ਭਾਰਤ ਮਾਲਾ ਪ੍ਰਾਜੈਕਟ ਮਾਮਲੇ ਵਿੱਚ ਸਰਕਾਰ ਵਾਅਦੇ ਤੋਂ ਮੁੱਕਰੀ: ਕਿਸਾਨ ਆਗੂ
ਸੰਤੋਖ ਗਿੱਲ
ਗੁਰੂਸਰ ਸੁਧਾਰ, 20 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਚਰਨਜੀਤ ਸਿੰਘ ਫੱਲੇਵਾਲ ਤੇ ਮਨੋਹਰ ਸਿੰਘ ਕਲਾਹੜ ਨੇ ਇਕ ਮੀਟਿੰਗ ਤੋਂ ਬਾਅਦ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਮਾਲਾ ਪ੍ਰਾਜੈਕਟ ਤਹਿਤ ਜਬਰੀ ਜ਼ਮੀਨਾਂ ਗ੍ਰਹਿਣ ਕਰਨ ਦੇ ਮਾਮਲੇ ਵਿੱਚ ਸੂਬਾ ਸਰਕਾਰ ਨੇ ਕਿਸਾਨਾਂ ਦੀ ਸਹਿਮਤੀ ਨਾਲ ਮਸਲਾ ਹੱਲ ਕਰਨ ਦੇ ਆਪਣੇ ਵਾਅਦੇ ਤੋਂ ਪੈਰ ਪਿਛਾਂਹ ਖਿੱਚ ਲਏ ਹਨ। ਜਿਹੜੇ ਕਿਸਾਨਾਂ ਨੇ ਹਾਲੇ ਤੱਕ ਮੁਆਵਜ਼ਾ ਚੈੱਕ ਹਾਸਲ ਨਹੀਂ ਕੀਤੇ ਅਤੇ ਨਿਗੂਣਾ ਮੁਆਵਜ਼ਾ ਪ੍ਰਵਾਨ ਨਹੀਂ ਕੀਤਾ ਹੈ, ਉਨ੍ਹਾਂ ਦੀਆਂ ਜ਼ਮੀਨਾਂ ਵਿੱਚ ਦਾਖਲ ਨਾ ਹੋਣ ਦੇ ਵਾਅਦੇ ਬਾਰੇ ਹੁਣ ਟਾਲਮਟੋਲ ਦੀ ਨੀਤੀ ਅਪਣਾ ਕੇ ਕਿਸਾਨਾਂ ਨੂੰ ਖੱਜਲ-ਖ਼ੁਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਤੇਰ੍ਹਾਂ ਮਹੀਨੇ ਤੋਂ ਵਧੇਰੇ ਸਮਾਂ ਹੋ ਗਿਆ ਹੈ ਕਿਸਾਨ ਪੱਕਾ ਮੋਰਚਾ ਲਾ ਕੇ ਬੈਠੇ ਹਨ, ਪਰ ਸਰਕਾਰ ਜਬਰੀ ਜ਼ਮੀਨਾਂ ਗ੍ਰਹਿਣ ਕਰਨ ਲਈ ਬਜ਼ਿਦ ਹੈ। ਕਿਸਾਨ ਆਗੂਆਂ ਨੇ ਕਿਹਾ ਕਿ 23 ਜੁਲਾਈ ਨੂੰ ਪਿੰਡ ਕਾਲਖ ਵਿੱਚ ਮੀਟਿੰਗ ਵਿੱਚ ਸੂਬਾਈ ਆਗੂ ਅਗਲੀ ਰਣਨੀਤੀ ਦਾ ਐਲਾਨ ਕਰਨਗੇ। ਮੀਟਿੰਗ ਦੀਆਂ ਤਿਆਰੀਆਂ ਲਈ ਬਲਾਕ ਪੱਖੋਵਾਲ ਦੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਜਾਰੀ ਹਨ। ਅੱਜ ਨੁੱਕੜ ਮੀਟਿੰਗਾਂ ਨੂੰ ਦਰਸ਼ਨ ਸਿੰਘ ਫੱਲੇਵਾਲ, ਮਹਿੰਦਰ ਸਿੰਘ ਨਾਰੰਗਵਾਲ, ਗੁਰਦੇਵ ਸਿੰਘ ਗਰੇਵਾਲ ਸਮੇਤ ਹੋਰ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ।