ਕਰਵਾ ਚੌਥ ਦੇ ਮੱਦੇਨਜ਼ਰ ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ
ਪੱਤਰ ਪ੍ਰੇਰਕ
ਫਗਵਾੜਾ, 19 ਅਕਤੂਬਰ
ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਅੱਜ ਬਾਜ਼ਾਰਾਂ ਸਵੇਰ ਤੋਂ ਹੀ ਔਰਤਾਂ ਦੀ ਕਾਫ਼ੀ ਭੀੜ ਨਜ਼ਰ ਆਈ ਤੇ ਔਰਤਾਂ ਪਿੰਡਾਂ ਤੇ ਹੋਰ ਥਾਵਾਂ ਤੋਂ ਖਰੀਦਦਾਰੀ ਕਰਨ ਲਈ ਫਗਵਾੜਾ ਵਿੱਚ ਪੁੱਜੀਆਂ। ਉਹ ਐਤਵਾਰ ਨੂੰ ਚੰਨ ਦਾ ਦੀਦਾਰ ਕਰਨ ਮਗਰੋ ਆਪਣਾ ਵਰਤ ਖੋਲ੍ਹਣਗੀਆਂ। ਕਰਵਾਚੌਥ ਕਾਰਨ ਸ਼ਹਿਰ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ। ਮਨਿਆਈ, ਫਲ ਅਤੇ ਮਠਿਆਈਆਂ ਦੀਆਂ ਦੁਕਾਨਾਂ ’ਤ ਖਾਸ ਰੌਣਕਾਂ ਲੱਗੀਆਂ ਹੋਈਆਂ ਸਨ।
ਨਰਾਤੇ ਤੇ ਦਸਹਿਰਾ ਲੰਘਣ ਤੋਂ ਬਾਅਦ ਕਰਵਾ ਚੌਥ ਦਾ ਤਿਉਹਾਰ ਸੁਹਾਗਣਾਂ ਲਈ ਅਹਿਮ ਮੰਨਿਆ ਜਾਂਦਾ ਹੈ ਤੇ ਇਸ ਦਿਨ ਵਿਆਹੀਆਂ ਔਰਤਾਂ, ਜਿਨ੍ਹਾਂ ਦੇ ਵਿਆਹ ਹੋਣ ਵਾਲੇ ਹੁੰਦੇ ਹਨ, ਉਹ ਲੜਕੀਆਂ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਤੇ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਲਈ ਵਰਤ ਰੱਖਦੀਆਂ ਹਨ। ਕਰਵਾ ਚੌਥ, ਜਿਸ ਨੂੰ ਕਰਕ ਚਤੁਰਥੀ ਵੀ ਕਿਹਾ ਜਾਂਦਾ ਹੈ। ਕਰਵਾ ਚੌਥ ਦੇ ਤਿਉਹਾਰ ਕਾਰਨ ਬਾਜ਼ਾਰਾ ਵਿੱਚ ਮਹਿੰਦੀ ਦੇ ਸਟਾਲਾਂ ’ਤੇ ਵੀ ਕਾਫ਼ੀ ਭੀੜ ਲੱਗੀ ਰਹੀ। ਇਸ ਦੌਰਾਨ ਮਹਿੰਦੀ ਦੇ ਸਟਾਲਾਂ ’ਤੇ ਬੈਠੀਆਂ ਔਰਤਾਂ ਨੂੰ ਕਾਫ਼ੀ ਸਮਾਂ ਆਪਣੀ ਵਾਰੀ ਦੀ ਇੰਤਜ਼ਾਰ ਕਰਨੀ ਪਈ। ਦੇਰ ਰਾਤ ਤੱਕ ਬਾਜ਼ਾਰਾਂ ਵਿੱਚ ਚਹਿਲ ਪਹਿਲ ਰਹੀ। ਉੱਧਰ ਅੱਜ ਤਿਉਹਾਰ ਨੂੰ ਲੈ ਕੇ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਬਾਜ਼ਾਰਾ ’ਚ ਟਰੈਫ਼ਿਕ ਦੀ ਸਮੱਸਿਆ ਨਾ ਪੈਦਾ ਹੋ ਸਕੇ। ਐੱਸਐੱਚਓ ਸਿਟੀ ਟਰੈਫ਼ਿਕ ਅਮਨ ਕੁਮਾਰ ਅਤੇ ਅਮਨਦੀਪ ਨਾਹਰ ਖੁਦ ਬਾਜ਼ਾਰਾਂ ਦਾ ਦੌਰਾ ਕਰ ਰਹੇ ਸਨ।