ਪੋਸਟਮਾਰਟਮ ਰਿਪੋਰਟ ’ਚ ਭਾਰਤੀ ਮੂਲ ਦੇ ਅਮਰੀਕੀ ਜੋੜੇ ਤੇ ਧੀ ਦੀ ਮੌਤ ਨੂੰ ਹੱਤਿਆ ਤੇ ਆਤਮ ਹੱਤਿਆ ਕਰਾਰ ਦਿੱਤਾ
ਨਿਊਯਾਰਕ, 3 ਜਨਵਰੀ
ਅਮਰੀਕੀ ਸੂਬੇ ਮੈਸੇਚਿਉਸੇਟਸ ਵਿਚ ਪਿਛਲੇ ਹਫ਼ਤੇ ਭਾਰਤੀ ਮੂਲ ਦੇ ਅਮੀਰ ਜੋੜੇ ਅਤੇ ਉਨ੍ਹਾਂ ਦੀ ਧੀ ਦੀ ਮੌਤ ਨੂੰ ਮੈਡੀਕਲ ਅਧਿਕਾਰੀਆਂ ਨੇ ਪੋਸਟਮਾਰਟਮ ਤੋਂ ਬਾਅਦ ਕਤਲ-ਆਤਮ ਹੱਤਿਆ ਕਰਾਰ ਦਿੱਤਾ ਹੈ। 28 ਦਸੰਬਰ ਨੂੰ ਰਾਕੇਸ਼ ਕਮਲ (57), ਉਸਦੀ ਪਤਨੀ ਟੀਨਾ ਕਮਲ (54) ਅਤੇ ਉਨ੍ਹਾਂ ਦੀ ਕਾਲਜ ਪੜ੍ਹਦੀ ਧੀ ਅਰਿਆਨਾ ਕਮਲ (18) ਡੋਵਰ, ਮੈਸੇਚਿਉਸੇਟਸ ਵਿੱਚ 50 ਲੱਖ ਡਾਲਰ ਦੇ ਆਪਣੇ ਆਲੀਸ਼ਾਨ ਘਰ ਵਿੱਚ ਮ੍ਰਿਤ ਮਿਲੇ ਸਨ। ਰਾਕੇਸ਼ ਕਮਲ ਕੋਲੋਂ ਬੰਦੂਕ ਬਰਾਮਦ ਹੋਈ ਹੈ। ਚੀਫ਼ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਵੱਲੋਂ ਜਾਰੀ ਪੋਸਟਮਾਰਟਮ ਦੇ ਨਤੀਜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਟੀਨਾ ਅਤੇ ਉਸ ਦੀ ਧੀ ਅਰਿਆਨਾ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਰਾਕੇਸ਼ ਨੇ ਸ਼ਾਇਦ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਅੰਤਿਮ ਪੋਸਟਮਾਰਟਮ ਰਿਪੋਰਟ ਆਉਣ ਵਾਲੇ ਹਫ਼ਤਿਆਂ ਵਿੱਚ ਪੂਰੀ ਹੋਣ ਦੀ ਉਮੀਦ ਹੈ। ਬੰਦੂਕ ਦੀ ਪੂਰੀ ਫੋਰੈਂਸਿਕ ਜਾਂਚ ਨਹੀਂ ਹੋਈ। ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਬੰਦੂਕ ਰਾਕੇਸ਼ ਦੇ ਨਾਮ 'ਤੇ ਰਜਿਸਟਰਡ ਨਹੀਂ ਸੀ ਅਤੇ ਉਸ ਕੋਲ ਇਸ ਨੂੰ ਰੱਖਣ ਦਾ ਲਾਇਸੈਂਸ ਨਹੀਂ ਸੀ।