ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ’ਚ ਸੰਭਾਵੀ ਅਹੁਦੇਦਾਰਾਂ ਨੇ ਲਾਏ ਇੱਕ ਦੂਜੇ ਨੂੰ ‘ਜੱਫੇ’
ਸ਼ਗਨ ਕਟਾਰੀਆ
ਬਠਿੰਡਾ, 9 ਸਤੰਬਰ
ਪੰਜਾਬ ਕਬੱਡੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਅੱਜ ਹੰਗਾਮੇ ਦੀ ਭੇਟ ਚੜ੍ਹ ਗਈ। ਸਇਸ ਪ੍ਰਕਿਰਿਆ ਲਈ ਇਥੇ ਬੀਬੀ ਵਾਲਾ ਰੋਡ ’ਤੇ ਸਥਿਤ ਇਕ ਹੋਟਲ ਵਿੱਚ ਰੱਖੀ ਮੀਟਿੰਗ ’ਚ ਉਦੋਂ ਰੱਫੜ ਪਿਆ, ਜਦੋਂ ਕੁੱਝ ਨੌਜਵਾਨਾਂ ਨੇ ‘ਧੱਕੇਸ਼ਾਹੀ’ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਹੋਇਆਂ ਮੰਚ ’ਤੇ ਚੜ੍ਹ ਕੇ ਉਥੇ ਪਏ ਦਸਤਾਵੇਜ਼ ਕਥਿਤ ਤੌਰ ’ਤੇ ਪਾੜ ਦਿੱਤੇ। ਸਵੇਰੇ 9 ਤੋਂ 11 ਵਜੇ ਵਿਚਕਾਰ ਨਾਮਜ਼ਦਗੀਆਂ ਦਾ ਅਮਲ ਨੇਪਰੇ ਚੜ੍ਹਾਇਆ ਜਾਣਾ ਸੀ, ਪਰ ਇਸੇ ਦੌਰਾਨ ‘ਧੱਕਾ-ਮੁੱਕੀ’ ਸ਼ੁਰੂ ਹੋ ਗਈ। ਇਥੇ ਹਾਜ਼ਰ ਪੁਲੀਸ ਨੇ ਵਿੱਚ ਆ ਕੇ ਦੋਹਾਂ ਧਿਰਾਂ ਨੂੰ ਵੱਖੋ-ਵੱਖ ਕੀਤਾ। ਐਸੋਸੀਏਸ਼ਨ ਦੇ ਚਾਰ ਦਫ਼ਾ ਪ੍ਰਧਾਨ ਰਹੇ ਤੇ ਮੌਜੂਦਾ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਕੁੱਲ 46 ਮੈਂਬਰ ਹਨ ਅਤੇ ਇਸ ਤੋਂ ਪਹਿਲਾਂ ਕਿਸੇ ਵੀ ਪਾਰਟੀ ਦੀ ਸਰਕਾਰ ਰਹੀ ਹੋਵੇ ਕਦੇ ਵੋਟਿੰਗ ਦੀ ਨੌਬਤ ਨਹੀਂ ਆਈ। ਉਨ੍ਹਾਂ ਦੱਸਿਆ ਕਿ ਅਹੁਦੇਦਾਰਾਂ ਦੀ ਚੋਣ ਚਾਰ ਸਾਲਾਂ ਲਈ ਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ 44 ਮੈਂਬਰ ਇੱਕ ਤਰਫ਼ ਹਨ ਅਤੇ 2 ਮੈਂਬਰਾਂ ਇੱਕ ਪਾਸੇ। ਉਨ੍ਹਾਂ ਦੋਸ਼ ਲਾਇਆ ਕਿ ਹਾਕਮ ਧਿਰ ਪ੍ਰਸ਼ਾਸਨ ਦੀ ਮਦਦ ਨਾਲ ਅਹੁਦਿਆਂ ’ਤੇ ਕਾਬਜ਼ ਹੋਣਾ ਲੋਚਦੀ ਹੈ। ਹੰਗਾਮੇ ਤੋਂ ਮਗਰੋਂ ਲੋਕਾਂ ਵੱਲੋਂ ਚਰਚਾ ਕੀਤੀ ਜਾ ਰਹੀ ਸੀ ਕਿ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਆਪਣੇ ਬੇਟੇ ਅਤੇ ਭਾਜਪਾ ਆਗੁ ਗੁਰਪ੍ਰੀਤ ਸਿੰਘ ਮਲੂਕਾ ਨੂੰ ਸਕੱਤਰ ਬਣਾਏ ਜਾਣ ਦੇ ਚਾਹਵਾਨ ਸਨ, ਜਦ ਕਿ ਪ੍ਰਧਾਨ ਦੇ ਰੁਤਬੇ ’ਤੇ ਬਾਦਲ ਪਰਿਵਾਰ ਦੇ ਕਰੀਬੀ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਵਿਧਾਇਕ ਗੁਰਲਾਲ ਸਿੰਘ ਘਨੌਰ ਦੀ ਨਜ਼ਰ ਸੀ। ਪੁਲੀਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਚੋਣ ਨਾਲ ਸਬੰਧਤ ਵਿਅਕਤੀਆਂ ਨੂੰ ਹੀ ਹਾਲ ਦੇ ਅੰਦਰ ਆਉਣ ਦੀ ਆਗਿਆ ਦਿੱਤੀ ਜਾਵੇ।