For the best experience, open
https://m.punjabitribuneonline.com
on your mobile browser.
Advertisement

ਇਤਿਹਾਸ ਦੇ ਵਰਕੇ ਫਰੋਲਦਿਆਂ

03:36 PM Jun 04, 2023 IST
ਇਤਿਹਾਸ ਦੇ ਵਰਕੇ ਫਰੋਲਦਿਆਂ
Advertisement

ਸੁਰਜੀਤ ਪਾਤਰ

Advertisement

ਗੁਰੂ-ਘਰ ਬਾਬੇ ਨਾਨਕ ਦਾ ਦਰ ਹੈ। ਗੁਰੂ ਨਾਨਕ ਜੀ ਦੇ ਬੋਲਾਂ ਵਿਚੋਂ ਉਦੈ ਹੋਏ ਚਾਨਣ ਦਾ ਨਾਮ ਹੀ ਸਿੱਖ ਧਰਮ ਹੈ। ਨਾਨਕਤਾ ਹੀ ਇਸ ਦੀ ਆਤਮਾ ਹੈ।

ਨਾਨਕ ਸ਼ਾਹ ਫ਼ਕੀਰ

ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ।

ਜਨਮਸਾਖੀ ਵੀ ਸਾਕਸ਼ੀ ਹੈ ਕਿ ਵੇਈਂ ਨਦੀ ਵਿਚੋਂ ਨਾਨਕ-ਉਦੈ ਵੇਲੇ ਵੀ ਨਾਨਕ ਜੀ ਦੇ ਮੁਖ ‘ਤੇ ਏਹੀ ਵਾਕ ਸੀ: ਨਾ ਹਿੰਦੂ ਨਾ ਮੁਸਲਮਾਨ।

ਭਾਈ ਗੁਰਦਾਸ ਜੀ ਲਿਖਦੇ ਹਨ:

ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ

ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ

ਗੁਰੂ ਨਾਨਕ ਵਿੱਛੜਿਆਂ ਨੂੰ ਮੇਲਣਹਾਰ ਹੈ। ਪਰਭਾਤ-ਫੇਰੀਆਂ ਵਿਚ ਲੋਕ-ਮਨ ਵੀ ਬਾਬੇ ਨੂੰ ਇਉਂ ਹੀ ਯਾਦ ਕਰਦਾ ਹੈ:

ਧੰਨ ਧੰਨ ਬਾਬਾ ਨਾਨਕ

ਜਿਹੜਾ ਵਿੱਛੜਿਆਂ ਨੂੰ ਮੇਲਦਾ।

ਸਾਡੇ ਸਮਿਆਂ ਦੇ ਵੱਡੇ ਇਤਿਹਾਸਕਾਰ ਆਰਨਲਡ ਟੋਇਨਬੀ ਨੇ ਵੀ ਨਾਨਕ ਦੇ ਨਿਰਮਲ ਪੰਥ ਦੀ ਏਹੀ ਤਾਸੀਰ ਪਛਾਣੀ ਹੈ। ਉਹ ਲਿਖਦਾ ਹੈ:

ਭਵਿੱਖ ਦੇ ਧਾਰਮਿਕ ਸੰਵਾਦ ਵਿਚ ਸਿੱਖ ਧਰਮ ਅਤੇ ਇਸ ਦੀ ਪਾਵਨ ਇਬਾਰਤ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਸਾਰੇ ਜਹਾਨ ਨੂੰ ਦੇਣ ਲਈ ਵੱਡੇ ਮਹੱਤਵ ਵਾਲਾ ਸੰਦੇਸ਼ ਹੈ। ਆਪਸੀ ਕੁੜੱਤਣ ਵਾਲੇ ਪਰੰਪਰਕ ਧਰਮਾਂ ਵਿਚਕਾਰ ਇਹ ਧਰਮ ਸਿਰਜਣਾਤਮਕ ਰੂਹਾਨੀ ਸੰਵਾਦ ਦਾ ਸਮਾਰਕ ਹੈ। ਇਸ ਦੀ ਹੋਂਦ ਸ਼ੁਭ ਹੈ।

ਇਸਲਾਮੀ ਅਕੀਦੇ ਵਾਲੇ ਵੱਡੇ ਓਜੱਸਵੀ ਸ਼ਾਇਰ ਅੱਲਾਮਾ ਇਕਬਾਲ ਨੇ ਨਾਨਕ ਦੀ ਸਦਾ ਨੂੰ ਸਦੀਆਂ ਦੀ ਨੀਂਦ ਵਿਚੋਂ ਹਿੰਦ ਨੂੰ ਜਗਾਉਣ ਵਾਲੀ ਪਰਭਾਤੀ ਸੱਦ ਵਾਂਗ ਮਹਿਸੂਸ ਕੀਤਾ:

ਫਿਰ ਉਠੀ ਆਖ਼ਿਰ ਸਦਾ ਤੌਹੀਦ ਕੀ ਪੰਜਾਬ ਸੇ

ਹਿੰਦ ਕੋ ਇਕ ਮਰਦ ਏ ਕਾਮਿਲ ਨੇ ਜਗਾਇਆ ਖ਼ਾਬ ਸੇ

(ਆਖ਼ਰ ਪੰਜਾਬ ਵਿਚੋਂ ਅਦਵੈਤ ਦੀ ਆਵਾਜ਼ ਉੱਠੀ। ਇਕ ਪੂਰਨ ਪੁਰਖ ਨੇ ਹਿੰਦ ਨੂੰ ਨੀਂਦ ਵਿਚੋਂ ਜਗਾਇਆ।)

ਅਦਵੈਤ ਕੀ ਹੈ? ਗੁਰੂ ਅਰਜਨ ਦੇਵ ਜੀ ਸਮਝਾਉਂਦੇ: ਇਹ ਧਰਤੀਆਂ, ਇਹ ਸਾਗਰ, ਇਹ ਸ੍ਰਿਸ਼ਟੀ, ਇਹ ਸਾਰੀ ਸਿਰਜਣਾ ਵਿਚ ਸਿਰਜਣਹਾਰ ਆਪ ਹੀ ਰਮਿਆ ਹੋਇਆ ਹੈ। ਇਹ ਇਕ ਓਅੰਕਾਰ ਹੈ ਜੋ ਅਨੇਕ ਹੋ ਕੇ ਪਸਰਿਆ ਹੋਇਆ ਹੈ:

ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ॥

ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ॥

ਪੀਰ ਭੀਖਣ ਸ਼ਾਹ ਦੋ ਹੱਥਾਂ ਵਿਚ ਦੋ ਪਿਆਲੇ ਲੈ ਕੇ ਬਾਲ ਗੋਬਿੰਦ ਕੋਲ ਜਾਂਦਾ ਹੈ। ਮਨ ਵਿਚ ਇਹ ਧਾਰਦਾ ਹੈ ਕਿ ਜੇ ਇਲਾਹੀ ਬਾਲ ਨੇ ਸੱਜੇ ਪਿਆਲੇ ‘ਤੇ ਹੱਥ ਧਰਿਆ ਤਾਂ ਉਹ ਹਿੰਦੂਆਂ ਨੂੰ ਵੱਧ ਪਿਆਰ ਕਰੇਗਾ, ਜੇ ਖੱਬੇ ‘ਤੇ ਹੱਥ ਧਰਿਆ ਤਾਂ ਮੁਸਲਮਾਨਾਂ ਨੂੰ।

ਪੀਰ ਭੀਖਣ ਸ਼ਾਹ ਦੇ ਦੋ ਪਿਆਲੇ ਅਕੀਦਤ ਦੇ ਭਰੇ

ਨੰਨੇ ਨੂਰੀ ਹੱਥ ਜਦੋਂ ਤੂੰ ਹੱਸ ਕੇ ਦੋਹਾਂ ਤੇ ਧਰੇ

ਦੂਰ ਤੱਕ ਇਨਸਾਨੀਅਤ ਦੇ ਸੁੱਕੇ ਰੁੱਖ ਹੋਏ ਹਰੇ

ਜੁਗਾਂ ਤੱਕ ਸੰਦੇਸ਼ ਪਹੁੰਚੇ, ਸਦੀਆਂ ਤੱਕ ਦੀਵੇ ਜਗੇ

ਨੋਬੇਲ ਪੁਰਸਕਾਰ ਜੇਤੁੂ ਅਮਰੀਕਨ ਸਾਹਿਤਕਾਰ ਪਰਲ ਐੱਸ. ਬੱਕ ਅਨੁਵਾਦ ਵਿਚ ਹੀ ਗੁਰਬਾਣੀ ਦੇ ਵਾਕ ਪੜ੍ਹ ਕੇ ਵਿਭੋਰ ਹੋ ਗਈ ਸੀ। ਉਸ ਨੇ ਲਿਖਿਆ:

ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਸ੍ਰੋਤ ਗ੍ਰੰਥ ਹੈ। ਮਾਨਵ ਦੇ ਬਿਰਹੇ ਦਾ, ਇਕੱਲਤਾ ਦਾ, ਉਹਦੀਆਂ ਤਾਂਘਾਂ ਦਾ, ਉਸ ਦੀ ਲੋਚਾ ਦਾ, ਰੱਬ ਲਈ ਉਸ ਦੀ ਪੁਕਾਰ ਦਾ, ਰੱਬ ਨਾਲ ਗੱਲਾਂ ਕਰਨ ਦੀ ਉਸ ਦੀ ਤੜਪ ਦਾ ਪ੍ਰਗਟਾਉ ਹੈ। ਮੈਂ ਹੋਰ ਵੀ ਬਹੁਤ ਧਰਮਾਂ ਦੇ ਗ੍ਰੰੰਥ ਪੜ੍ਹੇ। ਹੋਰ ਕਿਤੇ ਹਿਰਦੇ ਅਤੇ ਮਨ ਨੂੰ ਇਸ ਤਰ੍ਹਾਂ ਟੁੰਬਣ ਵਾਲੀ ਸ਼ਕਤੀ ਮਹਿਸੂਸ ਨਹੀਂ ਕੀਤੀ।

ਇਨ੍ਹਾਂ ਮਹਾਨ ਵਿਅਕਤੀਆਂ ਦੇ ਬੋਲ ਸਾਨੂੰ ਸਾਡੇ ਗੁਰੂ ਸਾਹਿਬਾਨ ਪ੍ਰਤੀ ਮਾਣ, ਪਿਆਰ ਅਤੇ ਸ਼ਰਧਾ ਨਾਲ ਭਰ ਦਿੰਦੇ ਹਨ। ਨਾਲ ਹੀ ਇਹ ਸੋਚ ਕੇ ਦੁੱਖ ਵੀ ਹੁੰਦਾ ਹੈ ਕਿ ਸਿੱਖ ਧਰਮ ਦੇ ਕਈ ਜੋਸ਼ੀਲੇ ਪ੍ਰਚਾਰਕ ਨਾਨਕ ਦੇ ਨਿਰਮਲ ਪੰਥ ਦੇ ਮੂਲ ਅੰਮ੍ਰਿਤਮਈ ਸਰਚਸ਼ਮੇ ਤੋਂ ਬਹੁਤ ਦੂਰ ਚਲੇ ਜਾਂਦੇ ਹਨ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗਾਥਾ ਸੁਣਾਉਣ ਵੇਲੇ ਉਹ ਮੁਖ਼ਬਰੀ ਕਰਨ ਵਾਲੇ ਗੰਗੂ ਦੇ ਨਾਮ ਨਾਲ ਬਾਹਮਣ ਲਾਉਣਾ ਕਦੀ ਨਹੀਂ ਭੁੱਲਦੇ ਪਰ ਇਹ ਹਮੇਸ਼ਾ ਭੁੱਲ ਜਾਂਦੇ ਹਨ ਕਿ ਭਾਈ ਸਤੀ ਦਾਸ ਤੇ ਭਾਈ ਮਤੀ ਦਾਸ ਜਿਹੜੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨਾਲ ਉਨ੍ਹਾਂ ਦੇ ਨੈਣਾਂ ਸਾਹਮਣੇ ਸ਼ਹੀਦ ਹੋਏ, ਉਹ ਵੀ ਬ੍ਰਾਹਮਣ ਹੀ ਸਨ। ਉਨ੍ਹਾਂ ਦੇ ਨਾਵਾਂ ਨਾਲ ਉਹ ਬ੍ਰਾਹਮਣ ਨਹੀਂ ਜੋੜਦੇ।

ਗੱਜਣਵਾਲਾ ਸੁਖਮਿੰਦਰ ਦੀ ਪੁਸਤਕ ‘ਗੁਰੂ-ਘਰ ਦੇ ਬ੍ਰਾਹਮਣ ਸਿੱਖ ਸ਼ਹੀਦ’ ਵਿਚ ਗੁਰੂ ਦਰ ਦੇ ਸਿੱਖ ਬ੍ਰਾਹਮਣ ਸ਼ਹੀਦਾਂ ਦੀ ਲੰਮੀ ਫ਼ਹਿਰਿਸਤ ਦੇਖ ਕੇ ਤੇ ਉਨ੍ਹਾਂ ਦੇ ਸਿੱਖੀ ਸਿਦਕ ਦੀਆਂ ਗੌਰਵ ਗਾਥਾਵਾਂ ਪੜ੍ਹ ਕੇ ਮੈਂ ਅਚੰਭਿਤ ਹੋ ਗਿਆ ਕਿ ਇਸ ਨੂੰ ਪੜ੍ਹਨ ਤੋਂ ਪਹਿਲਾਂ ਮੈਂ ਵੀ ਕਿੰਨੇ ਹਨ੍ਹੇਰੇ ਵਿਚ ਸਾਂ ਤੇ ਸਿੱਖ ਬ੍ਰਾਹਮਣ ਸ਼ਹੀਦਾਂ ਦੇ ਸਿਰਫ਼ ਚਾਰ ਨਾਮ ਹੀ ਜਾਣਦਾ ਸਾਂ। ਇਹ ਪੁਸਤਕ ਮੇਰੇ ਵਾਂਗੂੰ ਹੋਰ ਅਨੇਕ ਪਾਠਕਾਂ ਨੂੰ ਇਹ ਚਾਨਣ ਦੇਵੇਗੀ।

ਇਸ ਪੁਸਤਕ ਨੂੰ ਪੜ੍ਹ ਕੇ ਸਿੱਖ ਬ੍ਰਾਹਮਣ ਸ਼ਹੀਦਾਂ ਦੀਆਂ ਸ਼ਹਾਦਤਾਂ ਅਤੇ ਸਿੱਖ ਧਰਮ ਦੀ ਸਾਂਝੀਵਾਲਤਾ ਵਾਲੀ ਪਰੰਪਰਾ ਅੱਗੇ ਤਾਂ ਸਿਰ ਝੁਕਦਾ ਹੀ ਹੈ, ਨਾਲ ਹੀ ਸੁਖਮਿੰਦਰ ਗੱਜਣਵਾਲਾ ਦੀ ਇਸ ਪੁਸਤਕ ਦੇ ਵੱਡੇ ਮਹੱਤਵ ਦਾ ਵੀ ਬੜੀ ਸ਼ਿੱਦਤ ਨਾਲ ਅਹਿਸਾਸ ਹੁੰਦਾ ਹੈ। ਇਸ ਪੁਸਤਕ ਵਿਚ ਲੇਖਕ ਨੇ ਭੱਟ ਕੀਰਤ, ਭਾਈ ਸਿੰਘਾ ਪੁਰੋਹਿਤ, ਭਾਈ ਪੈੜਾ, ਭਾਈ ਮਥਰਾ, ਭਾਈ ਪਿਰਾਗਾ, ਭਾਈ ਜੱਟੂ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਸਾਹਿਬ ਚੰਦ, ਭਾਈ ਰਾਮ ਸਿੰਘ ਕਸ਼ਮੀਰੀ, ਭਾਈ ਕਿਰਪਾ ਸਿੰਘ, ਭਾਈ ਸਨਮੁਖ, ਭਾਈ ਅੜੂ ਰਾਮ, ਭਾਈ ਮੁਕੰਦ ਸਿੰਘ (ਸਪੁੱਤਰ ਭਾਈ ਮਤੀ ਦਾਸ), ਭਾਈ ਮੁਕੰਦ (ਸਪੁੱਤਰ ਭਾਈ ਸਤੀ ਦਾਸ), ਭਾਈ ਲਾਲ ਚੰਦ, ਭਾਈ ਚੰਦਨ ਰਾਓ, ਭਾਈ ਸੁੰਦਰ ਸਿੰਘ, ਭਾਈ ਬੂੜ ਸਿੰਘ, ਭਾਈ ਕੇਸ਼ਵ, ਭਾਈ ਜਾਦੋ, ਭੱਟ ਭਾਈ ਕੇਸੋ, ਭੱਟ ਭਾਈ ਹਰੀ, ਭੱਟ ਭਾਈ ਦੇਸਾ, ਭੱਟ ਭਾਈ ਨਰਬਦ, ਭੱਟ ਭਾਈ ਤਾਰਾ, ਭੱਟ ਭਾਈ ਸੇਵਾ, ਭੱਟ ਭਾਈ ਦੇਵਾ, ਭਾਈ ਰਾਇ ਸਿੰਘ, ਭਾਈ ਭੀਮ ਸਿੰਘ, ਭਾਈ ਵਸਾਵਾ ਸਿੰਘ, ਭਾਈ ਚੌਪਤ ਰਾਇ ਜੀ ਅਤੇ ਭਾਈ ਕੋਇਰ ਸਿੰਘ ਤੇਤੀ ਸਿੱਖ ਬ੍ਰਾਹਮਣ ਸ਼ਹੀਦਾਂ ਦੀ ਜੀਵਨ-ਗਾਥਾ ਲਿਖੀ ਹੈ।

ਗੱਜਣਵਾਲਾ ਸੁਖਮਿੰਦਰ ਸਿੰਘ ਨੇ ਬੜੇ ਵਿਸਥਾਰ ਨਾਲ ਗੁਰੂ-ਘਰ ਨਾਲ ਜੁੜੇ ਚਾਰ ਬ੍ਰਾਹਮਣ ਘਰਾਣਿਆਂ, ਭੱਟ, ਛਿੱਬਰ, ਦੱਤ ਅਤੇ ਭਾਈ ਸਿੰਘਾ ਦਾ ਜ਼ਿਕਰ ਕੀਤਾ ਹੈ ਅਤੇ ਹਰ ਸ਼ਹੀਦ ਦਾ ਪੂਰਾ ਪਿਛੋਕੜ ਬਿਆਨ ਸਹਿਤ ਬਿਆਨ ਕੀਤਾ ਹੈ।

ਭੱਟ ਬ੍ਰਾਹਮਣਾਂ ਦੀਆਂ ਲਿਖੀਆਂ ਭੱਟ ਵਹੀਆਂ ਦੇ ਵੱਡੇ ਮਹੱਤਵ ਦਾ ਬਿਆਨ ਕਰਦਿਆਂ ਲੇਖਕ ਲਿਖਦਾ ਹੈ: ਭੱਟ ਵਹੀਆਂ ਭੱਟਾਂ ਦੀ ਨਿੱਜੀ ਜਾਣਕਾਰੀ ਉੱਤੇ ਆਧਾਰਿਤ ਠੋਸ ਲਿਖਤਾਂ ਹਨ। ਇਨ੍ਹਾਂ ਵਿਚੋਂ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰ ਸੰਬੰਧੀ, ਪ੍ਰਸਿੱਧ ਸਿੱਖਾਂ ਅਤੇ ਉਨ੍ਹਾਂ ਦੇ ਘਰਾਣਿਆਂ ਸੰਬੰਧੀ ਬਹੁਤ ਲਾਹੇਵੰਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਕਈ ਇਤਿਹਾਸਕ ਸਾਕਿਆਂ ਦਾ ਨਾਵਾਂ, ਥਾਵਾਂ ਅਤੇ ਤਿੱਥੀਆਂ ਸਹਿਤ ਅੱਖੀਂ ਡਿੱਠਾ ਹਾਲ ਇਨ੍ਹਾਂ ਵਿਚ ਦਰਜ ਕੀਤਾ ਹੈ। ਉਸਤਤ ਕਰਦਿਆਂ ਕੁਝ ਅਤਿਕਥਨੀ ਸ਼ਬਦਾਂ ਦੀ ਵਰਤੋਂ ਜ਼ਰੂਰ ਕਰਦੇ ਹੋਣਗੇ, ਪਰ ਉਹ ਨਾਵਾਂ ਥਾਵਾਂ ਦਾ ਵੇਰਵਾ ਗ਼ਲਤ ਨਹੀਂ ਸੀ ਦਿੰਦੇ।

ਇਸ ਪੁਸਤਕ ਦੇ ਸ਼ੁਰੂ ਵਿਚ ਮੰਗਲ ਕਾਮਨਾ ਕਰਦਿਆਂ ਹਰਪਾਲ ਸਿੰਘ ਪੰਨੂ ਲਿਖਦੇ ਹਨ: ”ਬਾਣੀਕਾਰ ਬ੍ਰਾਹਮਣ ਭਗਤਾਂ ਅੱਗੇ ਤਾਂ ਅਸੀਂ ਨਿੱਤ ਹੀ ਨਮਸਕਾਰ ਕਰਦੇ ਹਾਂ। ਇਤਿਹਾਸ ਵਿਚ ਸੈਂਕੜੇ ਗੁਰਸਿੱਖ ਬ੍ਰਾਹਮਣ ਅਜਿਹੇ ਹੋਏ ਹਨ ਜਿਹੜੇ ਵੀ ਸ਼ਹੀਦ ਵੀ ਹੋਏ ਅਤੇ ਸਾਹਿਤ ਰਚਨਾ ਦੀ ਵਡਮੁੱਲੀ ਸੇਵਾ ਵੀ ਕੀਤੀ। ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਗੋਬਿੰਦ ਰਾਏ ਦੀ ਵਿੱਦਿਆ ਦੀ ਜ਼ਿੰਮੇਵਾਰੀ ਕਸ਼ਮੀਰੀ ਪੰਡਿਤ ਭਾਈ ਕਿਰਪਾ ਰਾਪ ਨੂੰ ਸੌਂਪੀ ਜੋ 1699 ਈਸਵੀ ਵਿਚ ਅੰਮ੍ਰਿਤ ਛਕ ਕੇ ਭਾਈ ਕਿਰਪਾ ਸਿੰਘ ਅਖਵਾਏ ਤੇ ਚਮਕੌਰ ਦੇ ਯੁੱਧ ਵਿਚ ਸ਼ਹੀਦ ਹੋਏ।”

ਮਨਾਂ ਤੋਂ ਦੁਜੈਗੀਆਂ ਦੇ ਦਾਗ ਧੋਣ ਵਾਲੀਆਂ ਇਹੋ ਜਿਹੀਆਂ ਪੁਸਤਕਾਂ ਦੀ ਸਾਨੂੰ ਬੜੀ ਲੋੜ ਹੈ। ਇਹੋ ਜਿਹੀਆਂ ਪੁਸਤਕਾਂ ਹੀ ਨਫ਼ਰਤ ਅਤੇ ਫ਼ਿਰਕਾਪ੍ਰਸਤੀ ਦੀ ਜ਼ਹਿਰੀਲੀ ਰਾਜਨੀਤੀ ਦੀ ਚੜ੍ਹਤ ਦੇ ਦੌਰ ਵਿਚ ਭਲਿਆਂ ਦੀ ਸ਼ਕਤੀ ਬਣ ਸਕਦੀਆਂ ਹਨ। ਇਸ ਜ਼ਹਿਰ ਪਹਿਰ ਵਿਚ ਸ਼ਬਦ ਅੰਮ੍ਰਿਤ ਹੀ ਸਾਡਾ ਮਸੀਹਾ ਬਣ ਸਕਦਾ ਹੈ।

ਇਹ ਪੁਸਤਕ ਸਾਨੂੰ ਇਤਿਹਾਸਕ ਗਿਆਨ ਵੀ ਦੇਂਦੀ ਹੈ, ਸਿੱਖੀ ਦੀ ਰੂਹ ਨਾਲ ਜੋੜਨ ਵਾਲਾ ਰੂਹਾਨੀ ਚਾਨਣ ਵੀ। ਇਸ ਪੁਸਤਕ ਵਿਚਲਾ ਗਿਆਨ ਉਸ ਅੰਜਨ ਜਿਹਾ ਹੈ ਜਿਸ ਦਾ ਜ਼ਿਕਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਰਦੇ ਹਨ:

ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ॥

ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ॥

ਧਰਮਾਂ, ਜਾਤਾਂ, ਨਸਲਾਂ, ਦੇਸਾਂ, ਕੌਮਾਂ ਵਿਚ ਵੰਡੀ, ਵਾਰ ਵਾਰ ਭਟਕਦੀ, ਵਾਰ ਵਾਰ ਲਹੂ ਲੁਹਾਣ ਹੁੰਦੀ ਮਾਨਵਤਾ ਨੂੰ ਇਸ ਪਰਗਾਸ ਦੀ ਵਾਰ ਵਾਰ ਲੋੜ ਪੈਂਦੀ ਹੈ। ਖੋਟੀ ਰਾਜਨੀਤੀ ਦੇ ਅਲੰਬਰਦਾਰ ਦੇ ਆਪਣੇ ਨਿੱਜੀ ਹਿਤਾਂ ਲਈ ਦਿਨ ਰਾਤ ਅੰਧੀ ਰਯਿਤ ਨੂੰ ਛਲਣ ਲਈ ਕੂੜ ਦਾ ਪਾਸਾਰ ਕਰਦੇ ਰਹਿੰਦੇ ਹਨ। ਨੇਕ ਰੂਹਾਂ, ਦਾਨਿਸ਼ਵਰਾਂ, ਸਾਹਿਤਕਾਰਾਂ, ਪੱਤਰਕਾਰਾਂ ਤੇ ਖਰੀ ਰਾਜਨੀਤੀ ਕਰਨ ਵਾਲਿਆਂ ਦਾ ਇਹ ਕਰਤੱਵ ਹੈ ਕਿ ਕੂੜ ਦੀ ਪਾਲ ਨੂੰ ਆਪਣੇ ਲਫ਼ਜ਼ਾਂ ਦੀ ਲੋਅ ਨਾਲ ਖੀਣ ਕਰਦੇ ਰਹਿਣ ਤਾਂ ਜੋ ਅਸੀਂ ਸਾਰੇ ਮਾਨਵ ਮਨਾਂ ਦੇ ਜੋਤ ਸਰੂਪ ਆਪੇ ਦੀ ਪਹਿਚਾਣ ਕਰ ਸਕੀਏ ਤਾਂ ਜੋ ਮਾਨਵਤਾ ਹਲੇਮੀ ਰਾਜ ਸਿਰਜਣ ਦੇ ਮਾਰਗ ‘ਤੇ ਚੱਲਦੀ ਰਹੇ।

ਗੱਜਣਵਾਲਾ ਸੁਖਮਿੰਦਰ ਸਾਡਾ ਕੋਮਲ ਤੇ ਵਿਸ਼ਾਲ ਹਿਰਦੇ ਵਾਲਾ ਵਿਵੇਕਸ਼ੀਲ ਪ੍ਰਤਿਭਾਵਾਨ ਲੇਖਕ ਤੇ ਕਾਲਮ ਨਵੀਸ ਹੈ। ਇਸ ਤੋਂ ਪਹਿਲਾਂ 2019 ਗੁਰੂ-ਦਰ ਦੇ ਮੁਸਲਮਾਨ ਮੁਰੀਦਾਂ ਬਾਬਤ ਲਿਖੀ ਕਿਤਾਬ ਗੁਰੂ ਸਾਹਿਬਾਨ ਦੇ ਮੁਸਲਮਾਨ ਮੁਰੀਦ ਭਾਸ਼ਾ ਵਿਭਾਗ ਦੁਆਰਾ ਪ੍ਰਕਾਸ਼ਿਤ ਕੀਤੀ ਗਈ। ਉਸ ਦੀ ਇਸ ਨਵੀਂ ਰਚਨਾਤਮਕ ਪ੍ਰਾਪਤੀ ‘ਤੇ ਉਸ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ।

ਸਾਡੀ ਸੋਚ ਦੇ ਦਿਸਹੱਦਿਆਂ ਨੂੰ ਵਿਸ਼ਾਲ ਕਰਨ ਵਾਲੀ, ਹਿਰਦਿਆਂ ਨੂੰ ਪਿਘਲਾਉੁਣ ਵਾਲੀ, ਨਜ਼ਰਾਂ ਨੂੰ ਨਿਰਮਲ ਕਰਨ ਵਾਲੀ ਅਤੇ ਤਪਦਿਆਂ ਮਨਾਂ ਤੇ ਰਿਮਝਿਮ ਵਰਸਣ ਵਾਲੀ ਹੈ ਗੱਜਣਵਾਲੇ ਸੁਖਮਿੰਦਰ ਸਿੰਘ ਦੀ ਇਹ ਪੁਸਤਕ। ਯੂਨੀਸਟਾਰ ਬੁੱਕਸ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦਾ ਟਾਈਟਲ ਸਾਡੇ ਅਜ਼ੀਮ ਚਿੱਤਰਕਾਰ ਸਿੱਧਾਰਥ ਦਾ ਸਿਰਜਿਆ ਹੋਇਆ ਹੈ। ਇਸ ਚਿੱਤਰ ਵਿਚ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰੇ ਜਾਣ ਦਾ ਪ੍ਰਤੀਕਾਤਮਕ ਚਿਤਰਣ ਹੈ। ਮੱਥੇ ਉਪਰਲਾ ਰੱਤਾ ਨਿਸ਼ਾਨ ਇੱਕੋ ਵੇਲੇ ਰੱਤ ਦੀ ਫ਼ੁਹਾਰ, ਤਿਲਕ ਅਤੇ ਕਲਗੀ ਦਾ ਪ੍ਰਭਾਵ ਦਿੰਦਾ ਹੈ। ਲੱਗਦਾ ਹੈ ਪੁਰਖਿਆਂ ਦਾ ਤਿਲਕ ਆਰੇ ਦੇ ਚੀਰ ਵਿਚ ਵਟ ਗਿਆ ਤੇ ਉਸ ਚੀਰ ‘ਚੋਂ ਨਿਕਲਦੀ ਰੱਤ ਦੀ ਫੁਹਾਰ ਸ਼ਹਾਦਤ ਦੀ ਸ਼ਾਨ ਜਿਹੀ ਕਲਗੀ ਬਣ ਗਈ।

ਇਹੋ ਜਿਹੀਆਂ ਪੁਸਤਕਾਂ ਨਫ਼ਰਤਾਂ ਦੀ ਰਾਜਨੀਤੀ ਦੇ ਯੁਗ ਵਿਚ ਜਗਤ ਜਲੰਦੇ ਨੂੰ ਠਾਰਨ ਵਿਚ ਸਹਾਈ ਹੁੰਦੀਆਂ ਹਨ ਤੇ ਸਾਨੂੰ ਸੱਚ ਅਤੇ ਪ੍ਰੇਮ ਲਈ ਜਿੰਦ ਵਾਰਨ ਲਈ ਵੀ ਪ੍ਰੇਰਣਾ ਦੇਂਦੀਆਂ ਹਨ।

ਸੰਪਰਕ: 98145-04272

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×