ਸਰਕਾਰੀ ਹਸਪਤਾਲ ’ਚ ਦੂਜੇ ਦਿਨ ਵੀ ਨਾ ਚੱਲੀ ਐਕਸਰੇਅ ਮਸ਼ੀਨ, ਮਰੀਜ਼ ਪ੍ਰੇਸ਼ਾਨ
ਪੱਤਰ ਪ੍ਰੇਰਕ
ਜਲੰਧਰ, 24 ਸਤੰਬਰ
ਸਿਵਲ ਹਸਪਤਾਲ ’ਚ ਪਿਛਲੇ 15 ਦਿਨਾਂ ’ਚ ਦੂਜੀ ਵਾਰ ਐਕਸਰੇਅ ਮਸ਼ੀਨ ਬੰਦ ਹੋਈ। ਲਗਾਤਾਰ ਦੂਜੇ ਦਿਨ ਵੀ ਮਸ਼ੀਨ ਬੰਦ ਰਹਿਣ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਲਾਜ਼ਮਾਂ ਵੱਲੋਂ ਐਕਸਰੇਅ ਮਸ਼ੀਨ ਚਲਾਉਣ ਲਈ ਏਸੀ ਲਗਾਉਣ ਦੀ ਮੰਗ ਕੀਤੀ ਗਈ। ਦਾਨੀ ਸੱਜਣਾਂ ਵੱਲੋਂ ਹਸਪਤਾਲ ਨੂੰ ਦੋ ਏਸੀ ਦਾਨ ਕਰਨ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੋਇਆ। ਹਸਪਤਾਲ ਪ੍ਰਸ਼ਾਸਨ ਨਵਾਂ ਏਸੀ ਲਗਵਾ ਕੇ ਸਮੱਸਿਆ ਹੱਲ ਕਰਨ ਦੀ ਗੱਲ ਕਰ ਰਿਹਾ ਹੈ। ਹਾਲਾਂਕਿ ਸਿਵਲ ਹਸਪਤਾਲ ’ਚ ਰੋਜ਼ਾਨਾ 90 ਦੇ ਕਰੀਬ ਮਰੀਜ਼ ਐਕਸਰੇਅ ਕਰਵਾਉਣ ਲਈ ਆਉਂਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ’ਚ ਦੋ ਐਕਸਰੇਅ ਮਸ਼ੀਨਾਂ ਲੱਗੀਆਂ ਹੋਈਆਂ ਹਨ। ਐਕਸਰੇਅ ਤਿਆਰ ਕਰਨ ਵਾਲੇ ਕਮਰੇ ’ਚ ਏਸੀ ਖ਼ਰਾਬ ਹੋਣ ਕਾਰਨ ਮਸ਼ੀਨਾਂ ਬੰਦ ਹੋ ਗਈਆਂ ਹਨ। ਐਕਸਰੇਅ ਮਸ਼ੀਨ ਲਈ 20 ਤੋਂ 24 ਡਿਗਰੀ ਸੈਲਸੀਅਸ ਤਾਪਮਾਨ ਦੀ ਲੋੜ ਹੁੰਦੀ ਹੈ। ਏਸੀ ਖ਼ਰਾਬ ਹੋਣ ਕਾਰਨ ਕਮਰੇ ਦਾ ਤਾਪਮਾਨ 40 ਡਿਗਰੀ ਸੈਲਸੀਅਸ ’ਤੇ ਪਹੁੰਚਣ ’ਤੇ ਮਸ਼ੀਨ ਬੰਦ ਹੋ ਗਈ। ਹਾਲਾਂਕਿ ਐਕਸਰੇ ਦੀਆਂ ਐਮਰਜੈਂਸੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਰੁਟੀਨ ’ਚ ਮਰੀਜ਼ਾਂ ਨੂੰ ਐਕਸਰੇ ਕਰਵਾਉਣ ਲਈ ਪ੍ਰਾਈਵੇਟ ਸੈਂਟਰਾਂ ’ਚ ਜਾਣਾ ਪੈਂਦਾ ਹੈ ਅਤੇ ਉੱਥੇ ਐਕਸਰੇਅ ਕਰਵਾਉਣ ਲਈ ਵਾਧੂ ਖ਼ਰਚੇ ਦਾ ਬੋਝ ਝੱਲਣਾ ਪੈਂਦਾ ਹੈ। ਸਿਵਲ ਹਸਪਤਾਲ ਦੀ ਐੱਮਐੱਸ ਡਾ. ਗੀਤਾ ਕਟਾਰੀਆ ਦਾ ਕਹਿਣਾ ਹੈ ਕਿ ਏਸੀ ਬਦਲਣ ਦੀ ਪ੍ਰਕਿਰਿਆ ਚੱਲ ਰਹੀ ਹੈ ਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ।