For the best experience, open
https://m.punjabitribuneonline.com
on your mobile browser.
Advertisement

ਦੀਵਾਲੀ ਦੇ ਮੱਦੇਨਜ਼ਰ ਮਿੱਟੀ ਦੇ ਦੀਵੇ ਬਣਾਉਣ ਦਾ ਕੰਮ ਜ਼ੋਰਾਂ ’ਤੇ

09:09 AM Oct 23, 2024 IST
ਦੀਵਾਲੀ ਦੇ ਮੱਦੇਨਜ਼ਰ ਮਿੱਟੀ ਦੇ ਦੀਵੇ ਬਣਾਉਣ ਦਾ ਕੰਮ ਜ਼ੋਰਾਂ ’ਤੇ
ਦੀਵਾਲੀ ਦੇ ਮੱਦੇਨਜ਼ਰ ਪਰਿਵਾਰ ਸਮੇਤ ਮਿੱਟੀ ਦੇ ਦੀਵੇ ਬਣਾਉਂਦਾ ਹੋਇਆ ਕਾਰੀਗਰ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 22 ਅਕਤੂਬਰ
ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਪਰਜਾਪਤ ਭਾਈਚਾਰਾ ਮਿੱਟੀ ਦੇ ਦੀਵੇ ਬਣਾਉਣ ਦੇ ਕੰਮ ’ਚ ਜੁਟ ਗਿਆ ਹੈ। ਕਾਲੀ ਮਿੱਟੀ ਦੀ ਉਪਲਬਧਤਾ ਘੱਟ ਤੇ ਮਹਿੰਗੀ ਹੋਣ ਕਾਰਨ ਮਿੱਟੀ ਦੇ ਦੀਵੇ ਬਣਾਉਣੇ ਮਹਿੰਗੇ ਹੋ ਗਏ ਹਨ, ਪਰ ਫਿਰ ਵੀ ਕਾਰੀਗਰਾਂ ਦੇ ਹੱਥ ਚੱਕ (ਪਹੀਆ) ’ਤੇ ਚੱਲ ਰਹੇ ਹਨ। ਕਾਰੀਗਰ ਮਿੱਟੀ ਨੂੰ ਆਕਾਰ ਦੇ ਕੇ ਲਕਸ਼ਮੀ-ਗਣੇਸ਼, ਦੀਵੇ, ਹਟੜੀਆਂ ਆਦਿ ਬਣਾਉਣ ਲੱਗੇ ਹੋਏ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਦੀਵਾਲੀ ’ਤੇ ਇਨ੍ਹਾਂ ਦੀਵਿਆਂ ਦੀ ਵਿਕਰੀ ਜ਼ਿਆਦਾ ਹੋਵੇਗੀ। ਬਦਲਦੇ ਸਮੇਂ ਅਤੇ ਮੁਕਾਬਲੇ ਦੇ ਦੌਰ ’ਚ ਚੀਨ ਦੇ ਬਣੇ ਦੀਵਿਆਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਦੀਵਾਲੀ ’ਤੇ ਮਿੱਟੀ ਦੇ ਦੀਵੇ ਜਗਾਉਣ ਦਾ ਮਹੱਤਵ ਘੱਟ ਨਹੀਂ ਹੋਇਆ। ਕਾਰੀਗਰ ਜੋਤੀ ਬੇਨੜਾ ਨੇ ਦੱਸਿਆ ਕਿ ਉਹ ਪਿਛਲੇ 30 ਸਾਲਾਂ ਤੋਂ ਆਪਣਾ ਇਹ ਜੱਦੀ-ਪੁਸ਼ਤੀ ਕੰਮ ਕਰ ਰਿਹਾ ਹੈ। ਉਸ ਦੀ ਪਤਨੀ, ਪੁੱਤਰ ਅਤੇ ਦੋ ਧੀਆਂ ਘੰਟਿਆਂਬੱਧੀ ਚੱਕ ’ਤੇ ਦੀਵੇ, ਮਟਕੇ, ਕਲਸ਼, ਧੂਫ ਦੇ ਬਰਤਨਾਂ ਸਮੇਤ ਕਈ ਤਰ੍ਹਾਂ ਦੇ ਮਿੱਟੀ ਦੇ ਭਾਂਡੇ ਬਣਾਉਣ ’ਚ ਉਸ ਦਾ ਹੱਥ ਵਟਾਉਂਦੇ ਹਨ। ਉਸ ਨੇ ਕਿਹਾ ਕਿ ਮਿੱਟੀ ਨੂੰ ਆਕਾਰ ਦੇਣਾ ਕੋਈ ਸੌਖਾ ਕੰਮ ਨਹੀਂ, ਹਰ ਸਾਲ, ਦੀਵਾਲੀ ਤੋਂ ਪਹਿਲਾਂ, ਮਿੱਟੀ ਨੂੰ ਚੰਗੀ ਤਰ੍ਹਾਂ ਮਹੀਨ ਕਰਨਾ, ਫਿਰ ਉਸ ਨੂੰ ਘਾਣੀ ਬਣਾ ਕੇ ਗੁੰਨ੍ਹਣਾ, ਉਸ ’ਚੋਂ ਕੰਕਰ-ਰੋੜੀਆਂ ਚੁਗ ਕੇ ਸਾਫ਼ ਕਰਨ ਉਪਰੰਤ ਚੱਕ ( ਪਹੀਏ) ’ਤੇ ਰੱਖ ਕੇ ਵੱਖ ਵੱਖ ਆਕਾਰ ਦੇਣੇ ਪੈਂਦੇ ਹਨ। ਕਾਰੀਗਰ ਗੁਰਮੇਲ ਸਿੰਘ ਕੇਲੋਂ ਨੇ ਦੱਸਿਆ ਕਿ ਦੀਵਾਲੀ ਤੋਂ ਪਹਿਲਾਂ ਮਿੱਟੀ ਦੇ ਭਾਂਡਿਆਂ ਦੀ ਵਿੱਕਰੀ ਬਹੁਤ ਘੱਟ ਹੁੰਦੀ ਹੈ, ਪਰ ਕਾਰੀਗਰ ਨੂੰ ਦੀਵਾਲੀ ਦੀ ਵਿਕਰੀ ਦਾ ਇੰਤਜ਼ਾਰ ਰਹਿੰਦਾ ਹੈ। ਇਸ ਵਾਰ ਦੀਵਾਲੀ ’ਤੇ ਦੀਵਿਆਂ ਦੀ ਮੰਗ ਵਧਣ ਦੀ ਉਮੀਦ ਹੈ ਜਿਸ ਨੂੰ ਦੇਖਦੇ ਹੋਏ ਇਸ ਵਾਰ ਜ਼ਿਆਦਾ ਦੀਵੇ ਬਣਾਏ ਜਾ ਰਹੇ ਹਨ। ਉਸ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਕਈ ਤਰ੍ਹਾਂ ਦੀਆਂ ਧਾਤੂਆਂ ਦੇ ਭਾਂਡੇ ਉਪਲਬਧ ਹੋ ਗਏ ਹਨ। ਇਸ ਕਾਰਨ ਮਿੱਟੀ ਦੇ ਭਾਂਡਿਆਂ ਦੀ ਮੰਗ ਵੀ ਪਹਿਲਾਂ ਮੁਕਾਬਲੇ ਘੱਟ ਹੈ। ਇਹੀ ਕਾਰਨ ਹੈ ਕਿ ਨੌਜਵਾਨ ਪੀੜ੍ਹੀ ਇਸ ਰੁਜ਼ਗਾਰ ਵਿੱਚ ਨਹੀਂ ਜਾਣਾ ਚਾਹੁੰਦੀ। ਇਸ ਕੰਮ ਵਿੱਚ ਕਮਾਈ ਨਾ-ਮਾਤਰ ਹੀ ਹੈਂ ਫਿਰ ਵੀ ਪਰੰਪਰਾ ਨੂੰ ਕਾਇਮ ਰੱਖਣ ਲਈ ਦੀਵੇ ਬਣਾਏ ਜਾ ਰਹੇ ਹਨ।

Advertisement

Advertisement
Advertisement
Author Image

Advertisement