ਨਸ਼ੇ ਦੀ ਹਾਲਤ ’ਚ ਏਐੱਸਆਈ ਨੇ ਚਾਰ ਗੱਡੀਆਂ ਨੂੰ ਟੱਕਰ ਮਾਰੀ
ਜਲੰਧਰ (ਪੱਤਰ ਪ੍ਰੇਰਕ): ਸ਼ਰਾਬ ਦੇ ਨਸ਼ੇ ਵਿੱਚ ਧੁੱਤ ਇੱਕ ਏਐੱਸਆਈ ਨੇ ਆਪਣੀ ਬੋਲੈਰੋ ਗੱਡੀ ਨਾਲ ਚਾਰ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਜਾਣਕਾਰੀ ਅਨੁਸਾਰ ਏਐੱਸਆਈ ਜਸਪਾਲ ਸਿੰਘ ਜਲੰਧਰ ਪੁਲੀਸ ਲਾਈਨ ਵਿੱਚ ਤਾਇਨਾਤ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨਿਊ ਬਾਰਾਂਦਰੀ ਦੀ ਪੁਲੀਸ ਏਐੱਸਆਈ ਜਸਪਾਲ ਸਿੰਘ ਨੂੰ ਆਪਣੇ ਨਾਲ ਥਾਣੇ ਲੈ ਗਈ ਤੇ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਨਿੱਜੀ ਹੋਟਲ ਵਿੱਚ ਖੜ੍ਹੀ ਕਾਰ ਦੇ ਮਾਲਕ ਡਾ. ਮਨੀਸ਼ ਨੇ ਦੱਸਿਆ ਕਿ 15-20 ਮਿੰਟ ਪਹਿਲਾਂ ਉਹ ਆਪਣੀ ਕਾਰ ਹੋਟਲ ਦੀ ਪਾਰਕਿੰਗ ਵਿੱਚ ਛੱਡ ਕੇ ਹੋਟਲ ਦੇ ਅੰਦਰ ਗਿਆ ਸੀ। ਇਸ ਤੋਂ ਬਾਅਦ ਹੋਟਲ ਸਟਾਫ ਨੇ ਉਨ੍ਹਾਂ ਨੂੰ ਦੱਸਿਆ ਕਿ ਕਿਸੇ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਹੈ। ਏਐੱਸਆਈ ਜਸਪਾਲ ਸਿੰਘ ਨੇ ਇਸ ਮਾਮਲੇ ’ਤੇ ਵੱਖ-ਵੱਖ ਦਲੀਲਾਂ ਦਿੱਤੀਆਂ। ਉਸ ਨੇ ਕਿਹਾ ਕਿ ਉਸ ਦੇ ਨੌਜਵਾਨ ਲੜਕੇ ਦੀ ਮੌਤ ਹੋ ਗਈ ਹੈ, ਜਿਸ ਦੇ ਦੁੱਖ ਵਿੱਚ ਉਸ ਨੇ ਸ਼ਰਾਬ ਪੀਤੀ। ਦੂਜੇ ਪਾਸੇ ਪੁਲੀਸ ਮੁਲਾਜ਼ਮ ਇਹ ਕਹਿ ਕਿ ਉਸ ਦਾ ਬਚਾਅ ਕਰਦੇ ਨਜ਼ਰ ਆਏ ਕਿ ਉਸ ਨੇ ਸਿਰਫ ਇੱਕ ਗੱਡੀ ਨੂੰ ਹੀ ਟੱਕਰ ਮਾਰੀ ਹੈ।