For the best experience, open
https://m.punjabitribuneonline.com
on your mobile browser.
Advertisement

ਮੌਨਸੂਨ ਸੈਸ਼ਨ ਦੇ ਸਿਫ਼ਰ ਕਾਲ ’ਚ ਕਿਸਾਨੀ ਮੁੱਦੇ ਛਾਏ

08:59 AM Sep 04, 2024 IST
ਮੌਨਸੂਨ ਸੈਸ਼ਨ ਦੇ ਸਿਫ਼ਰ ਕਾਲ ’ਚ ਕਿਸਾਨੀ ਮੁੱਦੇ ਛਾਏ
ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ‘ਆਪ’ ਆਗੂ ਅਮਨ ਅਰੋੜਾ ਤੇ ਹੋਰ।
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 3 ਸਤੰਬਰ
ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਸਿਫ਼ਰ ਕਾਲ ਦੌਰਾਨ ਸੂਬੇ ਦੀ ਕਿਸਾਨੀ ਦੇ ਮੁੱਦੇ ਛਾਏ ਰਹੇ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿਫ਼ਰ ਕਾਲ ਵਿਚ ਮੰਗ ਉਠਾਈ ਕਿ ਕਿਸਾਨਾਂ ਦੇ ਮੁੱਦਿਆਂ ਦੇ ਹੱਲ ਲਈ ਗੱਲਬਾਤ ਕਰਨ ਲਈ ਸਰਬ ਪਾਰਟੀ ਵਫਦ ਬਣਾਇਆ ਜਾਵੇ, ਜੋ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਮਸਲੇ ਕੇਂਦਰ ਅਤੇ ਪੰਜਾਬ ਸਰਕਾਰ ਕੋਲ ਉਠਾਏ। ਬਾਜਵਾ ਨੇ ਅੰਮ੍ਰਿਤਧਾਰੀ ਕਿਸਾਨ ਆਗੂਆਂ ਨੂੰ ਦਿੱਲੀ ਹਵਾਈ ਅੱਡੇ ’ਤੇ ਰੋਕੇ ਜਾਣ ਨੂੰ ਲੈ ਕੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਮਾਮਲਾ ਕੇਂਦਰੀ ਹਵਾਬਾਜ਼ੀ ਮੰਤਰਾਲੇ ਕੋਲ ਉਠਾਉਣਾ ਚਾਹੀਦਾ ਹੈ। ਸ੍ਰੀ ਬਾਜਵਾ ਨੇ ਲਾਰੈਂਸ ਬਿਸ਼ਨੋਈ ਦੀ ਸੀਆਈਏ ਸਟਾਫ਼ ਖਰੜ ਵਿਚ ਹੋਈ ਇੰਟਰਵਿਊ ਦੀ ਜਾਂਚ ਲਈ ਭਾਰਤੀ ਸੰਸਦ ਦੀ ਜੇਪੀਸੀ ਦੀ ਤਰਜ਼ ’ਤੇ ਪੰਜਾਬ ਵਿਧਾਨ ਸਭਾ ਦੀ ਕਮੇਟੀ ਬਣਾਉਣ ਲਈ ਕਿਹਾ ਤਾਂ ਕਿ ਪਤਾ ਲੱਗ ਸਕੇ ਕਿ ਇਸ ਇੰਟਰਵਿਊ ਪਿੱਛੇ ਕੌਣ-ਕੌਣ ਸਨ ਅਤੇ ਉਸ ਐੱਸਪੀ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ, ਜਿਸ ਨੇ ਆਪਣੇ ਫ਼ੋਨ ਤੋਂ ਇੰਟਰਵਿਊ ਦਾ ਪ੍ਰਬੰਧ ਕੀਤਾ। ਬਾਜਵਾ ਵੱਲੋਂ ਪੁੱਛੇ ਸੁਆਲ ਦੇ ਜੁਆਬ ਵਿਚ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਦੱਸਿਆ ਕਿ ਹਲਕਾ ਕਾਦੀਆਂ ਵਿਚ ਡਾਕਟਰਾਂ ਦੀਆਂ 113 ਆਸਾਮੀਆਂ ਖ਼ਾਲੀ ਪਈਆਂ ਹਨ। ਬਾਜਵਾ ਨੇ ਇਤਰਾਜ਼ ਕੀਤਾ ਕਿ ਪਿਛਲੇ ਸੈਸ਼ਨ ਵਿਚ ਮੰਤਰੀ ਵੱਲੋਂ ਦਿੱਤਾ ਭਰੋਸਾ ਅਮਲ ਵਿਚ ਨਾ ਆ ਸਕਿਆ। ਬਾਜਵਾ ਨੇ ਸਿਹਤ ਮੰਤਰੀ ਨੂੰ ਸੱਦਾ ਦਿੱਤਾ ਕਿ ਉਹ ਹਲਕੇ ਦੇ ਸਿਹਤ ਕੇਂਦਰਾਂ ਦਾ ਖ਼ੁਦ ਹਾਲ ਆ ਕੇ ਦੇਖਣ।

Advertisement

ਸੈਸ਼ਨ ਸ਼ੁਰੂ ਹੋਣ ਮੌਕੇ ਪੰਜਾਬ ਵਿਧਾਨ ਸਭਾ ’ਚ ਦਾਖ਼ਲ ਹੁੰਦੇ ਹੋਏ ‘ਆਪ’ ਦੇ ਆਗੂ ਅਨਮੋਲ ਗਗਨ ਮਾਨ ਤੇ ਬਲਜਿੰਦਰ ਕੌਰ। ਫੋਟੋ: ਵਿੱਕੀ ਘਾਰੂ

ਕਾਂਗਰਸੀ ਵਿਧਾਇਕ ਸੰਦੀਪ ਜਾਖੜ ਨੇ ਡੀਏਪੀ ਦੀ ਕਿੱਲਤ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਦੂਜੇ ਸੂਬਿਆਂ ਦੇ ਮੁੱਖ ਮੰਤਰੀ ਤਾਂ ਦਿੱਲੀ ਵਿਚ ਇਕਜੁੱਟ ਹੋ ਰਹੇ ਹਨ ਪਰ ਪੰਜਾਬ ਗ਼ੈਰਹਾਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿਭਿੰਨਤਾ ਲਈ ਕੇਂਦਰ ਵੱਲੋਂ ਭੇਜੇ 290 ਕਰੋੜ ਰੁਪਏ ਲੈਪਸ ਹੋ ਚੁੱਕੇ ਹਨ। ਅਕਾਲੀ ਵਿਧਾਇਕ ਮਨਪ੍ਰੀਤ ਇਆਲ਼ੀ ਨੇ ਵੀ ਡੀਏਪੀ ਦੀ ਕਿੱਲਤ ਦੀ ਗੱਲ ਕਰਦਿਆਂ ਕਿਹਾ ਕਿ ਅਕਤੂਬਰ-ਨਵੰਬਰ ਮਹੀਨੇ ਵਿਚ ਆਲੂ ਅਤੇ ਕਣਕ ਦੀ ਬਿਜਾਈ ਹੋਣੀ ਹੈ ਪ੍ਰੰਤੂ ਪੰਜਾਬ ਕੋਲ ਹਾਲੇ ਤੱਕ 30 ਫ਼ੀਸਦੀ ਸਟਾਕ ਹੀ ਪੁੱਜਿਆ ਹੈ। ਪ੍ਰਾਈਵੇਟ ਕੰਪਨੀਆਂ ਵੱਲੋਂ ਕਿਸਾਨਾਂ ਦੀ ਮਜਬੂਰੀ ਦਾ ਫ਼ਾਇਦਾ ਉਠਾਇਆ ਜਾਵੇਗਾ ਤੇ ਹੋਰ ਉਤਪਾਦ ਕਿਸਾਨਾਂ ਦੇ ਸਿਰ ਮੜ੍ਹੇ ਜਾਣਗੇ। ਮਨਪ੍ਰੀਤ ਇਆਲੀ ਨੇ ਮੁਲਾਜ਼ਮਾਂ ਦੇ ਮੁੱਦੇ ਵੀ ਚੁੱਕੇ। ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਭਾਰਤ ਮਾਲਾ ਪ੍ਰਾਜੈਕਟ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਹ ਪ੍ਰਾਜੈਕਟ ਕੁਦਰਤੀ ਵਹਾਅ ਦੇ ਉਲਟ ਬਣ ਰਹੇ ਹਨ। ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਕਿ ਘੱਗਰ ਅਤੇ ਬੁੱਢੇ ਨਾਲੇ ਬਾਰੇ ਵਿਧਾਨ ਸਭਾ ਦੀ ਬਣੀ ਇੱਕ ਕਮੇਟੀ ਦੀ ਥਾਂ ਵੱਖੋ-ਵੱਖਰੀ ਕਮੇਟੀ ਬਣਾਈ ਜਾਵੇ ਅਤੇ ਇਨ੍ਹਾਂ ਕਮੇਟੀਆਂ ਵਿਚ ਸਬੰਧਤ ਹਲਕੇ ਦੇ ਵਿਧਾਇਕਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ। ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਜ਼ਮੀਨੀ ਪਾਣੀ ਵਿਚ ਖ਼ਤਰਨਾਕ ਰਸਾਇਣਕ ਤੱਤ ਪਾਏ ਜਾਣ ’ਤੇ ਫ਼ਿਕਰ ਜ਼ਾਹਰ ਕੀਤਾ। ਬਸਪਾ ਵਿਧਾਇਕ ਡਾ. ਨਛੱਤਰਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕੈਲੰਡਰ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਛੁੱਟੀਆਂ ਨਹੀਂ ਕੀਤੀਆਂ ਜਾਂਦੀਆਂ।
ਵਿਧਾਇਕ ਡਾ. ਬਲਜਿੰਦਰ ਕੌਰ ਨੇ ਬਠਿੰਡਾ ਰਿਫ਼ਾਇਨਰੀ ਦੇ ਸੀਐਸਆਰ ਫ਼ੰਡਾਂ ਦਾ ਮੁੱਦਾ ਚੁੱਕਿਆ। ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਨੇ ਟਰਾਂਸਪੋਰਟ ਮਾਫ਼ੀਏ ਦੀ ਗੱਲ ਕਰਦਿਆਂ ਖ਼ਾਸ ਤੌਰ ’ਤੇ ਲਖਵੀਰ ਲੱਖੀ ਨਾਮ ਦੇ ਵਿਅਕਤੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਟਾਈਮ ਟੇਬਲਾਂ ਵਿਚ ਵੱਡੇ ਘਪਲੇ ਹੋ ਰਹੇ ਹਨ।

Advertisement

ਪ੍ਰਸ਼ਨ ਕਾਲ: ਘਨੌਰ ਦੇ ਪੰਚਾਇਤੀ ਜ਼ਮੀਨ ਘਪਲੇ ਦੀ ਪਈ ਗੂੰਜ

ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਦੂਜੇ ਦਿਨ ਪ੍ਰਸ਼ਨ ਕਾਲ ਦੌਰਾਨ ਘਨੌਰ ਹਲਕੇ ’ਚ ਹੋਏ ਪੰਚਾਇਤੀ ਜ਼ਮੀਨ ਦੇ ਬਹੁਕਰੋੜੀ ਘਪਲੇ ਦੀ ਗੂੰਜ ਪਈ। ਵਿਧਾਇਕ ਗੁਰਲਾਲ ਸਿੰਘ ਨੇ ਸੁਆਲ ਉਠਾਇਆ ਕਿ ਹਲਕੇ ਦੇ ਕੁਝ ਪਿੰਡਾਂ ਵਿਚ 1104 ਏਕੜ ਜ਼ਮੀਨ ਐਕੁਆਇਰ ਹੋਈ ਸੀ, ਜਿਸ ਬਦਲੇ ਪੰਚਾਇਤਾਂ ਅਤੇ ਕਾਸ਼ਤਕਾਰਾਂ ਨੂੰ 375 ਕਰੋੜ ਦਾ ਮੁਆਵਜ਼ਾ ਮਿਲਿਆ ਸੀ। ਮੁਆਵਜ਼ੇ ਵਿਚ ਹੋਏ ਗ਼ਬਨ ਬਾਰੇ ਵਿਜੀਲੈਂਸ ਨੇ ਕੇਸ ਵੀ ਦਰਜ ਕੀਤਾ ਸੀ। ਵਿਧਾਇਕ ਨੇ ਪੁੱਛਿਆ ਕਿ ਘਪਲੇਬਾਜ਼ਾਂ ਤੋਂ ਕਿੰਨੀ ਰਿਕਵਰੀ ਕੀਤੀ ਗਈ ਹੈ। ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਸਦਨ ਵਿਚ ਅੱਜ ਘਪਲੇਬਾਜ਼ਾਂ ਤੋਂ ਕੀਤੀ ਵਸੂਲੀ ਬਾਰੇ ਕੋਈ ਜੁਆਬ ਨਾ ਦੇ ਸਕੇ। ਉਨ੍ਹਾਂ ਏਨਾ ਹੀ ਕਿਹਾ ਕਿ ਡਿਪਟੀ ਕਮਿਸ਼ਨਰ ਜ਼ਰੀਏ ਰਿਕਵਰੀ ਕੀਤੀ ਜਾ ਰਹੀ ਹੈ। ਸਪੀਕਰ ਨੇ ਇਸ ਮੌਕੇ ਦਖਲ ਦਿੰਦਿਆਂ ਪੰਚਾਇਤ ਮੰਤਰੀ ਨੂੰ ਜਲਦੀ ਸੂਚਨਾ ਭੇਜਣ ਲਈ ਕਿਹਾ। ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਵੱਲੋਂ ਉਠਾਏ ਸੁਆਲ ਦੇ ਜੁਆਬ ਵਿਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਬਕਾਏ ਵਜ਼ੀਫ਼ੇ ਕਲੀਅਰ ਕਰਨ ਲਈ ਵਿੱਤ ਵਿਭਾਗ ਤੋਂ 92 ਕਰੋੜ ਦੀ ਮੰਗ ਕੀਤੀ ਗਈ ਹੈ। ਮੰਤਰੀ ਨੇ ਦੱਸਿਆ ਕਿ ਸਾਲ 2022-23 ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਸਟੇਟ ਹਿੱਸੇਦਾਰੀ ਵਜੋਂ 240 ਕਰੋੜ ਰੁਪਏ, ਸਾਲ 2023-24 ਵਿਚ 611 ਕਰੋੜ ਅਤੇ ਸਾਲ 2024-25 ਵਿਚ 245 ਕਰੋੜ ਰੁਪਏ ਦੀ ਵੰਡ ਕੀਤੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ 2017-20 ਦਰਮਿਆਨ ਦੇ 366 ਕਰੋੜ ਦੇ ਬਕਾਏ ਵੀ ਹੁਣ ਤਾਰਨੇ ਪਏ ਹਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਜ਼ੀਫ਼ਾ ਲੇਟ ਹੋਣ ਦਾ ਅਸਰ ਗ਼ਰੀਬ ਬੱਚਿਆਂ ਦੀ ਪੜ੍ਹਾਈ ’ਤੇ ਪੈਂਦਾ ਹੈ। ਵਿਧਾਇਕ ਰਜਨੀਸ਼ ਦਹੀਆ ਦੇ ਸੁਆਲ ਦੇ ਜੁਆਬ ਵਿਚ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਵਿਚਲੇ ਚੱਕ ਬੀੜ ਜੰਗਲ ਵਿਚ 2.8 ਕਿਲੋਮੀਟਰ ਲੰਮੀ ਕੰਡਿਆਲੀ ਤਾਰ ਲਗਾਏ ਜਾਣ ਦੀ ਯੋਜਨਾ ਹੈ। ਉਨ੍ਹਾਂ ਦੱਸਿਆ ਕਿ ਇਸ ਜੰਗਲ ਨੂੰ ਸੈਰ-ਸਪਾਟੇ ਵਜੋਂ ਵਿਕਸਿਤ ਕਰਨ ਦੀ ਕੋਈ ਵਿਉਂਤ ਨਹੀਂ ਹੈ। ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੇ ਆਪਣੇ ਸੁਆਲ ਵਿਚ ਕਿਹਾ ਕਿ ਗ਼ਰੀਬ ਲੋਕਾਂ ਨੂੰ ਵੇਰਕਾ ਬੂਥ ਦਿੱਤੇ ਜਾਣ।

ਸਦਨ ਵਿੱਚੋਂ ਗਾਇਬ ਰਿਹਾ ਏਐੱਸਆਈ ਬੋਹੜ ਸਿੰਘ ਦਾ ਮੁੱਦਾ

ਚੰਡੀਗੜ੍ਹ (ਟਨਸ):

ਮੌਨਸੂਨ ਇਜਲਾਸ ਦੇ ਦੂਜੇ ਦਿਨ ਅੱਜ ਪੰਜਾਬ ਅਸੈਂਬਲੀ ਵਿਚੋਂ ਏਐੱਸਆਈ ਬੋਹੜ ਸਿੰਘ ਦੇ ਮਾਮਲੇ ਦਾ ਪਰਛਾਵਾਂ ਗਾਇਬ ਰਿਹਾ। ਸੈਸ਼ਨ ਦੇ ਪਹਿਲੇ ਦਿਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਇਸ ਮਾਮਲੇ ਦੀ ਤੰਦ ਛੇੜੇ ਜਾਣ ਨਾਲ ਵਿਰੋਧੀ ਧਿਰ ਦੇ ਹੱਥ ਇੱਕ ਨਵਾਂ ਮੌਕਾ ਲੱਗ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਅੱਜ ਜਦੋਂ ਸਦਨ ਵਿਚ ਆਏ ਤਾਂ ਉਦੋਂ ਡਿਪਟੀ ਸਪੀਕਰ ਚੇਅਰ ’ਤੇ ਸਨ, ਜਦੋਂ ਦੂਸਰੀ ਵਾਰ ਸਦਨ ਜੁੜਿਆ ਤਾਂ ਉਦੋਂ ਵੀ ਬੋਹੜ ਸਿੰਘ ਦਾ ਕੋਈ ਜ਼ਿਕਰ ਨਹੀਂ ਹੋਇਆ। ਸਪੀਕਰ ਦਾ ਅੱਜ ਵਿਰੋਧੀ ਧਿਰ ਪ੍ਰਤੀ ਪਹਿਲੇ ਦਿਨ ਵਾਲਾ ਨਰਮ ਗੋਸ਼ਾ ਦੇਖਣ ਨੂੰ ਨਹੀਂ ਮਿਲਿਆ। ਸਪੀਕਰ ਨੇ ਸੋਮਵਾਰ ਨੂੰ ਸਦਨ ਦੀ ਸਹਿਮਤੀ ਨਾਲ ਡੀਜੀਪੀ ਤੋਂ ਏਐੱਸਆਈ ਬੋਹੜ ਸਿੰਘ ਦੇ ਮਾਮਲੇ ’ਤੇ ਰਿਪੋਰਟ ਮੰਗੀ ਸੀ। ਸਦਨ ਅੰਦਰ ਸੱਤਾਧਾਰੀ ਤੇ ਵਿਰੋਧੀ ਧਿਰ ’ਚੋਂ ਕਿਸੇ ਦੀ ਵੀ ਜ਼ੁਬਾਨ ’ਤੇ ਅੱਜ ਬੋਹੜ ਸਿੰਘ ਦਾ ਨਾਮ ਨਹੀਂ ਸੀ।

ਗਨੀਵ ਨੇ ਡਾਕਟਰਾਂ ਦੀ ਕਮੀ ਦਾ ਮੁੱਦਾ ਚੁੱਕਿਆ

ਅਕਾਲੀ ਵਿਧਾਇਕਾ ਗਨੀਵ ਕੌਰ ਮਜੀਠੀਆ ਦੇ ਸੁਆਲ ਦੇ ਜੁਆਬ ਵਿਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਔਰਤਾਂ ਦੀਆਂ ਮਾਹਿਰਾਂ ਡਾਕਟਰਾਂ ਦੀ ਭਾਰੀ ਕਮੀ ਹੈ। ਉਹ ਲਗਾਤਾਰ ਭਰਤੀ ਵਾਸਤੇ ਲੱਗੇ ਹੋਏ ਹਨ। ਆਖ਼ਰੀ ਵੇਲੇ ਉਨ੍ਹਾਂ 101 ਮਾਹਿਰ ਡਾਕਟਰ ਭਰਤੀ ਕੀਤੇ ਸਨ ਪ੍ਰੰਤੂ ਸਿਰਫ਼ 25 ਡਾਕਟਰਾਂ ਨੇ ਹੀ ਜੁਆਇਨ ਕੀਤਾ। ਉਨ੍ਹਾਂ ਕਿਹਾ ਕਿ ਸੇਵਾਮੁਕਤ ਮਾਹਿਰ ਡਾਕਟਰਾਂ ਨੂੰ ਮੁੜ ਭਰਤੀ ਕਰਨ ਦੀ ਯੋਜਨਾ ਬਣਾਈ ਗਈ ਹੈ।

ਹੱਡਾ ਰੋੜੀਆਂ ਲਈ ਥਾਂ ਦੀ ਘਾਟ

ਹਲਕਾ ਰਾਮਪੁਰਾ ਤੋਂ ਵਿਧਾਇਕ ਬਲਕਾਰ ਸਿੱਧੂ ਵੱਲੋਂ ਪੁੱਛੇ ਸੁਆਲ ਦੇ ਜੁਆਬ ਵਿਚ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਜਿੱਥੇ ਕਿਤੇ ਵੀ ਪੰਚਾਇਤੀ ਜ਼ਮੀਨ ਉਪਲਬਧ ਹੈ, ਉੱਥੇ ਉਹ ਹੱਡਾ ਰੋੜੀਆਂ ਬਣਾ ਸਕਦੇ ਹਨ। ਵਿਧਾਇਕ ਨੇ ਪਿੰਡ ਮਹਿਰਾਜ ਵਿਚ ਕੋਈ ਹੱਡਾ ਰੋੜੀ ਨਾ ਹੋਣ ਬਾਰੇ ਸੁਆਲ ਕੀਤਾ ਸੀ। ਵਿਧਾਇਕ ਰਜਨੀਸ਼ ਦਹੀਆ ਨੇ ਵੀ ਹੱਡਾ ਰੋੜੀਆਂ ਦੇ ਮੁੱਦੇ ’ਤੇ ਆਪਣੀ ਗੱਲ ਰੱਖੀ।

ਚੌਲ ਸਨਅਤ ਨੂੰ ਤਬਾਹੀ ਤੋਂ ਬਚਾਓ: ਤ੍ਰਿਪਤ ਬਾਜਵਾ

ਕਾਂਗਰਸੀ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਚੌਲ ਮਿੱਲ ਮਾਲਕਾਂ ਦੀ ਪ੍ਰੇਸ਼ਾਨੀ ਦਾ ਮਾਮਲਾ ਚੁੱਕਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਚੌਲ ਸਨਅਤ ਫ਼ੇਲ੍ਹ ਹੋਣ ਕਿਨਾਰੇ ਹੈ ਕਿਉਂਕਿ ਐਤਕੀਂ ਕੇਂਦਰ ਵੱਲੋਂ ਰੇਲਵੇ ਰੈਕ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਝੋਨੇ ਦੀ ਨਵੀਂ ਫ਼ਸਲ ਰੱਖਣ ਲਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਚੌਲ ਸਨਅਤ ਨੂੰ ਤਬਾਹ ਹੋਣ ਤੋਂ ਬਚਾਇਆ ਜਾਵੇ।

Advertisement
Author Image

joginder kumar

View all posts

Advertisement