ਮੌਸਮ ਵਿੱਚ ਸਿੱਲ੍ਹ ਤੇ ਧੂੰਏਂ ਨੇ ਉਲਝਾਈ ਕਿਸਾਨਾਂ ਦੀ ਤਾਣੀ
ਜੋਗਿੰਦਰ ਸਿੰਘ ਮਾਨ
ਮਾਨਸਾ, 10 ਨਵੰਬਰ
ਮੌਸਮ ’ਚ ਸਿੱਲ੍ਹ ਅਤੇ ਧੂੰਏਂ ਨੇ ਝੋਨੇ ਨੂੰ ਮੰਡੀਆਂ ਵਿੱਚ ਲੈ ਕੇ ਆ ਰਹੇ ਕਿਸਾਨਾਂ ਲਈ ਵੱਡੀ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ। ਝੋਨੇ ਵਿੱਚ ਹੁਣ ਸਿੱਲ੍ਹ ਪੈਦਾ ਹੋ ਗਈ ਜੋ ਹੁਣ ਧੁੱਪ ਤੋਂ ਬਿਨਾਂ ਨਿੱਕਲ ਨਹੀਂ ਰਹੀ ਜਦੋਂ ਕਿ ਮੰਡੀਆਂ ਵਿਚ ਸ਼ੈੱਲਰ ਮਾਲਕਾਂ ਦੀ ਦਖਲਅੰਦਾਜ਼ੀ ਵੱਧਣ ਕਾਰਨ ਝੋਨੇ ਦੀਆਂ ਢੇਰੀਆਂ ਬਿਨਾਂ ਬੋਲੀਆਂ ਤੋਂ ਮੰਡੀਆਂ ਦਾ ਸ਼ਿੰਗਾਰ ਬਣਨ ਲੱਗੀਆਂ ਹਨ। ਕਈ-ਕਈ ਦਿਨਾਂ ਤੋਂ ਮੰਡੀਆਂ ਵਿੱਚ ਬੈਠੇ ਕਿਸਾਨ ਅੱਕ ਕੇ ਹੁਣ ਆਪਣਾ ਝੋਨਾ ਘਰਾਂ ਨੂੰ ਵਾਪਸ ਲਿਜਾਣ ਲੱਗੇ ਹਨ ਤਾਂ ਜੋ ਹਾੜ੍ਹੀ ਦੀ ਮੁੱਖ ਫਸਲ ਕਣਕ ਦੀ ਬਿਜਾਈ ਸਮੇਂ ਸਿਰ ਕਰ ਸਕਣ। ਉਧਰ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਆਉਣ ਵਾਲੇ ਚਾਰ-ਪੰਜ ਦਿਨਾਂ ਦੌਰਾਨ ਮੌਸਮ ਆਮ ਤੌਰ ’ਤੇ ਖੁਸ਼ਕ ਰਹਿਣ ਦੀ ਸੰਭਾਵਨਾ ਵਾਲਾ ਦੱਸਿਆ ਹੈ। ਸੂਰਜ ਨੂੰ ਪਰਾਲੀ ਦੇ ਧੂੰਏਂ ਵੱਲੋਂ ਦੱਬ ਲੈਣ ਕਾਰਨ ਖਰੀਦ ਕੇਂਦਰਾਂ ਵਿੱਚ ਪਿਆ ਝੋਨਾ ਸੁੱਕਣ ਦੀ ਬਜਾਏ, ਸਗੋਂ ਸਿੱਲ੍ਹ ਫੜ੍ਹਨ ਲੱਗਿਆ ਹੈ, ਜਿਸ ਨੂੰ ਲੈਕੇ ਕਿਸਾਨਾਂ ਵਿਚ ਅਗਲੇ ਦਿਨਾਂ ਦੌਰਾਨ ਝੋਨੇ ਦੀ ਬੋਲੀ ਨਾ ਲੱਗਣ ਦਾ ਧੁੜਕੂ ਖੜ੍ਹਾ ਹੋ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਅਤੇ ਬਲਵਿੰਦਰ ਸ਼ਰਮਾ ਖਿਆਲਾ ਨੇ ਦੱਸਿਆ ਕਿ ਇਸ ਧੂੰਏਂ ਵਾਲੇ ਮੌਸਮ ਨੇ ਝੋਨੇ ਦੀ ਖਰੀਦ ਨੂੰ ਲੈ ਕੇ ਪਿੰਡਾਂ ਵਿਚ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਖਰੀਦ ਇੰਸਪੈਕਟਰ ਸ਼ੈੱਲਰ ਮਾਲਕਾਂ ਨਾਲ ਮਿਲ ਕੇ ਬੋਲੀ ਨਹੀਂ ਕਰ ਰਹੇ। ਕਿਸਾਨ ਮੰਡੀਆਂ ਵਿੱਚ ਦੋ ਹਫਤਿਆਂ ਤੋਂ ਵੱਧ ਸਮੇਂ ਤੋਂ ਆਪਣੇ ਝੋਨੇ ਦੀ ਬੋਲੀ ਦੀ ਉਡੀਕ ਕਰ ਰਹੇ ਹਨ ਪਰ ਸ਼ੈਲਰ ਮਾਲਕ ਆਪਣੀ ਮਰਜ਼ੀ ਨਾਲ ਪਸੰਦ ਢੇਰੀ ਖਰੀਦ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕਾਂ ਦੀ ਵਧੀ ਹੋਈ ਦਖਲਅੰਦਾਜ਼ੀ ਤੋਂ ਦੁਖੀ ਹੋਏ ਕਿਸਾਨ ਮੰਡੀਆਂ ਵਿਚੋ ਝੋਨਾ ਵਾਪਸ ਲਿਜਾਣ ਲਈ ਮਜ਼ਬੂਰ ਹੋ ਰਹੇ ਹਨ।
ਕਿਸਾਨਾਂ ਵੱਲੋਂ ਸੰਘਰਸ਼ ਦੀ ਚਿਤਾਵਨੀ
ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਚਿਤਾਵਨੀ ਦਿੱਤੀ ਕਿ ਜੇ ਸ਼ੈਲਰ ਮਾਲਕਾਂ ਦੀ ਮੰਡੀਆਂ ਵਿੱਚ ਦਖ਼ਲ-ਅੰਦਾਜ਼ੀ ਲਗਾਤਾਰ ਜਾਰੀ ਰਹੀ ਤਾਂ ਜਥੇਬੰਦੀਆਂ ਵੱਲੋਂ ਖਰੀਦ ਅਧਿਕਾਰੀਆਂ ਸਮੇਤ ਉਨ੍ਹਾਂ ਅਨਾਜ ਮੰਡੀਆਂ ਵਿੱਚ ਘਿਰਾਓ ਕੀਤਾ ਜਾਵੇਗਾ। ਦੂਜੇ ਪਾਸੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਖਰੀਦ ਅਧਿਕਾਰੀਆਂ ਨੂੰ ਝੋਨੇ ਦੀ ਖਰੀਦ ਪਾਰਦਰਸ਼ਤਾ ਦੇ ਆਧਾਰ ’ਤੇ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।