ਪਿੰਡ ਗੋਬਿੰਦਗੜ੍ਹ ਵਿੱਚ ਦਰੱਖ਼ਤ ਪੁੱਟਣ ਦਾ ਮਾਮਲਾ ਭਖ਼ਿਆ
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 30 ਜੁਲਾਈ
ਸੂਬਾ ਸਰਕਾਰ, ਗ੍ਰੀਨ ਮਿਸ਼ਨ ਸੰਸਥਾਵਾਂ, ਗ੍ਰਾਮ ਪੰਚਾਇਤਾਂ ਸਮੇਤ ਸਮਾਜ-ਸੇਵੀ ਜਥੇਬੰਦੀਆਂ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਾਉਣ ਦੀ ਮੁਹਿੰਮ ਵੱਡੀ ਪੱਧਰ ’ਤੇ ਚੱਲ ਜਾ ਰਹੀ ਹੈ ਪਰ ਕੁਝ ਲੋਕਾਂ ਵੱਲੋਂ ਕਾਨੂੰਨ ਨੂੰ ਟਿੱਚ ਜਾਣਦਿਆਂ ਵਾਤਾਵਰਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਨੇੜਲੇ ਪਿੰਡ ਗੋਬਿੰਦਗੜ੍ਹ ਵਿੱਚ ਗੋਬਿੰਦਗੜ੍ਹ-ਸਹਿਬਾਜਪੁਰਾ ਸੰਪਰਕ ਸੜਕ ਉੱਪਰ ਕਰੀਬ 20 ਸਾਲਾਂ ਪੁਰਾਣੇ ਦਰੱਖ਼ਤ ਦਿਨ ਦਿਹਾੜੇ ਪੁੱਟੇ ਜਾ ਰਹੇ ਹਨ। ਪਿੰਡ ਦੀ ਪੰਚਾਇਤ ਸਮੇਤ ਸਾਬਕਾ ਸਰਪੰਚ ਸੁਖਦੇਵ ਸਿੰਘ, ਬਲਿਹਾਰ ਸਿੰਘ, ਸੁਖਵਿੰਦਰ ਸਿੰਘ ਮਾਂਗਟ, ਬਿੱਕਰ ਸਿੰਘ, ਸੁਖਵਿੰਦਰ ਸਿੰਘ, ਗੁਰਚਰਨ ਸਿੰਘ ਸਮੇਤ ਕਈ ਹੋਰ ਪਤਵੰਤੇ ਵਿਅਕਤੀਆਂ ਨੇ ਦੋਸ਼ ਲਾਇਆ ਕਿ ਪਿੰਡ ਦੇ ਕਿਸਾਨ ਵੱਲੋਂ ਆਪਣੇ ਖੇਤ ਕਿਨਾਰੇ ਲੱਗੇ 6 ਭਾਰੀ ਦਰੱਖਤਾਂ ਨੂੰ ਜੜ੍ਹੋਂ ਪੁੱਟ ਦਿੱਤਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਗੋਬਿੰਦਗੜ੍ਹ ਤੋਂ ਸਹਿਬਾਜਪੁਰਾ ਸੰਪਰਕ ਸੜਕ ਉੱਪਰ ਕਰੀਬ 20 ਸਾਲ ਪਹਿਲਾਂ ਵਾਤਾਵਰਨ ਪ੍ਰੇਮੀ ਸੁਖਦੇਵ ਸਿੰਘ ਵੱਲੋਂ ਬੂਟੇ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ ਥਾਣਾ ਸਦਰ ਰਾਏਕੋਟ ਪੁਲੀਸ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰਾਏਕੋਟ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਉੱਧਰ ਖੇਤ ਦੇ ਮਾਲਕ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਖੇਤ ਨਾਲ ਲਗਦੇ ਇਨ੍ਹਾਂ ਦਰੱਖ਼ਤਾਂ ਕਾਰਨ ਫ਼ਸਲ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਵੱਲੋਂ ਦਰੱਖ਼ਤ ਪੁੱਟੇ ਜਾਣ ਦੀ ਪੁਸ਼ਟੀ ਕੀਤੀ ਗਈ ਅਤੇ ਕਿਹਾ ਕਿ ਉਹ ਜਲਦ ਨਵੇਂ ਦਰੱਖ਼ਤ ਲਗਵਾ ਦੇਣਗੇ।