ਚੋਣਾਂ ’ਚ ‘ਆਪ’ ਨੂੰ ਜੁਮਲੇਬਾਜ਼ੀ ਦਾ ਜਵਾਬ ਮਿਲਿਆ: ਬਾਜਵਾ
ਐੱਨਪੀ ਧਵਨ
ਪਠਾਨਕੋਟ, 13 ਜੂਨ
ਪੰਜਾਬ ਸਰਕਾਰ ਦੇ ਢਾਈ ਸਾਲ ਦੇ ਕਾਰਜਕਾਲ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੀ ਜਨਤਾ ਨੇ ਲੋਕ ਸਭਾ ਚੋਣਾਂ ਵਿੱਚ ‘ਆਪ’ ਨੂੰ ਕਰਾਰਾ ਜਵਾਬ ਦਿੱਤਾ ਹੈ, ਜੋ ਜੁਲਮੇਬਾਜ਼ੀ ਮੋਦੀ ਕੇਂਦਰ ਵਿੱਚ ਕਰਦੇ ਸਨ, ਉਹੀ ਜੁਮਲੇਬਾਜ਼ੀ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੀ। ਇਸ ਦੇ ਨਤੀਜੇ ਵਜੋਂ ਆਉਣ ਵਾਲੇ ਸਮੇਂ ਵਿੱਚ ਵੀ ਜਨਤਾ ਪੰਚਾਇਤੀ ਚੋਣਾਂ ਵਿੱਚ ਇਸ ਦਾ ਢੁੱਕਵਾਂ ਜਵਾਬ ਦੇਵੇਗੀ। ਇਹ ਪ੍ਰਗਟਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸ਼ਾਮ ਨੂੰ ਹਲਕਾ ਭੋਆ ਦੇ ਬਨੀਲੋਧੀ ਸੁੰਦਰਚੱਕ ਸਥਿਤ ਸਾਬਕਾ ਵਿਧਾਇਕ ਜੁਗਿੰਦਰ ਪਾਲ ਦੇ ਕਾਂਗਰਸ ਦਫਤਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਕੀਤਾ। ਉਹ ਸਾਬਕਾ ਵਿਧਾਇਕ ਜੁਗਿੰਦਰ ਪਾਲ ਦਾ ਹਾਲ-ਚਾਲ ਜਾਣਨ ਲਈ ਪੁੱਜੇ ਹੋਏ ਸਨ। ਸ੍ਰੀ ਬਾਜਵਾ ਨੇ ਲੋਕ ਸਭਾ ਚੋਣ ਵਿੱਚ ਕਾਂਗਰਸ ਪਾਰਟੀ ਦੀ ਹੋਈ ਜਿੱਤ ’ਤੇ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਹਲਕੇ ਵਿੱਚ ਕਾਂਗਰਸ ਪਾਰਟੀ ਦੇ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਉਪਰ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਅੱਜ ਕੋਈ ਵੀ ਅਜਿਹਾ ਸਰਕਾਰੀ ਦਫਤਰ ਨਹੀਂ, ਜਿੱਥੇ ਰਿਸ਼ਵਤ ਨਾ ਲਈ ਜਾਂਦੀ ਹੋਵੇ। ਇਸ ਮੌਕੇ ਸੁਜਾਨਪੁਰ ਦੇ ਵਿਧਾਇਕ ਨਰੇਸ਼ ਪੁਰੀ, ਚੇਅਰਮੈਨ ਰਾਜ ਕੁਮਾਰ ਸਿਹੋੜਾ, ਚੇਅਰਮੈਨ ਲਖਬੀਰ ਸਿੰਘ ਲੱਕੀ, ਜ਼ਿਲ੍ਹਾ ਪ੍ਰਧਾਨ ਗੋਰਾ ਸੈਣੀ, ਜ਼ਿਲ੍ਹਾ ਪਰਿਸ਼ਦ ਮੈਂਬਰ ਰਾਕੇਸ਼ ਬੌਬੀ, ਜ਼ਿਲ੍ਹਾ ਓਬੀਸੀ ਸੈੱਲ ਪ੍ਰਧਾਨ ਕੁਲਜੀਤ ਸੈਣੀ, ਪੰਮਾ ਚੇਅਰਮੈਨ, ਤਰਸੇਮ ਰਤੜਵਾਂ ਆਦਿ ਹਾਜ਼ਰ ਸਨ।