਂ ਇੱਕ ਲੱਖ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਤਬਦੀਲ ਕੀਤਾ ਗਿਆ ਹੈ। ਚੱਕਰਵਾਤ ਕਾਰਨ ਕਈ ਤੱਟੀ ਇਲਾਕਿਆਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ ਤੇ ਸੂਬੇ ਤੇ ਕਈ ਹਿੱਸਿਆਂ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਭਾਰਤੀ ਮੌਸਮ ਵਿਭਾਗ ਦੇ ਬੁਲੇਟਿਨ ਮੁਤਾਬਕ ‘ਰੇਮਲ’ ਤੂਫ਼ਾਨ ਸ਼ਾਮ 6 ਵਜੇ ਸਾਗਰ ਟਾਪੂ ਦੇ 160 ਕਿਲੋਮੀਟਰ ਦੱਖਣ-ਦੱਖਣ ਪੂਰਬ ’ਚ ਕੇਂਦਰਤ ਸੀ। ਚੱਕਰਵਾਤ ਕਾਰਨ ਪੱਛਮੀ ਬੰਗਾਲ ਦੇ ਤੱਟੀ ਜ਼ਿਲ੍ਹਿਆਂ ’ਚ ਭਾਰੀ ਮੀਂਹ ਅਤੇ ਕੋਲਕਾਤਾ ਤੇ ਨੇੜਲੇ ਇਲਾਕਿਆਂ ’ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਦਫ਼ਤਰ ਨੇ ਕਿਹਾ ਕਿ ਚੱਕਰਵਾਤੀ ਤੂਫਾਨ ‘ਰੇਮਲ’ ਉੱਤਰ ਵੱਲ ਨੂੰ ਵਧ ਰਿਹਾ ਹੈ ਅਤੇ ਐਤਵਾਰ ਅੱਧੀ ਰਾਤ ਤੱਕ ਮੋਂਗਲਾ ਬੰਦਰਗਾਹ ਦੇ ਦੱਖਣ-ਪੱਛਮ ਨੇੜੇ ਸਾਗਰ ਟਾਪੂ ਅਤੇ ਖੇਪੂਪਾਰਾ (ਬੰਗਲਾਦੇਸ਼) ਵਿਚਾਲੇ ਤੱਟਾਂ ਨੂੰ ਪਾਰ ਕਰਨ ਤੋਂ ਪਹਿਲਾਂ ਇਸ ਦੇ ਤੇਜ਼ ਹੋਣ ਦੀ ਸੰਭਾਵਨਾ ਹੈ। ਤੂਫ਼ਾਨ ‘ਰੇਮਲ’ ਦੀ ਦਸਤਕ ਦੇ ਮੱਦੇਨਜ਼ਰ ਸੂਬੇ ’ਚ ਹਵਾਈ ਤੇ ਰੇਲ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਮੌਸਮ ਵਿਭਾਗ ਮੁਤਾਬਕ ਤੂਫਾਨ ‘ਰੇਮਲ’ ਦੇ ਪੱਛਮੀ ਬੰਗਾਲ ਦੇ ਤੱਟੀ ਇਲਾਕਿਆਂ ’ਚ ਪਹੁੰਚਣ ’ਤੇ 110 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਮੌਸਮ ਵਿਭਾਗ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਅਤੇ ਸੰਵੇਦਨਸ਼ੀਲ ਥਾਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਜਦਕਿ ਮਛੇਰਿਆਂ ਨੂੰ 27 ਮਈ ਤੱਕ ਬੰਗਾਲ ਦੀ ਉੱਤਰੀ ਖਾੜੀ ’ਚ ਨਾ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ।ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਰੇਮਲ’ ਤੂਫ਼ਾਨ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਰਾਜ ਮੰਤਰੀ ਅਖਿਲ ਗਿਰੀ ਨੇ ਕਿਹਾ, ‘‘ਅੰਫ਼ਾਨ ਤੇ ਯਾਸ ਦੇ ਟਾਕਰੇ ਦਾ ਸਾਡਾ ਤਜਰਬਾ ਰੇਮਲ ਨਾਲ ਨਜਿੱਠਣ ਲਈ ਕੰਮ ਆਵੇਗਾ।’’ ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦਾ ਬੋਸ ਨੇ ਕਿਹਾ ਕਿ ਉਹ ਸਥਿਤੀ ’ਤੇ ਨੇੜਿਉਂ ਨਜ਼ਰ ਰੱਖ ਰਹੇ ਹਨ। ‘ਰੇਮਲ’ ਤੂਫ਼ਾਨ ਕਾਰਨ ਦੀਘਾ, ਕਾਕਦੀਪ ਅਤੇ ਜੈਨਗਰ ’ਚ ਹਲਕੀ ਬਾਰਿਸ਼ ਤੇ ਹਵਾਵਾਂ ਸ਼ੁਰੂ ਹੋ ਗਈਆਂ ਹਨ ਜੋ ਸੋਮਵਾਰ ਤੱਕ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਪੂਰਬੀ ਖੇਤਰੀ ਮੁਖੀ ਸੋਮਨਾਥ ਦੱਤਾ ਨੇ ਕਿਹਾ ਕਿ ਤੇਜ਼ ਰਫ਼ਤਾਰ ਹਵਾਵਾਂ ਦੱਖਣੀ ਬੰਗਾਲ ਦੇ ਕਈ ਜ਼ਿਲ੍ਹਿਆਂ ਕੋਲਕਾਤਾ, ਹਾਵੜਾ, ਹੁਗਲੀ ਅਤੇ ਪੁਰਬਾ ਮੇਦਨੀਪੁਰ ਆਦਿ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਚੱਕਰਵਾਤ ਕਾਰਨ ਇਹਤਿਹਾਤੀ ਕਦਮਾਂ ਵਜੋਂ ਪੂਰਬੀ ਅਤੇ ਦੱਖਣ-ਪੂਰਬੀ ਰੇਲਵੇ ਨੇ ਸੋਮਵਾਰ ਨੂੰ ਕਈ ਰੇਲਗੱਡੀਆਂ ਰੱਦ ਕਰ ਦਿੱਤੀਆਂ ਹਨ। ਅਧਿਕਾਰੀਆਂ ਮੁਤਾਬਕ ਪੂਰਬੀ ਰੇਲਵੇ ਨੇ ਸਿਆਲਦਾ ਡਿਵੀਜ਼ਨ ਦੇ ਸਿਆਲਦਾ ਦੱਖਣ ਸੈਕਸ਼ਨ ਅਤੇ ਬਾਰਾਸਤ-ਹਸਨਾਬਾਦ ਸੈਕਸ਼ਨ ਤੋਂ ਐਤਵਾਰ ਰਾਤ 11 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਰੇਲ ਸੇਵਾਵਾਂ ਰੱਦ ਕੀਤੀਆਂ ਗਈਆਂ ਹਨ। ਇਸੇ ਦੌਰਾਨ ਕੋਲਕਾਤਾ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਰੇਮਲ ਦੇ ਪ੍ਰਭਾਵ ਦੇ ਮੱਦੇਨਜ਼ਰ ਐਤਵਾਰ ਦੁਪਹਿਰ 12 ਵਜੇ ਤੋਂ ਅਗਲੇ 21 ਘੰਟਿਆਂ ਲਈ ਉਡਾਣਾਂ ਮੁਅੱਤਲ ਰੱਖਣ ਦਾ ਫ਼ੈਸਲਾ ਕੀਤਾ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਦੇ ਤਰਜਮਾਨ ਨੇ ਕਿਹਾ ਕਿ ਇਸ ਸਮੇਂ ਕੁੱਲ 394 (ਘਰੇਲੂ ਤੇ ਕੌਮਾਂਤਰੀ) ਉਡਾਣਾਂ ਦਾ ਸੰਚਾਲਨ ਨਹੀਂ ਹੋਵੇਗਾ। - ਪੀਟੀਆਈ

Advertisement

ਬੰਗਲਾਦੇਸ਼: ਅੱਠ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਤਬਦੀਲ ਕੀਤਾ

ਢਾਕਾ: ਰੇਮਲ ਤੂਫ਼ਾਨ ਦੀ ਦਸਤਕ ਦੇ ਮੱਦੇਨਜ਼ਰ ਦੇਸ਼ ਦੇ ਤੱਟੀ ਜ਼ਿਲ੍ਹਿਆਂ ਸਤਖੀਰਾ ਤੇ ਕੌਕਸਜ਼ ਬਾਜ਼ਾਰ ’ਚੋਂ ਅੱਠ ਲੱਖ ਤੋਂ ਵੱਧ ਲੋਕਾਂ ਨੂੰ ਸੰਵੇਦਨਸ਼ੀਲ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ ’ਤੇ ਤਬਦੀਲ ਕੀਤਾ ਗਿਆ ਹੈ। ਆਫ਼ਤ ਪ੍ਰਬੰਧਨ ਤੇ ਰਾਹਤ ਬਾਰੇ ਰਾਜ ਮੰਤਰੀ ਮੁਹੰਮਦ ਮੋਹੀਬੁਰ ਰਹਿਮਾਨ ਨੇ ਕਿਹਾ ਕਿ ਤੂੁਫ਼ਾਨ ਕੇਂਦਰਤ ਇਲਾਕਿਆਂ ’ਚੋਂ ਅੱਠ ਲੱਖ ਤੋਂ ਵੱਧ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤੂਫ਼ਾਨ ਨਾਲ ਨਜਿੱਠਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।

Advertisement
Author Image

sukhwinder singh

View all posts

Advertisement
Advertisement
×