ਮੰਤਰੀ ਦੀ ਮੌਜੂਦਗੀ ਵਿੱਚ ‘ਆਪ’ ਆਗੂ ਨੇ ਸਰਕਾਰ ਘੇਰੀ
ਖੇਤਰੀ ਪ੍ਰਤੀਨਿਧ
ਪਟਿਆਲਾ, 21 ਨਵੰਬਰ
ਇੱਥੇ ਅੱਜ ਮਾਹੌਲ ਉਦੋਂ ਭਖ ਗਿਆ ਜਦੋਂ ‘ਸਰਕਾਰ ਆਪ ਦੇ ਦੁਆਰ’ ਦੇ ਬੈਨਰ ਹੇਠ ਲਾਏ ਗਏ ਲੋਕ ਦਰਬਾਰ ਵਿੱਚ ਮੁੱਖ ਮਹਿਮਾਨ ਵਜੋਂ ਪੁੱੱਜੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ‘ਆਪ’ ਦਾ ਇੱਕ ਆਗੂ ਅਫ਼ਸਰਸ਼ਾਹੀ ਅਤੇ ਮੁਲਾਜ਼ਮਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਲੱਗਿਆ। ਅਜਿਹੇ ਗੰਭੀਰ ਦੋਸ਼ ਲਾਉਣ ਵਾਲਾ ਮੇਜਰ ਆਰਪੀਐੱਸ ਮਲਹੋਤਰਾ ਕੋਈ ਸਧਾਰਨ ਵਰਕਰ ਨਹੀਂ, ਬਲਕਿ ‘ਆਪ’ ਦੇ ਬੁੱਧੀਜੀਵੀ ਵਿੰਗ ਦਾ ਸੂਬਾਈ ਪ੍ਰਧਾਨ ਅਤੇ ‘ਆਪ’ ਦਾ ਸੂਬਾਈ ਬੁਲਾਰਾ ਹੈ। ਸਿਹਤ ਮੰਤਰੀ ਜਦੋਂ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਸਨ ਤਾਂ ਨੇੜੇ ਹੀ ਖੜ੍ਹੇ ਮੇਜਰ ਮਲਹੋਤਰਾ ਵੀ ਆਪਣੀ ਗੱਲ ਆਖਣ ਲੱਗੇ। ਉਨ੍ਹਾਂ ਦਾ ਦੋਸ਼ ਸੀ ਕਿ ਨਗਰ ਨਿਗਮ ਪਟਿਆਲਾ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਤੇ ਕਈ ਹੋਰ ਮਹਿਮਕਮਿਆਂ ’ਚ ਵੀ ਅਜਿਹਾ ਹੀ ਵਰਤਾਰਾ ਭਾਰੂ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਵਰਕਰਾਂ ਦੀ ਤਾਂ ਛੱਡੋ ਨਗਰ ਨਿਗਮ ਵਾਲਿਆਂ ਨੇ ਤਾਂ ‘ਆਪ’ ਦਾ ਸੂਬਾਈ ਅਹੁਦੇਦਾਰ ਹੋਣ ਦੇ ਬਾਵਜੂਦ ਉਸ ਨੂੰ ਖੁਦ ਪ੍ਰੇਸ਼ਾਨ ਕੀਤਾ ਹੋਇਆ ਹੈ। ਇਸੇ ਦੌਰਾਨ ਸ੍ਰੀ ਮਲਹੋਤਰਾ ਦੀ ਇਸ ਕਾਰਵਾਈ ਤੋਂ ‘ਆਪ’ ਦੇ ਅਨੇਕਾਂ ਹੀ ਹੋਰ ਆਗੂ ਅਤੇ ਵਰਕਰ ਵੀ ਖੁਸ਼ ਸਨ।
ਅਕਾਲੀ ਨੇਤਾਵਾਂ ਨੇ ਘੇਰੀ ਸਰਕਾਰ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਮੁਕਾਬਲੇ ਚੋਣ ਲੜੇ ਪਟਿਆਲਾ ਦਿਹਾਤੀ ਤੋਂ ਹਲਕਾ ਇੰਚਾਰਜ ਬਿੱਟੂ ਚੱਠਾ, ਸੁਧਾਰ ਲਹਿਰ ਦੇ ਆਗੂ ਹਰਿੰਦਪਰਪਾਲ ਚੰਦੂਮਾਜਰਾ, ਅਕਾਲੀ ਦਲ ਦੇ ਜਨਰਲ ਸਕੱਤਰ ਰਾਜੂ ਖੰਨਾ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਅਮਿਤ ਰਾਠੀ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਗੜ੍ਹੀ, ਸਤਵਿੰਦਰ ਟੌਹੜਾ, ਜਸਮੇਰ ਲਾਛੜੂ ਤੇ ਬੀਬੀ ਕੁਲਦੀਪ ਕੌਰ ਟੌਹੜਾ ਨੇ ਕਿਹਾ ਕਿ ‘ਆਪ’ ਦੇ ਸੂਬਾਈ ਆਗੂ ਨੇ ਮੰਤਰੀ ਦੀ ਮੌਜੂਦਗੀ ’ਚ ਭ੍ਰਿਸ਼ਟਾਚਾਰ ਫੈਲੇ ਹੋਣ ਦੀ ਗੱਲ ਆਖ ਕੇ ‘ਆਪ’ ਸਰਕਾਰ ਦੀ ਪੋਲ ਖੋਲ੍ਹ ਦਿੱਤੀ ਹੈ।