For the best experience, open
https://m.punjabitribuneonline.com
on your mobile browser.
Advertisement

ਕੌਮੀ ਰਾਜਧਾਨੀ ਦਿੱਲੀ ਵਿੱਚ ਅੰਤਾਂ ਦੀ ਗਰਮੀ ਕਾਰਨ ਲੋਕ ਬੇਹਾਲ

08:38 AM May 29, 2024 IST
ਕੌਮੀ ਰਾਜਧਾਨੀ ਦਿੱਲੀ ਵਿੱਚ ਅੰਤਾਂ ਦੀ ਗਰਮੀ ਕਾਰਨ ਲੋਕ ਬੇਹਾਲ
ਨਵੀਂ ਦਿੱਲੀ ਵਿੱਚ ਸੜਕਾਂ ’ਤੇ ਪਾਣੀ ਦਾ ਛਿੜਕਾਅ ਕਰਦੇ ਹੋਏ ਨਿਗਮ ਮੁਲਾਜ਼ਮ। -ਫੋਟੋ: ਏਐਨਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਮਈ
ਕੌਮੀ ਰਾਜਧਾਨੀ ਦਿੱਲੀ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਗਰਮੀ ਕਾਰਨ ਲੋਕ ਬੇਹਾਲ ਹਨ ਅਤੇ ਤਾਪਮਾਨ 48 ਡਿਗਰੀ ਸੈਲਸੀਅਸ ਨੂੰ ਛੂਹ ਰਿਹਾ ਹੈ। ਅੱਜ ਦਿੱਲੀ ਵਿੱਚ ਔਸਤਨ ਤਾਪਮਾਨ ਵੱਧ ਤੋਂ ਵੱਧ 46.1 (ਸਫ਼ਦਰਜੰਗ ਮੌਸਮ ਕੇਂਦਰ) ਡਿਗਰੀ ਸੈਲਸੀਅਸ ਰਿਹਾ ਜੋ ਇਨ੍ਹਾਂ ਦਿਨਾਂ ਦੇ ਔਸਤਨ ਤਾਪਮਾਨ ਤੋਂ 4 ਡਿਗਰੀ ਵੱਧ ਹੈ। ਘੱਟੋ-ਘੱਟ ਤਾਪਮਾਨ ਵੀ 31 ਡਿਗਰੀ ਦੇ ਆਸ-ਪਾਸ ਰਿਹਾ। ਦਿੱਲੀ ਵਿੱਚ ਮੌਸਮ ਮਹਿਕਮੇ ਵੱਲੋਂ ਰੈੱਡ ਅਲਰਟ ਜਾਰੀ ਹੈ। ਰਾਜਧਾਨੀ ਦੇ ਜਾਫ਼ਰਪੁਰ ਵਿੱਚ ਤਾਪਮਾਨ 47.5 ਡਿਗਰੀ ਰਿਹਾ ਜਦੋਂ ਕਿ ਆਇਆ ਨਗਰ ਵਿੱਚ 46.5 ਡਿਗਰੀ ਮਾਪਿਆ ਗਿਆ। ਇਸ ਦੇ ਨਾਲ ਅੱਜ 9 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗਰਮ ਹਵਾਵਾਂ ਚੱਲੀਆਂ। ਹਵਾਵਾਂ ਵਿੱਚ ਐਨੀ ਖੁਸ਼ਕੀ ਹੈ ਕਿ ਦੋ ਪਹੀਆ ਵਾਹਨਾਂ ਦੇ ਚਾਲਕ ਸੇਕੇ ਜਾਂਦੇ ਹਨ, ਕਿਉਂਕਿ ਹਵਾ ਵਿੱਚ ਨਮੀ ਦੀ ਮਾਤਰਾ ਸਿਰਫ਼ 6 ਫ਼ੀਸਦੀ ਸੀ। ਇਸ ਦੌਰਾਨ ਲੋਕਾਂ ਵੱਲੋਂ ਗਰਮੀ ਤੋਂ ਬਚਣ ਲਈ ਹਰ ਢੰਗ ਵਰਤਿਆ ਜਾ ਰਿਹਾ ਹੈ। ਠੰਢੇ ਪੇਅਜਲ ਪਦਾਰਥਾਂ ਦੀ ਖਪਤ ਵੱਧ ਗਈ ਹੈ ਤੇ ਲੋਕਾਂ ਵੱਲੋਂ ਦੁਪਹਿਰ ਨੂੰ ਘਰਾਂ ਤੋਂ ਜਾਂ ਦਫ਼ਤਰਾਂ ਤੋਂ ਬਾਹਰ ਨਾ ਨਿਕਲਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਮੌਸਮ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਪੱਛਮੀ ਗਰਮ ਤੇ ਖੁਸ਼ਕ ਹਵਾਵਾਂ ਨੇ ਹਾਲਤ ਅਜਿਹੇ ਬਣਾ ਦਿੱਤੇ ਹਨ ਕਿ ਦਿੱਲੀ ਦੇ ਬਾਹਰਲੇ ਖੇਤਰਾਂ ਦਾ ਤਾਪਮਾਨ 48 ਡਿਗਰੀ ਤੱਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਐੱਨਸੀਆਰ ਦੇ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ, ਗਾਜ਼ੀਆਬਾਦ, ਸੋਨੀਪਤ ਤੇ ਨੋਇਡਾ, ਬਹਾਦਰਗੜ੍ਹ ਵਰਗੇ ਇਲਾਕਿਆਂ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਫਰੀਦਾਬਾਦ ਵਿੱਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 31 ਡਿਗਰੀ ਸੈਲਸੀਅਸ ਰਿਹਾ। 13 ਕਿਲੋਮੀਟਰ ਦੀ ਰਫ਼ਤਾਰ ਨਾਲ ਗਰਮ ਹਵਾਵਾਂ ਰਾਜਸਥਾਨ ਵੱਲੋਂ ਵਗੀਆਂ। ਗੁਰੂਗ੍ਰਾਮ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੇ 31 ਡਿਗਰੀ ਸੈਲਸੀਅਸ ਰਿਹਾ। ਨੋਇਡਾ ਵਿੱਚ ਵੀ ਤਾਪਮਾਨ 45 ਡਿਗਰੀ ਸੈਲਸੀਅਸ ਤੇ 32 ਡਿਗਰੀ ਸੈਲਸੀਅਸ ਰਿਹਾ।

Advertisement

ਆਤਿਸ਼ੀ ਵੱਲੋਂ ਪਾਣੀ ਸੰਜਮ ਨਾਲ ਵਰਤਣ ਦੀ ਅਪੀਲ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਜਲ ਮੰਤਰੀ ਆਤਿਸ਼ੀ ਨੇ ਦਿੱਲੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿੱਚ ਚੱਲ ਰਹੇ ਗੰਭੀਰ ਹਾਲਾਤਾਂ ਵਿੱਚ ਪਾਣੀ ਦੀ ਵਰਤੋਂ ਸਮਝਦਾਰੀ ਨਾਲ ਕਰਨ ਦੀ ਅਪੀਲ ਕੀਤੀ ਹੈ। ਆਤਿਸ਼ੀ ਨੇ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘‘ਮੈਂ ਸਾਰੇ ਦਿੱਲੀ ਵਾਸੀਆਂ ਨੂੰ ਅਪੀਲ ਕਰਦੀ ਹਾਂ, ਭਾਵੇਂ ਤੁਹਾਡੇ ਖੇਤਰ ਵਿੱਚ ਪਾਣੀ ਦੀ ਕਮੀ ਹੈ ਜਾਂ ਨਹੀਂ, ਕਿਰਪਾ ਕਰਕੇ ਪਾਣੀ ਦੀ ਸਪਲਾਈ ਦੀ ਤਰਕਸੰਗਤ ਵਰਤੋਂ ਕਰੋ’। ਉਨ੍ਹਾਂ ਲੋਕਾਂ ਨੂੰ ਪਾਣੀ ਦੀ ਬਰਬਾਦੀ ਨਾ ਕਰਨ ਦੀ ਅਪੀਲ ਵੀ ਕੀਤੀ ਅਤੇ ਚਿਤਾਵਨੀ ਵੀ ਦਿੱਤੀ ਕਿ ਜੇਕਰ ਕੋਈ ਵੀ ਪਾਣੀ ਦੀ ਜ਼ਿਆਦਾ ਵਰਤੋਂ ਕਰਦਾ ਪਾਇਆ ਗਿਆ ਤਾਂ ਜੁਰਮਾਨਾ ਲਗਾਇਆ ਜਾਵੇਗਾ। ਆਤਿਸ਼ੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਦਿੱਲੀ ਲਗਾਤਾਰ ਗਰਮੀ ਦੀ ਮਾਰ ਹੇਠ ਹੈ। ਮੌਸਮ ਵਿਭਾਗ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਦਿੱਲੀ ਐਨਸੀਆਰ ਵਿੱਚ ਹੀਟਵੇਵ ਦੀ ਭਵਿੱਖਬਾਣੀ ਕੀਤੀ ਹੈ। ਆਤਿਸ਼ੀ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਕਾਰਾਂ ਨੂੰ ਪਾਈਪ ਨਾਲ ਨਾ ਧੋਣ। ਇਹ ਪਾਣੀ ਦੀ ਬੇਕਾਰ ਵਰਤੋਂ ਹੈ। ਆਤਿਸ਼ੀ ਨੇ ਕਿਹਾ ਕਿ ਯਕੀਨੀ ਬਣਾਓ ਕਿ ਪਾਣੀ ਦੀਆਂ ਮੋਟਰਾਂ ਲਗਾਤਾਰ ਚੱਲਣ ਕਾਰਨ ਪਾਣੀ ਦੀ ਬਰਬਾਦੀ ਨਾ ਹੋਵੇ, ਦਿੱਲੀ ਵਿੱਚ ਤੇਜ਼ ਗਰਮੀ ਦੀ ਲਹਿਰ ਹੈ ਅਤੇ ਹਰਿਆਣਾ ਦਿੱਲੀ ਵਿੱਚ ਬਹੁਤ ਘੱਟ ਮਾਤਰਾ ਵਿੱਚ ਪਾਣੀ ਛੱਡ ਰਿਹਾ ਹੈ। ਆਤਿਸ਼ੀ ਨੇ ਕਿਹਾ ਕਿ ਜੇ ਅਗਲੇ ਦੋ ਦਿਨਾਂ ਵਿੱਚ ਇਹ ਜਨਤਕ ਅਪੀਲ ਕਾਰਗਰ ਸਾਬਤ ਨਹੀਂ ਹੋਈ ਤਾਂ ਸਾਨੂੰ ਪਾਣੀ ਦੀ ਵੱਧ ਵਰਤੋਂ ਕਰਨ ’ਤੇ ਚਲਾਨ/ਜੁਰਮਾਨਾ ਲਗਾਉਣਾ ਪੈ ਸਕਦਾ ਹੈ। ਆਤਿਸ਼ੀ ਨੇ ਕਿਹਾ ਕਿ ਹਰਿਆਣਾ ਦਿੱਲੀ ਦੇ ਹਿੱਸੇ ਦਾ ਪਾਣੀ ਨਹੀਂ ਛੱਡ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਰਾਸ਼ਟਰੀ ਰਾਜਧਾਨੀ ਵਿਚ ਪਾਣੀ ਦੀ ਸਪਲਾਈ ਨੂੰ ਤਰਕਸੰਗਤ ਬਣਾਉਣ ਸਮੇਤ ਕਈ ਉਪਾਅ ਲਾਗੂ ਕਰੇਗੀ।

Advertisement
Author Image

joginder kumar

View all posts

Advertisement
Advertisement
×