ਪੰਜਾਬੀ ਲਿਖਾਰੀ ਸਭਾ ਦੀ ਮੀਟਿੰਗ ’ਚ ਸਾਹਿਤਕਾਰਾਂ ਨੇ ਬੰਨ੍ਹਿਆ ਰੰਗ
ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 17 ਨਵੰਬਰ
ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਮਹੀਨਾਵਾਰ ਬੈਠਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੀਬੀ ਨਾਨਕੀ ਆਡੀਟੋਰੀਅਮ ਹਾਲ ਵਿੱਚ ਸਭਾ ਦੇ ਸੀਨੀਅਰ ਮੈਂਬਰ ਗੀਤਕਾਰ ਉਪਕਾਰ ਸਿੰਘ ਦਿਆਲਪੁਰੀ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਸੀਨੀਅਰ ਮੈਂਬਰ ਅਮਰ ਸਿੰਘ ਸੈਂਪਲਾ ਨੇ ਕਹਾਣੀ ਨਾਲ ਬੈਠਕ ਦੀ ਸ਼ੁਰੂਆਤ ਕੀਤੀ। ਮਲਕੀਤ ਸਿੰਘ ਵਾਲੀਆ ਨੇ ਕਹਾਣੀ ਪੜ੍ਹੀ। ਇੰਜ. ਹਰਜਿੰਦਰ ਸਿੰਘ ਖੰਨਾ ਨੇ ਕਹਾਣੀ ਸੁਣਾਈ ਜੋ ਵਹਿਮ-ਭਰਮ ਉਪਰ ਕਟਾਕਸ਼ ਕਰਦੀ ਸੀ। ਸਨੇਹਇੰਦਰ ਮੀਲੂ ‘ਫਰੌਰ’ ਨੇ ਨਵੀਂ ਲਿਖੀ ਕਹਾਣੀ ਪੜ੍ਹ ਕੇ ਸੁਣਾਈ। ਇਨ੍ਹਾਂ ਕਹਾਣੀਆਂ ਉਪਰ ਭਰਵੀਂ ਵਿਚਾਰ-ਚਰਚਾ ਹੋਈ। ਹਰ ਕਹਾਣੀ ਵਿੱਚੋਂ ਸਾਰਥਿਕ ਸਮਾਜਿਕ ਸੁਨੇਹਾ ਉਭਰਦਾ ਸੀ।
ਇਸ ਉਪਰੰਤ ਮਨਦੀਪ ਸਿੰਘ ਮਾਣਕੀ, ਅਵਤਾਰ ਸਿੰਘ ਮੰਨਾ, ਹਰਬੰਸ ਸਿੰਘ ਸ਼ਾਨ ਬਗਲੀ ਕਲਾਂ, ਉਪਕਾਰ ਸਿੰਘ ਦਿਆਲਪੁਰੀ ਨੇ ਗੀਤ ਗਾਇਆ। ਰਾਜ ਸਿੰਘ ਬਦੌਛੀ ਨੇ ਬਾਲ ਕਵਿਤਾ ਸੁਣਾਈ, ਅਵਤਾਰ ਸਿੰਘ ਚਾਨਾ ਮਦਰਾਸ ਵਾਲਿਆ ਨੇ ਗਜ਼ਲ ਦੇ ਸ਼ੇਅਰ ਸੁਣਾਏ। ਸਭਾ ਦੀ ਸਮਾਪਤੀ ਉਪਰੰਤ ਮੁੜ ਮਿਲਣ ਦੇ ਵਾਅਦੇ ਨਾਲ ਪ੍ਰਧਾਨਗੀ ਕਰ ਰਹੇ ਉਪਕਾਰ ਸਿੰਘ ਦਿਆਲਪੁਰੀ ਨੇ ਧੰਨਵਾਦ ਕੀਤਾ। ਇਸ ਮੌਕੇ ਲੇਖਕ ਰਾਜ ਸਿੰਘ ਬਦੌਛੀ ਨੇ ਆਪਣੇ ਭਤੀਜੇ ਦੇ ਸਰਪੰਚ ਬਣਨ ਦੀ ਖੁਸ਼ੀ ਵਿੱਚ ਹਾਜ਼ਰੀਨ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਲੇਖਕ ਜਨਰਲ ਸਕੱਤਰ ਵਿਸ਼ਵ ਸਿੱਖ ਸਾਹਿਤ ਅਕੈਡਮੀ ਪਾਇਲ ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਨੇ ਆਪਣੀ ਨਵੀਂ ਕਾਵਿ ਪੁਸਤਕ ‘ਕਲਮ ਦਾ ਸੱਚ’ ਸਭਾ ਦੇ ਮੈਂਬਰਾਨ ਨੂੰ ਭੇਟ ਕੀਤੀ। ਬੈਠਕ ਦੀ ਕਾਰਵਾਈ ਵਿੱਚ ਸਮਾਜ ਸੇਵੀ ਅਤੇ ਲੇਖਕ ਨਰਿੰਦਰ ਭਾਟੀਆ, ਪਰਮਜੀਤ ਸਿੰਘ ਧੀਮਾਨ, ਸਤਪਾਲ ਅਤੇ ਤੇਜਪਾਲ ਸਿੰਘ ਮਰਜਾਰਾ ਆਦਿ ਨੇ ਵਿਚਾਰ ਪੇਸ਼ ਕੀਤੇ ਜਦੋਂਕਿ ਪਰਮਜੀਤ ਸਿੰਘ ਧੀਮਾਨ ਅਤੇ ਐੱਸ ਮੀਲੂ ਫਰੌਰ ਨੇ ਕਾਰਵਾਈ ਚਲਾਈ।