ਵਾਤਾਵਰਨ ਸੰਕਟ ਦੇ ਪ੍ਰਸੰਗ ’ਚ ਡਾ. ਚਰਨਜੀਤ ਸਿੰਘ ਨਾਭਾ ਨੂੰ ਯਾਦ ਕਰਦਿਆਂ
ਡਾ. ਕੁਲਦੀਪ ਸਿੰਘ
ਪੰਜਾਬ ਦੇ ਵਾਤਾਵਰਨ ਨਾਲ ਸਬੰਧਿਤ ਮਸਲਿਆਂ ਨੂੰ ਅੰਕੜਿਆਂ ਅਤੇ ਤੱਥਾਂ ਨਾਲ ਪੰਜਾਬੀ ਭਾਸ਼ਾ ਵਿਚ ਲਿਖਣ ਵਾਲੇ ਵਿਗਿਆਨੀ ਡਾ. ਚਰਨਜੀਤ ਸਿੰਘ ਨਾਭਾ ਦਾ ਜਨਮ ਸਾਧਾਰਨ ਪਰਿਵਾਰ ਵਿਚ 23 ਅਪਰੈਲ 1962 ਨੂੰ ਮਾਤਾ ਗੁਰਵਿੰਦਰ ਕੌਰ ਅਤੇ ਪਿਤਾ ਜੋਗਿੰਦਰ ਸਿੰਘ ਦੇ ਘਰ ਨਾਭਾ ਵਿਚ ਹੋਇਆ। ਉਨ੍ਹਾਂ ਤਾਉਮਰ ਵਿਗਿਆਨ ਵਰਗੇ ਵਿਸ਼ੇ ਬਾਰੇ ਪੰਜਾਬੀ ਭਾਸ਼ਾ ਵਿਚ ਲਿਖਣ ਦਾ ਕਾਰਜ ਕੀਤਾ, ਇਥੋਂ ਤੱਕ ਕਿ ਉਨ੍ਹਾਂ ਆਪਣਾ ਪੀਐੱਚਡੀ ਥੀਸਸ ਜੋ ਵਿਗਿਆਨ ਵਿਸ਼ੇ ਨਾਲ ਹੀ ਸਬੰਧਿਤ ਸੀ, ਪੰਜਾਬੀ ਭਾਸ਼ਾ ਵਿਚ ਲਿਖ ਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਅਜਿਹਾ ਪਹਿਲਾ ਖੋਜਾਰਥੀ ਹੋਣ ਦਾ ਮਾਣ ਹਾਸਲ ਕੀਤਾ। ਉਨ੍ਹਾਂ ਇਸ ਖੋਜ ਕਾਰਜ ਰਾਹੀਂ ਇਹ ਸਿੱਧ ਕਰ ਦਿੱਤਾ ਕਿ ਵਿਗਿਆਨ ਦੀ ਉਚੇਰੀ ਤੋਂ ਉਚੇਰੀ ਪੜ੍ਹਾਈ ਵੀ ਪੰਜਾਬੀ ਭਾਸ਼ਾ ਵਿਚ ਕੀਤੀ ਅਤੇ ਕਰਵਾਈ ਜਾ ਸਕਦੀ ਹੈ ਕਿਉਂਕਿ ਪੰਜਾਬੀ ਭਾਸ਼ਾ ਵਿਚ ਅਥਾਹ ਸਮਰੱਥਾ ਅਤੇ ਸ਼ਬਦਾਂ ਦਾ ਖ਼ਜ਼ਾਨਾ ਹੈ। ਦੁਨੀਆ ਦੀਆਂ ਹੋਰ ਸਮਰੱਥਾ ਭਰਪੂਰ ਭਾਸ਼ਾਵਾਂ ਜਿੰਨੀ ਇਸ ਵਿਚ ਸ਼ਬਦ ਸ਼ਕਤੀ ਹੈ। ਇਉਂ ਪੰਜਾਬ ਦੀਆਂ ਸਮੁੱਚੀਆਂ ਵਿਦਿਅਕ ਸੰਸਥਾਵਾਂ, ਉਹ ਭਾਵੇਂ ਸਕੂਲ ਪੱਧਰ ਦੀਆਂ ਹੋਣ ਜਾਂ ਕਾਲਜ ਪੱਧਰ ਦੀਆਂ, ਇਥੋਂ ਤੱਕ ਕਿ ਯੂਨੀਵਰਸਿਟੀਆਂ ਵਿਚ ਵੀ ਵਿਗਿਆਨ ਦੀ ਸਿੱਖਿਆ ਮਾਤ-ਭਾਸ਼ਾ ਪੰਜਾਬੀ ਵਿਚ ਦਿੱਤੀ ਜਾ ਸਕਦੀ ਹੈ। ਉਚ ਪੱਧਰ ਦੇ ਅਜਿਹੇ ਕਾਰਜ ਇਸ ਖੇਤਰ ਵਿਚ ਕਰਨ ਨਾਲ ਪੰਜਾਬੀ ਭਾਸ਼ਾ ਨੂੰ ਹੁਲਾਰਾ ਤਾਂ ਮਿਲੇਗਾ ਹੀ ਬਲਕਿ ਵਿਗਿਆਨ ਤੇ ਗਿਆਨ ਦੀ ਭਾਸ਼ਾ ਦਾ ਪਸਾਰ ਅਤੇ ਸੰਚਾਰ ਜਨ-ਸਮੂਹ ਵਿਚ ਆਸਾਨੀ ਨਾਲ ਹੋ ਜਾਵੇਗਾ। ਇਸ ਨਾਲ ਪੰਜਾਬੀਆਂ ਦੀ ਵਿਗਿਆਨਕ ਸੂਝ ਅਤੇ ਸਮਝਦਾਰੀ ਨੂੰ ਬਲ ਮਿਲੇਗਾ। ਅਜਿਹਾ ਕਾਰਜ 1980 ਤੋਂ ਪਹਿਲਾਂ ਵਾਲੇ ਲੇਖਕਾਂ ਅਤੇ ਵਿਦਵਾਨਾਂ ਦੇ ਕਾਰਜਾਂ ਵਿਚੋਂ ਸਪੱਸ਼ਟ ਮਿਲਦਾ ਹੈ।
ਡਾ. ਚਰਨਜੀਤ ਸਿੰਘ ਨਾਭਾ ਨੇ ਬਤੌਰ ਵਿਗਿਆਨਕ ਅਫਸਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪਟਿਆਲਾ) ਵਿਚ ਕੰਮ ਕਰਦਿਆਂ ਪੰਜਾਬ ਦੇ ਵੱਖ ਵੱਖ ਖੇਤਰਾਂ ਦੇ ਵਾਤਾਵਰਨ ਮਸਲਿਆਂ, ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਤੱਥਾਂ ਤੇ ਅੰਕੜਿਆਂ ਰਾਹੀਂ ਸਮਝਿਆ ਅਤੇ ਜਾਣਿਆ। ਉਨ੍ਹਾਂ ਆਪਣੀਆਂ ਲਿਖਤਾਂ ਵਿਚ ਵਾਤਾਵਰਨ ਨੂੰ ਦਰਪੇਸ਼ ਚੁਣੌਤੀਆਂ ਤੋਂ ਪੰਜਾਬੀਆਂ ਨੂੰ ਸੁਚੇਤ ਅਤੇ ਜਾਗਰੂਕ ਕੀਤਾ। ਪਰਾਲੀ ਸਾੜਨ ਦੇ ਮਾਮਲੇ ਵਿਚ ਦਿੱਲੀ ਵਾਲੇ ਹਮੇਸ਼ਾ ਪੰਜਾਬ ਨੂੰ ਦੋਸ਼ੀ ਠਹਿਰਾਉਂਦੇ ਰਹੇ ਹਨ ਪਰ ਡਾ. ਚਰਨਜੀਤ ਸਿੰਘ ਨਾਭਾ ਨੇ ਤੱਥਾਂ ਤੇ ਅੰਕੜਿਆਂ ਸਮੇਤ ਵੱਖ ਵੱਖ ਲਿਖਤਾਂ ਰਾਹੀਂ ਅਜਿਹੀਆਂ ਦਲੀਲਾਂ ਨੂੰ ਝੁਠਲਾਇਆ। ਇਸੇ ਤਰ੍ਹਾਂ ਮੌਜੂਦਾ ਕੇਂਦਰ ਸਰਕਾਰ ਦੇ ਵਾਤਾਵਰਨ ਮੁਲਾਂਕਣ ਨੋਟੀਫਿਕੇਸ਼ਨ-2020 ਦੀ ਚੀਰ-ਫਾੜ ਕਰਦਿਆਂ ਲਿਖਿਆ ਕਿ ਇਸ ਨੋਟੀਫਿਕੇਸ਼ਨ ਨਾਲ ਆਦਿਵਾਸੀਆਂ ਤੋਂ ਉਨ੍ਹਾਂ ਦੇ ਜੰਗਲਾਂ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਜੀਵ ਵੰਨ-ਸਵੰਨਤਾ ਖ਼ਤਮ ਕੀਤੀ ਜਾ ਰਹੀ ਹੈ। ਵਾਤਾਵਰਨ ਦੇ ਮਸਲੇ ਜੋ ਰਾਜ ਸਰਕਾਰਾਂ ਦੇ ਸਨ, ਉਹ ਕੇਂਦਰ ਸਰਕਾਰ ਨੇ ਆਪਣੇ ਹੱਥ ਕਿਉਂ ਲੈ ਲਏ ਹਨ। ਉਨ੍ਹਾਂ ਨੈਸ਼ਨਲ ਗਰੀਨ ਟ੍ਰਬਿਿਨਿਊਨਲ ਦੇ 10 ਦਸੰਬਰ 2015 ਦੇ ਫੈਸਲੇ ਉਪਰ ਉਂਗਲੀ ਉਠਾਈ ਅਤੇ ਲਿਖਿਅ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਆਰਥਿਕ, ਸਮਾਜਿਕ, ਰਾਜਸੀ ਅਤੇ ਵਾਤਾਵਰਨ ਵਿਤਕਰੇ ਨਾਲ ਜੂਝ ਰਿਹਾ ਹੈ, ਹੁਣ ਵਾਤਾਵਰਨ ਸੁਰੱਖਿਆ ਐਕਟ-1986 ਦੀ ਧਾਰਾ 15 ਤਹਿਤ ਕਿਸਾਨਾਂ ਖਿਲਾਫ਼ ਫੌਜਦਾਰੀ ਮੁਕੱਦਮੇ ਦਰਜ ਕਰਨ ਦਾ ਨਵਾਂ ਫੈਸਲਾ ਮੜ੍ਹ ਦਿੱਤਾ ਹੈ ਜਿਸ ਦਾ ਸਿੱਧਾ ਭਾਵ ਹੈ ਕਿ ਇਸ ਸਭ ਕੁਝ ਲਈ ਕਿਸਾਨ ਹੀ ਕਸੂਰਵਾਰ ਹਨ। ਇਸ ਫੈਸਲੇ ਖਿਲਾਫ਼ ਕਿਸੇ ਵੀ ਸਿਆਸੀ ਪਾਰਟੀ ਨੇ ਕੋਈ ਰੀਵਿਊ ਪਟੀਸ਼ਨ ਨਹੀਂ ਪਾਈ ਅਤੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਨਹੀਂ ਮਾਰਿਆ।
ਡਾ. ਨਾਭਾ ਅਕਸਰ ਹੀ ਪੰਜਾਬ ਦੇ ਪਾਣੀਆਂ ਦੇ ਸਵਾਲ ‘ਤੇ ਆਪਣੀਆਂ ਲਿਖਤਾਂ ਵਿਚ ਦਰਜ ਕਰਦੇ ਸਨ ਕਿ ਭਾਖੜਾ ਉੱਤੇ ਸਤਲੁਜ ਨੂੰ ਬੰਨ੍ਹ ਮਾਰ ਕੇ ਅਤੇ ਨੰਗਲ ਡੈਮ ਤੋਂ ਪਾਣੀ ਵੱਡੀਆਂ ਨਹਿਰਾਂ ਵਿਚ ਪਾ ਕੇ ਪੰਜਾਬ ਦੀ ਸਾਹਰਗ ਸਤਲੁਜ ਨੂੰ ਪਾਣੀ ਤੋਂ ਵਾਂਝੇ ਕਰ ਦਿੱਤਾ ਹੈ ਅਤੇ ਹੌਲੀ ਹੌਲੀ ਸਤਲੁਜ ਨੂੰ ਮਰਨ ਕੰਢੇ ਪਹੁੰਚਾ ਦਿੱਤਾ ਹੈ। ਇਸੇ ਤਰ੍ਹਾਂ ਉਨ੍ਹਾਂ ਆਪਣੀ ਅਹਿਮ ਲਿਖਤ ‘ਹਰਿਮੰਦਰ ਸਾਹਿਬ ਨੂੰ ਪ੍ਰਦੂਸ਼ਣ ਤੋਂ ਕਿਵੇਂ ਬਚਾਈਏ’ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਰ ਸੁਝਾਵਾਂ ਤੋਂ ਇਲਾਵਾ ਇਹ ਸੁਝਾਅ ਦਿੱਤਾ ਕਿ ਸਮੁੱਚੇ ਕੰਪਲੈਕਸ ਵਿਚਲੇ ਪਾਣੀ, ਹਵਾ ਤੇ ਸ਼ੋਰ ਪ੍ਰਦੂਸ਼ਣ ਨੂੰ ਮਾਪਣ ਲਈ ਕੌਮਾਂਤਰੀ ਪੱਧਰ ‘ਤੇ ਪ੍ਰਵਾਨ ਸੁਝਾਵਾਂ ਅਨੁਸਾਰ ਅਤਿ-ਆਧੁਨਿਕ ਪ੍ਰਯੋਗਸ਼ਾਲਾ ਸੁਹਿਰਦ ਵਿਗਿਆਨੀਆਂ ਦੀ ਨਿਗਰਾਨੀ ਹੇਠ ਬਣਾਈ ਜਾਵੇ ਤਾਂ ਕਿ ਹਰ ਕਿਸਮ ਦੀ ਪਵਿੱਤਰਤਾ ਬਹਾਲ ਰੱਖੀ ਜਾਵੇ। ਉਹ ਇਸ ਗੱਲ ਤੋਂ ਚਿੰਤਤ ਰਹਿੰਦੇ ਸਨ ਕਿ ਪੰਜ-ਆਬਾਂ ਦੀ ਧਰਤੀ ਪੰਜ-ਪ੍ਰਦੂਸ਼ਣਾਂ ਦੀ ਧਰਤੀ ਬਣ ਰਹੀ ਹੈ। ਇਸ ਨੂੰ ਮੋੜਾ ਦੇਣ ਲਈ ਪੰਜਾਬ ਦੇ ਚਿੰਤਕਾਂ ਅਤੇ ਸੰਘਰਸ਼ਸ਼ੀਲ ਲੋਕਾਂ ਦੀ ਜਿ਼ੰਮੇਵਾਰੀ ਹੈ ਕਿ ਵਾਤਾਵਰਨ ਪੱਖੀ ਅਰਥਚਾਰਾ ਮੁੜ ਉਸਾਰਿਆ ਜਾਵੇ। ਉਹ ਪੰਜਾਬ ਦੇ ਵਾਤਾਵਰਨ ਵਿਚ ਆਏ ਵਿਗਾੜ ਨੂੰ ਦੋ-ਫ਼ਸਲੀ ਚੱਕਰ (ਕਣਕ ਤੇ ਝੋਨਾ) ਨੂੰ ਮੁੱਖ ਦੋਸ਼ੀ ਮੰਨਦੇ ਸਨ ਕਿਉਂਕਿ ਇਸ ਨਾਲ ਬਹੁ-ਗੁਣੀ ਸੂਤਰੀ ਵੰਨ-ਸਵੰਨਤਾ ਦਾ ਵਿਕਾਸ ਰੁਕ ਗਿਆ, ਜੀਵ ਜੰਤੂਆਂ ਦੀਆਂ ਕਈ ਜਾਤੀਆਂ ਲੋਪ ਹੋ ਗਈਆਂ ਅਤੇ ਪਾਣੀ ਦਾ ਸੰਕਟ ਗੰਭੀਰ ਹੋ ਗਿਆ।
ਡਾ. ਨਾਭਾ ਨੇ ਵਾਤਾਵਰਨ ਨਾਲ ਸਬੰਧਿਤ ਮਸਲਿਆਂ ਦੇ ਨਾਲ ਨਾਲ ਦੋ ਪੁਸਤਕਾਂ ‘ਵਾਤਾਵਰਣ ਚੇਤਨਾ ਲਹਿਰ ਦੀ ਲੋੜ’ ਅਤੇ ‘ਗੁਰਬਾਣੀ ਤੇ ਕੁਦਰਤ’ ਵੀ ਲਿਖੀਆਂ। ਇਸ ਦੇ ਨਾਲ ਹੀ ਉਹ ਭਾਰਤ-ਪਾਕਿਸਤਾਨ ਸਬੰਧਾਂ ਦੇ ਸਵਾਲ ‘ਤੇ ਫੋਕਲੋਰ ਰਿਸਰਚ ਅਕਾਦਮੀ (ਅੰਮ੍ਰਿਤਸਰ) ਦੇ ਮੁਢਲੇ ਮੈਂਬਰ ਸਨ ਅਤੇ ਤਾਉਮਰ ਇਸ ਵਿਚ ਕਾਰਜਸ਼ੀਲ ਰਹੇ। ਉਨ੍ਹਾਂ ਅਕਾਦਮੀ ਦੇ ਮੈਗਜ਼ੀਨ ‘ਪੰਜ-ਪਾਣੀ’ ਵਿਚ ਅਹਿਮ ਲਿਖਤਾਂ ਛਪਵਾਉਣ ਦੇ ਨਾਲ ਨਾਲ ਅੱਠ ਕਿਤਾਬਾਂ ਵੀ ਸੰਪਾਦਿਤ ਕੀਤੀਆਂ ਜਿਨ੍ਹਾਂ ਵਿਚ ‘ਮਾਖਿਓ ਮਿੱਠੀ ਮਾਂ ਬੋਲੀ’, ‘ਤਾਂਘ ਜਨਮ ਭੋਇੰ ਦੀ’ ਆਦਿ ਸ਼ਾਮਿਲ ਹਨ। ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਦੋਹਾਂ ਪੰਜਾਬਾਂ ਦੀ ਆਪਸੀ ਸਾਂਝ ਡੂੰਘੀ ਹੋਵੇ ਅਤੇ ਇਸ ਖਿੱਤੇ ਵਿਚ ਅਮਨ ਤੇ ਸ਼ਾਂਤੀ ਦਾ ਮਾਹੌਲ ਸਿਰਜ ਕੇ ਦੋਵੇਂ ਦੇਸ਼ ਆਪਣੇ ਸਭਿਆਚਾਰਾਂ ਅਤੇ ਆਰਥਿਕਤਾਵਾਂ ਨੂੰ ਪ੍ਰਫੁੱਲਤ ਕਰਨ। ਉਨ੍ਹਾਂ ਨੂੰ ਆਸ ਅਤੇ ਵਿਸ਼ਵਾਸ ਸੀ ਕਿ ਵਾਤਾਵਰਨ ਦੇ ਸਵਾਲ ‘ਤੇ ਦੇਰ ਸਵੇਰ ਪੰਜਾਬ ਦੇ ਲੋਕ ਇਸ ਨੂੰ ਬਚਾਉਣ ਵਾਸਤੇ ਲੜਨਗੇ।
ਸੰਪਰਕ: 98151-15429