ਸਾਹਿਤ ਸਭਾ ਦੀ ਮੀਟਿੰਗ ਵਿੱਚ ਗੀਤਕਾਰ ਚਰਨ ਲਿਖਾਰੀ ਨਾਲ ਰੂ-ਬ-ਰੂ
ਪੱਤਰ ਪ੍ਰੇਰਕ
ਮਾਛੀਵਾੜਾ, 24 ਜੁਲਾਈ
ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਨਿਊ ਹਾਲ ਲਾਟੋਂ ਰੋਡ ਵਿੱਚ ਸਭਾ ਦੇ ਸੇਵਾਦਾਰ ਗੁਰਸੇਵਕ ਸਿੰਘ ਢਿੱਲੋਂ ਤੇ ਸਮੂਹ ਸਾਹਿਤਕਾਰਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਦੇ ਸ਼ੁਰੂਆਤੀ ਦੌਰ ਵਿਚ ਪ੍ਗ਼ਜ਼ਲਗੋ ਤੇ ਕਹਾਣੀਕਾਰ ਗੁਰਦਿਆਲ ਦਲਾਲ ਨੂੰ ਕਰਨਲ ਭੱਠਲ ਪੁਰਸਕਾਰ ਮਿਲਣ ’ਤੇ ਖੁਸ਼ੀ ਸਾਂਝੀ ਕੀਤੀ ਗਈ। ਗੀਤਕਾਰ ਚਰਨ ਲਿਖਾਰੀ, ਗੁਰਸੇਵਕ ਸਿੰਘ ਢਿੱਲੋਂ, ਕਹਾਣੀਕਾਰ ਗੁਰਦਿਆਲ ਦਲਾਲ, ਅਨਿਲ ਫਤਿਹਗੜ੍ਹ ਜੱਟਾਂ, ਜਸਵੀਰ ਸਿੰਘ ਝੱਜ ਨੇ ਪਹਿਲੇ ਸ਼ੈਸ਼ਨ ਦੀ ਪ੍ਰਧਾਨਗੀ ਕੀਤੀ। ਉਪਰੰਤ ਗੀਤਕਾਰ ਚਰਨ ਲਿਖਾਰੀ ਸਾਹਿਤਕਾਰਾਂ ਦੇ ਰੂ-ਬ-ਰੂ ਹੋਏ। ਉਨ੍ਹਾਂ ਆਪਣੇ ਬਹੁ ਚਰਚਿਤ ਗੀਤ ‘ਗੱਲਾਂ ਦੱਸ ਲਾਹੌਰ ਦੀਆਂ’, ‘ਜੱਟ ਦੀ ਅਕਲ’, ‘ਹੀਰ’ ਆਦਿਕ ਗੀਤ ਗਾ ਕੇ ਪੇਸ਼ ਕੀਤੇ। ਸਭਾ ਵੱਲੋਂ ਗੀਤਕਾਰ ਚਰਨ ਲਿਖਾਰੀ ਦਾ ਚਾਂਦੀ ਦੇ ਪੈਨ ਅਤੇ 11000 ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਲੇਖਕ ਮਨਜੀਤ ਸਿੰਘ ਘੁੰਮਣ ਦੀ ਪੁਸਤਕ ‘ਮੇਰੀ ਸੋਚ’ ਵੀ ਇਸ ਸਮਾਗਮ ਵਿੱਚ ਰਿਲੀਜ਼ ਕੀਤੀ ਗਈ। ਸਮਾਗਮ ਵਿਚ ਗੁਰਜੋਬਨ ਸਿੰਘ ਗੁਰਾਇਆ, ਕੇਸਰ ਸਿੰਘ ਲਾਡੀ ਨੇ ਸਭਾ ਦਾ ਭਰਪੂਰ ਸਹਿਯੋਗ ਦਿੱਤਾ। ਦੂਸਰੇ ਸ਼ੈਸ਼ਨ ਵਿਚ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਗੀਤਕਾਰ ਜਗਜੀਤ ਗੁਰਮ, ਮਨਜੀਤ ਸਿੰਘ ਧੰਜਲ, ਹਰਬੰਸ ਸਿੰਘ ਮਾਲਵਾ, ਸੁਖਵੀਰ ਸਿੰਘ ਮੁਹਾਲੀ ਨੇ ਕੀਤੀ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਭੈਣੀ ਸਾਹਿਬ, ਪ੍ਰੀਤਮ ਸਿੰਘ, ਕੁਲਦੀਪ ਸਿੰਘ, ਬਲਜਿੰਦਰ ਸਿੰਘ ਨੇ ਵੀ ਸਮਾਗਮ ਵਿਚ ਹਾਜ਼ਰੀ ਲਵਾਈ। ਗੁਰਸੇਵਕ ਸਿੰਘ ਢਿੱਲੋਂ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਕਹਾਣੀਕਾਰ ਤਰਨ ਬੱਲ ਨੇ ਸਟੇਜ ਦੀ ਭੂਮਿਕਾ ਨਿਭਾਈ।