ਪੰਜਾਬ ਵਿੱਚ ਅਗਲੇ ਦਿਨਾਂ ’ਚ ਜ਼ੋਰ ਫੜੇਗੀ ਠੰਢ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 19 ਨਵੰਬਰ
ਮੌਸਮ ਮਾਹਿਰਾਂ ਨੇ ਅਗਲੇ ਹਫ਼ਤੇ ਦੌਰਾਨ ਪੰਜਾਬ ’ਚ ਮੌਸਮ ਖ਼ੁਸ਼ਕ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ ਜਦਕਿ ਅਗਲੇ ਦਿਨੀਂ ਤਾਪਮਾਨ ਡਿੱਗਣ ਦੀ ਸੰਭਾਵਨਾ ਹੈ। ਫਿਲਹਾਲ ਪੰਜਾਬ ਵਿੱਚ ਦਿਨ ਨਿੱਘੇ ਅਤੇ ਰਾਤਾਂ ਠੰਢੀਆਂ ਹਨ ਪਰ ਆਉਂਦੇ ਕੁਝ ਦਿਨਾਂ ਤੱਕ ਰਾਤ ਦਾ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਜਾਣ ਦੀ ਸੰਭਾਵਨਾ ਹੈ ਜਦਕਿ ਦੁਪਹਿਰਾਂ ਹਲਕੀਆਂ ਗਰਮ ਵੀ ਰਹਿਣਗੀਆਂ। ਇਹ ਵੀ ਅਨੁਮਾਨ ਹੈ ਕਿ ਨਵੰਬਰ ਦੇ ਅੰਤਲੇ ਦਿਨਾਂ ਤੱਕ ਪੱਛਮ ਦਿਸ਼ਾ ਤੋਂ ਵਗਦੀ ਪੌਣ ਇਸੇ ਤਰ੍ਹਾਂ ਜਾਰੀ ਰਹੇਗੀ।
ਮੌਸਮ ਵਿਗਿਆਨੀਆਂ ਅਨੁਸਾਰ ਪੰਜਾਬ ਵਿੱਚ ਦਸੰਬਰ ਦੇ ਦੂਜੇ ਹਫ਼ਤੇ ਮੀਂਹ ਪੈਣ ਦੇ ਆਸਾਰ ਹਨ।
ਜਾਣਕਾਰੀ ਅਨੁਸਾਰ ਅਗਲੇ ਦਿਨੀਂ ਪੰਜਾਬ ਵਿਚ ਛਾਈ ਧੁਆਂਖੀ ਧੁੰਦ ਦੀ ਪਰਤ ਖ਼ਤਮ ਹੋ ਜਾਵੇਗੀ ਅਤੇ ਧਰਤੀ ’ਤੇ ਨਿਰੋਲ ਧੁੰਦ ਬਣਨ ਲੱਗੇਗੀ ਪਰ ਨਵੰਬਰ ਦਾ ਪੂਰਾ ਮਹੀਨਾ ਮੀਂਹ ਪੱਖੋਂ ਖ਼ੁਸ਼ਕ ਹੀ ਰਹੇਗਾ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਕਿਸਾਨ ਕਣਕ ਦੀ ਫਸਲ ਨੂੰ ਸੁੱਕੀ ਠੰਢ ਤੇ ਖੁਸ਼ਕੀ ਤੋਂ ਬਚਾਉਣ ਲਈ ਪਾਣੀ ਦੇ ਸਕਦੇ ਹਨ।
ਪੰਜਾਬ ਦੇ ਅਬੋਹਰ ਤੇ ਫ਼ਾਜ਼ਿਲਕਾ ’ਚ ਅੱਜ ਤਾਪਮਾਨ ਇਕੋ ਜਿਹਾ ਰਿਹਾ। ਇਨ੍ਹਾਂ ਸ਼ਹਿਰਾਂ ’ਚ ਵੱਧ ਤੋਂ ਵੱਧ ਪਾਰਾ 28.6 ਅਤੇ ਘੱਟ ਤੋਂ ਘੱਟ 16.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ਤੇ ਫ਼ਿਰੋਜ਼ਪੁਰ ’ਚ ਕ੍ਰਮਵਾਰ 27 ਤੇ 11, ਬਠਿੰਡਾ ’ਚ 26.8 ਤੇ 11.6, ਫ਼ਰੀਦਕੋਟ 28 ਤੇ 16.1, ਗੁਰਦਾਸਪੁਰ 26.9 ਤੇ 14.2, ਹੁਸ਼ਿਆਰਪੁਰ 26.8 ਤੇ 14.3, ਜਲੰਧਰ ’ਚ 27 ਤੇ 10, ਲੁਧਿਆਣਾ ਵਿੱਚ 27 ਤੇ 12, ਪਟਿਆਲਾ ’ਚ 29 ਤੇ 12, ਮਾਨਸਾ ਅੰਦਰ 28.2 ਤੇ 16.8 ਅਤੇ ਮੋਗਾ ’ਚ 28.1 ਅਤੇ 16.2 ਡਿਗਰੀ ਸੈਲਸੀਅਸ ਰਿਹਾ। ਪੰਜਾਬ ਦੇ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਦਾ ਸ਼ਹਿਰ ਮਨਾਲੀ ਸਭ ਤੋਂ ਠੰਢਾ ਰਿਹਾ। ਇਥੇ ਵੱਧ ਤੋਂ ਵੱਧ ਪਾਰਾ 17 ਅਤੇ ਘੱਟ ਤੋਂ ਘੱਟ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।