ਕੌਮੀ ਸੁਰੱਖਿਆ ਦੇ ਮੱਦੇਨਜ਼ਰ ਅਮਰੀਕੀ ਜਾਣਕਾਰੀ ’ਤੇ ਜਾਂਚ ਕਮੇਟੀ ਕਾਇਮ ਕੀਤੀ: ਜੈਸ਼ੰਕਰ
ਨਵੀਂ ਦਿੱਲੀ, 7 ਦਸੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਰਾਜ ਸਭਾ ਵਿਚ ਕਿਹਾ ਕਿ ਭਾਰਤ ਨੇ ਅਮਰੀਕਾ ਤੋਂ ਮਿਲੀ ਜਾਣਕਾਰੀ ਦੀ ਘੋਖ ਕਰਨ ਲਈ ਜਾਂਚ ਕਮੇਟੀ ਕਾਇਮ ਕੀਤੀ ਹੈ, ਕਿਉਂਕਿ ਇਹ ਦੇਸ਼ ਦੀ ਕੌਮੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ। ਕੁਝ ਦਿਨ ਪਹਿਲਾਂ ਅਮਰੀਕਾ ਨੇ ਇਕ ਭਾਰਤੀ 'ਤੇ ਆਪਣੀ ਧਰਤੀ 'ਤੇ ਸਿੱਖ ਵੱਖਵਾਦੀ ਨੂੰ ਮਾਰਨ ਦੀ ਅਸਫਲ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ। ਸ੍ਰੀ ਜੈਸ਼ੰਕਰ ਉਪਰਲੇ ਸਦਨ ਵਿੱਚ ਪ੍ਰਸ਼ਨ ਕਾਲ ਦੌਰਾਨ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ, ‘ਜਿੱਥੋਂ ਤੱਕ ਅਮਰੀਕਾ ਦਾ ਸਬੰਧ ਹੈ, ਅਮਰੀਕਾ ਨਾਲ ਸਾਡੇ ਸੁਰੱਖਿਆ ਸਹਿਯੋਗ ਦੇ ਹਿੱਸੇ ਵਜੋਂ ਸਾਨੂੰ ਕੁਝ ਜਾਣਕਾਰੀਆਂ ਦਿੱਤੀਆਂ ਗਈਆਂ ਸਨ। ਉਹ ਜਾਣਕਾਰੀਆਂ ਸਾਡੇ ਲਈ ਚਿੰਤਾ ਦਾ ਵਿਸ਼ਾ ਹਨ ਕਿਉਂਕਿ ਉਹ ਸੰਗਠਤ ਅਪਰਾਧ, ਤਸਕਰੀ ਦੇ ਗਠਜੋੜ ਨਾਲ ਸਬੰਧਤ ਹਨ।’ ਉਨ੍ਹਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਕੈਨੇਡੀਅਨ ਸਰਕਾਰ ਵੱਲੋਂ ਲਾਏ ਦੋਸ਼ਾਂ ਸਬੰਧੀ ਅਜਿਹੇ ਕਦਮ ਕਿਉਂ ਨਹੀਂ ਚੁੱਕੇ ਗਏ। ਇਸ ਦੇ ਜਵਾਬ ਵਿੱਚ ਜੈਸ਼ੰਕਰ ਨੇ ਕਿਹਾ, ‘ਜਿਥੋਂ ਤੱਕ ਕੈਨੇਡਾ ਦਾ ਸਬੰਧ ਹੈ, ਸਾਨੂੰ ਕੋਈ ਖਾਸ ਸਬੂਤ ਜਾਂ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਇਸ ਲਈ ਅਜਿਹਾ ਕਦਮ ਚੁਕਣ ਦਾ ਸੁਆਲੀ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਇੱਕ ਨੇ ਜਾਣਕਾਰੀ ਦਿੱਤੀ ਹੈ ਅਤੇ ਦੂਜੇ ਨੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ।’