ਗਊ ਰੱਖਿਆ ਦੇ ਨਾਂ ’ਤੇ
ਹਰਿਆਣਾ ਵਿੱਚ ਕਥਿਤ ਗਊ ਰੱਖਿਅਕਾਂ ਵੱਲੋਂ ਹਾਲ ਹੀ ਵਿੱਚ ਕੀਤੀਆਂ ਗਈਆਂ ਹੱਤਿਆ ਦੀਆਂ ਕੁਝ ਘਟਨਾਵਾਂ ਨਾਲ ਭਾਰਤ ਵਿੱਚ ਧਾਰਮਿਕ ਜਨੂੰਨ ਅਤੇ ਕਾਨੂੰਨ ਦੀ ਅਮਲਦਾਰੀ ਵਿਚਕਾਰ ਖ਼ਤਰਨਾਕ ਜੋੜ ਬਾਰੇ ਇੱਕ ਭਖਵੀਂ ਬਹਿਸ ਛਿੜ ਪਈ ਹੈ। ਪਿਛਲੇ ਕੁਝ ਦਿਨਾਂ ਵਿੱਚ ਹੀ ਹੋਈਆਂ ਦੋ ਵੱਖੋ ਵੱਖਰੀਆਂ ਘਟਨਾਵਾਂ ਵਿੱਚ ਬਾਰ੍ਹਵੀਂ ਜਮਾਤ ਦੇ ਇੱਕ ਵਿਦਿਆਰਥੀ ਆਰੀਅਨ ਮਿਸ਼ਰਾ ਨੂੰ ਗੋਲੀ ਮਾਰ ਕੇ ਅਤੇ ਇੱਕ ਛੱਬੀ ਸਾਲਾਂ ਪਰਵਾਸੀ ਮਜ਼ਦੂਰ ਸ਼ਬੀਰ ਮਲਿਕ ਨੂੰ ਅਖੌਤੀ ਗਊ ਰੱਖਿਅਕਾਂ ਨੇ ਕੁੱਟ ਕੁੱਟ ਕੇ ਮਾਰ ਦਿੱਤਾ। ਆਰੀਅਨ ਆਪਣੇ ਦੋਸਤਾਂ ਨਾਲ ਘੁੰਮਣ ਗਿਆ ਸੀ ਜਦੋਂ ਗਊ ਰੱਖਿਅਕਾਂ ਦੇ ਇੱਕ ਗਰੁੱਪ ਨੇ ਉਨ੍ਹਾਂ ਨੂੰ ਪਸ਼ੂ ਤਸਕਰ ਸਮਝ ਕੇ ਉਨ੍ਹਾਂ ਦਾ 30 ਕਿਲੋਮੀਟਰ ਤੱਕ ਪਿੱਛਾ ਕੀਤਾ ਅਤੇ ਫਿਰ ਫਰੀਦਾਬਾਦ ਵਿੱਚ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਦੂਜੀ ਘਟਨਾ ਵਿੱਚ ਸ਼ਬੀਰ ਨੂੰ ਗਊ ਮਾਸ ਖਾਣ ਦੇ ਸ਼ੱਕ ਹੇਠ ਧੋਖੇ ਨਾਲ ਚਰਖੀ ਦਾਦਰੀ ਦੇ ਬੱਸ ਅੱਡੇ ’ਤੇ ਬੁਲਾਇਆ ਗਿਆ ਅਤੇ ਫਿਰ ਕੁੱਟ ਕੁੱਟ ਕੇ ਉਸ ਦੀ ਵੀ ਜਾਨ ਲੈ ਲਈ ਗਈ। ਇਹ ਵਰਤਾਰਾ ਖ਼ਤਰਨਾਕ ਰੂਪ ਧਾਰਨ ਕਰ ਚੁੱਕਿਆ ਹੈ ਅਤੇ ਗਊ ਰੱਖਿਆ ਦੇ ਨਾਂ ’ਤੇ ਹਿੰਸਾ ਫੈਲਾਈ ਜਾ ਰਹੀ ਹੈ ਅਤੇ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ’ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਹੋਈਆਂ ਹਨ, ਜਿਨ੍ਹਾਂ ਵਿੱਚ ਗ੍ਰਿਫ਼ਤਾਰੀਆਂ ਤੇ ਕਾਨੂੰਨੀ ਕਾਰਵਾਈਆਂ ਸ਼ਾਮਿਲ ਹਨ। ਸੁਪਰੀਮ ਕੋਰਟ ਵੱਲੋਂ ਸਖ਼ਤੀ ਕਰਨ ਦੇ ਆਦੇਸ਼ ਹੋਏ ਹਨ ਤੇ ਸਰਕਾਰਾਂ ’ਤੇ ਕਾਰਵਾਈ ਲਈ ਦਬਾਅ ਬਣਿਆ ਹੈ। ਹਾਲਾਂਕਿ ਹਦਾਇਤਾਂ ਲਾਗੂ ਕਰਨ ’ਚ ਦਿਖਾਈ ਗਈ ਢਿੱਲ ਤੇ ਗਊ ਰੱਖਿਅਕ ਗੁੱਟਾਂ ਦਾ ਸਿਆਸੀ ਰਸੂਖ ਇਸ ਵਿੱਚ ਅੜਿੱਕਾ ਬਣੇ ਹਨ। ਇਸ ਕਾਰਨ ਘੱਟਗਿਣਤੀਆਂ ਨਾਲ ਹਿੰਸਾ ਹੋਈ ਹੈ ਤੇ ਭੈਅ ਪੈਦਾ ਹੋਇਆ ਹੈ।
ਗਊ ਰੱਖਿਅਕ ਦਲਾਂ ਦਾ ਉਭਾਰ ਪਿਛਲੇ ਇੱਕ ਦਹਾਕੇ ’ਚ ਕੱਟੜ ਹਿੰਦੂ ਰਾਸ਼ਟਰਵਾਦੀਆਂ ਦੇ ਵਧੇ ਰਸੂਖ਼ ਦੇ ਨਾਲੋ-ਨਾਲ ਹੀ ਹੋਇਆ ਹੈ। ਇਹ ਦਲ ਸਿਆਸੀ ਸਰਪ੍ਰਸਤੀ ਕਾਰਨ ਬੇਖੌਫ਼ ਹੋ ਕੇ ਿਵਚਰਦੇ ਹਨ ਅਤੇ ਸਭ ਤੋਂ ਿਫਕਰ ਵਾਲੀ ਗੱਲ ਿੲਹ ਹੈ ਿਕ ਕਾਨੂੰਨੀ ਸ਼ਿਕੰਜੇ ਤੇ ਨਿਆਂਇਕ ਪ੍ਰਕਿਰਿਆ ਵਿੱਚੋਂ ਵੀ ਬਚ ਨਿਕਲਦੇ ਹਨ। ਤੱਥ ਇਹ ਹੈ ਕਿ ਇਨ੍ਹਾਂ ਦੇ ਕਈ ਆਗੂ ਪਿਛਲੇ ਸੱਤ ਸਾਲਾਂ ’ਚ ਸਫ਼ਲਤਾ ਨਾਲ ਸਥਾਨਕ ਸਿਆਸਤ ਵਿੱਚ ਦਾਖਲ ਹੋ ਗਏ ਹਨ। ਇਸ ਤੋਂ ਲੋਕਤੰਤਰਿਕ ਆਦਰਸ਼ਾਂ ਦੀ ਬੇਕਦਰੀ ਅਤੇ ਘੱਟਗਿਣਤੀਆਂ ਦੇ ਹੱਕਾਂ ਦੇ ਘਾਣ ਬਾਰੇ ਕਈ ਸਵਾਲ ਖੜ੍ਹੇ ਹੁੰਦੇ ਹਨ। ਇਸ ਤੋਂ ਪਹਿਲਾਂ ਕਿ ਇਹ ਦੇਸ਼ ਵਿੱਚ ਸਮਾਜਿਕ ਸਦਭਾਵਨਾ ਨੂੰ ਹੋਰ ਅਸਥਿਰ ਕਰਨ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸੰਕਟ ’ਤੇ ਕਾਬੂ ਪਾਉਣ ਲਈ ਫ਼ੈਸਲਾਕੁਨ ਕਾਰਵਾਈ ਕਰੇ।