ਲੜਕੀਆਂ ਦੇ ਕਾਲਜ ’ਚ ‘ਮੇਲਾ ਧੀਆਂ ਦੇ’ ਨਾਲ ਲੱਗੀਆਂ ਰੌਣਕਾਂ
ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਸਤੰਬਰ
ਸਰਕਾਰੀ ਕਾਲਜ ਲੜਕੀਆਂ ਵਿੱਚ ਅੱਜ ‘ਮੇਲਾ ਧੀਆਂ ਦਾ’ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਪੰਜਾਬ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਮੁੱਖ ਮਹਿਮਾਨ ਵਜੋਂ ਜਦਕਿ ਮਨਵਿੰਦਰ ਸਿੰਘ ਗਿਆਸਪੁਰਾ ਦੀ ਪਤਨੀ ਰਮਨਦੀਪ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਸੁਮਨ ਲਤਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ।
ਸਮਾਗਮ ਦੌਰਾਨ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਕਾਲਜ ਦੀਆਂ ਵਿਦਿਆਰਥਣਾਂ ਨੇ ਗਿੱਧੇ ਦੀ ਪੇਸ਼ਕਾਰੀ ਰਾਹੀਂ ਚੰਗਾ ਰੰਗ ਬੰਨ੍ਹਿਆ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਨੇ ਵਿਦਿਆਰਥਣਾਂ ਨਾਲ ਨੱਚ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਇੱਕ ਪਹਿਲਕਦਮੀ, ‘ਸਟਾਰਟਅਪ ਚੈਲੇਂਜ ਫਿਊਚਰ ਟਾਈਕੂਨ’ ਥੀਮ ਉੱਤੇ ਇੱਕ ਸਕਿੱਟ ਵੀ ਪ੍ਰਦਰਸ਼ਿਤ ਕੀਤੀ ਗਈ। ਸਮਾਗਮ ਦੌਰਾਨ ਵੱਖ-ਵੱਖ ਖੇਡਾਂ ਵਿੱਚ ਰਾਜ ਪੱਧਰੀ ਮੁਕਾਬਲਿਆਂ ਵਿੱਚ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਟੇਜ ’ਤੇ ਸਨਮਾਨਿਤ ਕੀਤਾ ਗਿਆ। ਕਾਲਜ ਕੈਂਪਸ ਵਿੱਚ ਥਾਂ-ਥਾਂ ਚੂੜੀਆਂ, ਗਹਿਣੇ, ਸੂਟ, ਗਿਫਟ ਆਈਟਮਾਂ ਦੇ ਵੱਖ-ਵੱਖ ਸਟਾਲ ਲਗਾਏ ਗਏ ਸਨ। ਕਾਲਜ ਵਿਦਿਆਰਥੀਆਂ ਨੇ ਵੱਖ ਵੱਖ ਪਕਵਾਨਾਂ ਦਾ ਆਨੰਦ ਮਾਣਿਆ। ਸਟਾਫ਼ ਦੇ ਨਾਲ-ਨਾਲ ਵਿਦਿਆਰਥੀਆਂ ਦੇ ਬੋਧਿਕ ਹੁਨਰ ਨੂੰ ਨਿਖਾਰਨ ਲਈ ਕਈ ਖੇਡਾਂ ਵੀ ਕਰਵਾਈਆਂ ਗਈਆਂ। ਕਾਲਜ ਦੇ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, ਜਿਸ ਵਿੱਚ ਟੱਪੇ, ਸੁਹਾਗ, ਪੰਜਾਬੀ ਲੋਕ ਗੀਤ ਆਦਿ ਸ਼ਾਮਲ ਸਨ। ਮੇਲੇ ਦਾ ਵਿਸ਼ੇਸ਼ ਆਕਰਸ਼ਣ ਪੰਜਾਬੀ ਸੁੰਦਰਤਾ ਮੁਕਾਬਲਾ ਰਿਹਾ। ਇਸ ਮੌਕੇ ਅਨੀਤਾ ਸ਼ਰਮਾ, ਪਰਮਜੀਤ ਕੌਰ ਪਾਸੀ ਨੇ ਜੱਜਾਂ ਦੀ ਭੂਮਿਕਾ ਨਿਭਾਈ।
ਮੁੱਖ ਮਹਿਮਾਨ ਡਾ. ਗੁਰਪ੍ਰੀਤ ਕੌਰ ਮਾਨ ਨੇ ਸੱਦੇ ਲਈ ਰਮਨਦੀਪ ਕੌਰ ਅਤੇ ਕਾਲਜ ਪ੍ਰਿੰਸੀਪਲ ਸੁਮਨ ਲਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪੰਜਾਬ ਦੇ ਸੱਭਿਆਚਾਰ ਅਤੇ ਵਿਰਸੇ ਨੂੰ ਸੰਭਾਲਣ ਲਈ ਪ੍ਰਿੰਸੀਪਲ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਡਾ ਸੱਭਿਆਚਾਰ ਬਹੁਤ ਅਮੀਰ ਹੈ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਕਾਲਜ ਨੇ ਇਸ ਅਮੀਰ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਉਨ੍ਹਾਂ ਨੇ ਕਾਲਜ ਦੇ ਵਿਰਾਸਤੀ ਘਰ ਦਾ ਦੌਰਾ ਕਰਕੇ ਬਹੁਤ ਖੁਸ਼ੀ ਮਹਿਸੂਸ ਕੀਤੀ। ਉਨ੍ਹਾਂ ਨੇ ਕਾਲਜ ਦੇ ਆਡੀਟੋਰੀਅਮ ਦੇ ਨਵੀਨੀਕਰਨ ਲਈ 25 ਲੱਖ ਰੁਪਏ ਦੀ ਗ੍ਰਾਂਟ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਫੋਕਸ ਰਹਿਣ ਅਤੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਵਿੱਚ ਵਿਧਾਇਕ ਗੁਰਪ੍ਰੀਤ ਬੱਸੀ, ਮਦਨ ਲਾਲ ਬੱਗਾ, ਹਰਦੀਪ ਸਿੰਘ ਮੁੰਡੀਆਂ, ਰਾਜਿੰਦਰਪਾਲ ਕੌਰ ਛੀਨਾ, ਕੁਲਵੰਤ ਸਿੱਧੂ ਅਤੇ ਇੰਜ. ਮਨਵਿੰਦਰ ਸਿੰਘ ਗਿਆਸਪੁਰਾ, ਡਾ. ਸੁਖਚੈਨ ਗੋਗੀ, ਡੀਸੀ ਸਾਕਸ਼ੀ ਸਾਹਨੀ ਅਤੇ ਹੋਰ ਕਈ ਅਧਿਕਾਰੀ ਅਤੇ ਸ਼ਖਸੀਅਤਾਂ ਹਾਜ਼ਰ ਸਨ।