ਪੰਜ ਸਾਲਾਂ ’ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ’ਚ ਸੰਨ੍ਹ
* ਕੌਮੀ ਡੇਟਾਬੇਸ ਤੇੇ ਰਜਿਸਟਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ
* ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਸਿਫਾਰਸ਼
ਇਸਲਾਮਾਬਾਦ, 27 ਮਾਰਚ
ਮੁਲਕ ਦੇ ਗ੍ਰਹਿ ਮੰਤਰਾਲੇ ਨੂੰ ਦਿੱਤੀ ਜਾਣਕਾਰੀ ਅਨੁਸਾਰ 2019 ਤੋਂ 2023 ਦੇ ਅਰਸੇ ਦੌਰਾਨ 27 ਲੱਖ ਪਾਕਿਸਤਾਨੀਆਂ ਦੀ ਨਿੱਜੀ ਜਾਣਕਾਰੀ ਦੀ ਸਾਂਭ ਸੰਭਾਲ ਕਰਨ ਵਾਲੀ ਕੌਮੀ ਡੇਟਾਬੇਸ ਅਥਾਰਿਟੀ ਵਿਚ ਗੰਭੀਰ ਸੰਨ੍ਹ ਲੱਗੀ ਹੈ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਸੰਘੀ ਜਾਂਚ ਏਜੰਸੀ (ਐੱਫਆਈਏ) ਦੇ ਸੀਨੀਅਰ ਅਧਿਕਾਰੀ ਦੀ ਅਗਵਾਈ ਵਾਲੀ ਸਾਂਝੀ ਜਾਂਚ ਟੀਮ (ਜੇਆਈਟੀ) ਤੇ ਵੱਖ ਵੱਖ ਇੰਟੈਲੀਜੈਂਸ ਏਜੰਸੀਆਂ ਦੇ ਨੁਮਾਇੰਦਿਆਂ ਵੱਲੋਂ ਕੀਤੀ ਜਾਂਚ ਤੋਂ ਨੈਸ਼ਨਲ ਡੇਟਾਬੇਸ ਤੇ ਰਜਿਸਟਰੇਸ਼ਨ ਅਥਾਰਿਟੀ (ਨਾਦਰਾ) ਵਿਚ ਲੱਗੀ ਸੰਨ੍ਹ ਤੋਂ ਪਰਦਾ ਉੱਠਿਆ ਹੈ।
ਜੇਆਈਟੀ ਵੱਲੋਂ ਗ੍ਰਹਿ ਮੰਤਰਾਲੇ ਨੂੰ ਸੌਂਪੀ ਰਿਪੋਰਟ ਮੁਤਾਬਕ 2019 ਤੋਂ 2023 ਦੇ ਅਰਸੇ ਦੌਰਾਨ 27 ਲੱਖ ਪਾਕਿਸਤਾਨੀ ਨਾਗਰਿਕਾਂ ਨਾਲ ਸਬੰਧਤ ਡੇਟਾ ਨਾਦਰਾ ਡੇਟਾਬੇਸ ਤੋਂ ਚੋਰੀ ਹੋਇਆ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਨਾਦਰਾ ਦੇ ਮੁਲਤਾਨ, ਕਰਾਚੀ ਤੇ ਪਿਸ਼ਾਵਰ ਵਿਚਲੇ ਦਫ਼ਤਰ ਕਥਿਤ ਡੇਟਾ ਚੋਰੀ ਵਿਚ ਸ਼ਾਮਲ ਸਨ। ਜਾਂਚ ਰਿਪੋਰਟ ਵਿਚ ਅਥਾਰਿਟੀ ਦੇ ਸਬੰਧਤ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਸਿਫਾਰਸ਼ ਵੀ ਕੀਤੀ ਗਈ ਹੈ। ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਜਿਹੇ ਸਬੂਤ ਹਨ ਕਿ ਨਾਦਰਾ ਡੇਟਾ ਅਰਜਨਟੀਨਾ ਤੇ ਰੋਮਾਨੀਆ ਵਿਚ ਵੀ ਸਾਹਮਣੇ ਆਇਆ ਹੈ। ਚੋਰੀ ਕੀਤਾ ਡੇਟਾ ਕਥਿਤ ਮੁਲਤਾਨ ਤੋਂ ਪਿਸ਼ਾਵਰ ਤੇ ਉਥੋਂ ਦੁਬਈ ਪੁੱਜਾ। ਰਿਪੋਰਟ ਮੁਤਾਬਕ ਅਜਿਹੇ ਸਬੂਤ ਹਨ ਕਿ ਇਹ ਡੇਟਾ ਮਗਰੋਂ ਅਰਜਨਟੀਨਾ ਤੇ ਰੋਮਾਨੀਆ ਵਿਚ ਵੇਚਿਆ ਗਿਆ। ਸਾਂਝੀ ਜਾਂਚ ਟੀਮ ਨੇ ਇਸ ਕਥਿਤ ਸੰਨ੍ਹ ਮਗਰੋਂ ਤਕਨਾਲੋਜੀ ਨੂੰ ਅਪਗ੍ਰੇਡ ਕਰਨ ਦੇ ਨਾਲ ਕਸੂਰਵਾਰਾਂ ਖਿਲਾਫ਼ ਵਿਭਾਗੀ ਤੇ ਫੌਜਦਾਰੀ ਕਾਰਵਾਈ ਦੀ ਵੀ ਸਿਫ਼ਾਰਸ਼ ਕੀਤੀ ਹੈ। ਡੇਟਾ ਵਿਚ ਸੰਨ੍ਹ ਨੂੰ ਬਹੁਤ ਸੰਜੀਦਗੀ ਨਾਲ ਲਿਆ ਜਾ ਰਿਹਾ ਹੈੈ। -ਪੀਟੀਆਈ