ਰਾਜਧਾਨੀ ਵਿੱਚ ਜ਼ਹਿਰੀਲੀ ਹਵਾ ਦੀ ਪਰਤ ਬਰਕਰਾਰ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਨਵੰਬਰ
ਇੱਥੇ ਅੱਜ ਜ਼ਹਿਰੀਲੀ ਹਵਾ ਦੀ ਪਰਤ ਬਰਕਰਾਰ ਰਹੀ ਕਿਉਂਕਿ ਰਾਜਧਾਨੀ ਵਿੱਚ ‘ਗੰਭੀਰ’ ਸ਼੍ਰੇਣੀ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 426 ਦਰਜ ਕੀਤਾ ਅਤੇ ਸ਼ਹਿਰ ਵਿੱਚ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਬੀਤੀ ਰਾਤ ਠੰਢੀ ਰਾਤ ਸੀ। ਭਾਰਤ ਦੇ ਮੌਸਮ ਵਿਭਾਗ ਅਨੁਸਾਰ ਮੰਗਲਵਾਰ ਰਾਤ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 11.1 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ।
ਸੰਘਣੀ ਧੁੰਦ ਦੇ ਨਾਲ ਮਿਲ ਕੇ ਤਾਪਮਾਨ ਵਿੱਚ ਗਿਰਾਵਟ ਨੇ ਸ਼ਹਿਰ ਨੂੰ ਧੁਆਂਖੀ ਧੁੰਦ ਨਾਲ ਢੱਕ ਦਿੱਤਾ ਹੈ, ਜਿਸ ਨਾਲ ਸਵੇਰੇ 8.30 ਵਜੇ ਤੱਕ ਦ੍ਰਿਸ਼ਟੀ 500 ਮੀਟਰ ਤੱਕ ਘਟ ਗਈ। ਮੌਸਮ ਵਿਭਾਗ ਨੇ ਦਿਨ ਭਰ ਸੰਘਣੀ ਧੁੰਦ ਰਹਿਣ ਦੀ ਭਵਿੱਖਬਾਣੀ ਕੀਤੀ ਸੀ ਅਤੇ ਲੋਕਾਂ ਨੂੰ ਆਪਣੀਆਂ ਗੱਡੀਆਂ ਦੀਆਂ ਬੱਤੀਆਂ ਜਗਾ ਕੇ ਸਫ਼ਰ ਕਰਦੇ ਦੇਖਿਆ ਗਿਆ। ਸਵੇਰੇ ਨਮੀ ਦਾ ਪੱਧਰ 84 ਫੀਸਦੀ ਰਿਹਾ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਦੇ ਆਸ-ਪਾਸ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਬੁੱਧਵਾਰ ਨੂੰ ਸਵੇਰੇ 9 ਵਜੇ ਦਿੱਲੀ ਦਾ ਏਕਿਊਆਈ 426 ਸੀ।
400 ਜਾਂ ਇਸ ਤੋਂ ਵੱਧ ਦੇ ਏਕਿਊਆਈ ਨੂੰ ‘ਗੰਭੀਰ’ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ ਜੋ ਸਿਹਤਮੰਦ ਵਿਅਕਤੀਆਂ ਅਤੇ ਪਹਿਲਾਂ ਤੋਂ ਬਿਮਾਰੀਆਂ ਵਿੱਚ ਘਿਰੇ ਲੋਕਾਂ ਲਈ ਸਿਹਤ ਦੇ ਜੋਖਮ ਪੈਦਾ ਕਰਦਾ ਹੈ। ਰਾਸ਼ਟਰੀ ਰਾਜਧਾਨੀ ਦੇ 38 ਨਿਗਰਾਨੀ ਸਟੇਸ਼ਨਾਂ ਵਿੱਚੋਂ ਇੱਕ ਨੂੰ ਛੱਡ ਕੇ ਬਾਕੀ ਸਾਰੇ ਰੈੱਡ ਜ਼ੋਨ ਵਿੱਚ ਸਨ। ਲੋਧੀ ਰੋਡ ਸਟੇਸ਼ਨ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਏਕਿਊਆਈ ਦਰਜ ਕਰਨ ਵਾਲੇ ਰੈੱਡ ਜ਼ੋਨ ਵਿੱਚ ਨਹੀਂ ਸੀ। ਇਸ ਖੇਤਰ ਵਿੱਚ ਹਰਿਆਲੀ ਦੀ ਬਹੁਤਾਤ ਹੋਣ ਕਰਕੇ ਅਤੇ ਵਪਾਰਕ ਸਰਗਰਮੀਆਂ ਘੱਟ ਹੋਣ ਕਾਰਨ ਇੱਥੇ ਮੁਕਾਬਲਤਨ ਪ੍ਰਦੂਸ਼ਣ ਵਿੱਚ ਮਾਮੂਲੀ ਕਮੀ ਦੇਖੀ ਗਈ। ਪਹਿਲੀ ਵਾਰ 2017 ਵਿੱਚ ਪੇਸ਼ ਕੀਤਾ ਗਿਆ ਜੀਆਰਏਪੀ ਤਹਿਤ ਹਵਾ ਦੀ ਗੁਣਵੱਤਾ ਨੂੰ ਗੰਭੀਰਤਾ ਦੇ ਆਧਾਰ ’ਤੇ ਚਾਰ ਪੜਾਵਾਂ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਦੱਸਣਯੋਗ ਹੈ ਕਿ ਪੜਾਅ 1 ‘ਮਾੜਾ’ (ਏਕਿਊਆਈ 201-300), ਪੜਾਅ 2 - ‘ਬਹੁਤ ਮਾੜਾ’ (ਏਕਿਊਆਈ 301-400), ਪੜਾਅ 3 -‘ਗੰਭੀਰ’ (ਏਕਿਊਆਈ 401-450), ਅਤੇ ਪੜਾਅ 4 -‘ਗੰਭੀਰ ਪਲੱਸ’ (450 ਤੋਂ ਉੱਪਰ ਏਕਿਊਆਈ) ਮੰਨਿਆ ਗਿਆ ਹੈ।
ਸਿਰਫ਼ ਇਲੈਕਟ੍ਰਿਕ ਅਤੇ ਸੀਐੱਨਜੀ ਟਰੱਕ ਚਲਾਉਣ ਦੀ ਇਜ਼ਾਜਤ
ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਬੀਐਸ-ਚਾਰ ਵਾਹਨਾਂ ਨੂੰ ਛੱਡ ਕੇ ਰਾਜਧਾਨੀ ਨਾਲ ਲੱਗਦੇ ਦਿੱਲੀ ਅਤੇ ਐੱਨਸੀਆਰ ਜ਼ਿਲ੍ਹਿਆਂ ਵਿੱਚ ਚਾਰ ਪਹੀਆ ਡੀਜ਼ਲ ਲਾਈਟ ਮੋਟਰ ਗੱਡੀਆਂ ਦੇ ਸੰਚਾਲਨ ‘ਤੇ ਪਾਬੰਦੀ ਸਮੇਤ ਵਾਧੂ ਪਾਬੰਦੀਆਂ ਵੀ ਲਾਗੂ ਕੀਤੀਆਂ ਗਈਆਂ ਹਨ। ਜ਼ਰੂਰੀ ਜਾਂ ਐਮਰਜੈਂਸੀ ਸੇਵਾਵਾਂ ਵਿੱਚ ਲੱਗੀਆਂ ਗੱਡੀਆਂ ਨੂੰ ਛੋਟ ਦਿੱਤੀ ਗਈ ਹੈ। ਡੀਜ਼ਲ ਨਾਲ ਚੱਲਣ ਵਾਲੇ ਦਰਮਿਆਨੇ ਅਤੇ ਭਾਰੀ ਮਾਲ ਵਾਹਨਾਂ ਨੂੰ ਵੀ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਹੈ, ਸਿਵਾਏ ਜ਼ਰੂਰੀ ਸਾਮਾਨ ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ ਨੂੰ ਆਗਿਆ ਹੈ। ਸਿਰਫ਼ ਇਲੈਕਟ੍ਰਿਕ ਅਤੇ ਸੀਐੱਨਜੀ ਟਰੱਕਾਂ ਦੀ ਇਜਾਜ਼ਤ ਹੈ।
ਪੰਜਾਹ ਫ਼ੀਸਦੀ ਸਰਕਾਰੀ ਕਾਮਿਆਂ ਨੂੰ ਘਰੋਂ ਕੰਮ ਕਰਨ ਦੇ ਆਦੇਸ਼
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਰਾਜਧਾਨੀ ਦੇ ਖਤਰਨਾਕ ਪ੍ਰਦੂਸ਼ਣ ਪੱਧਰ ਦੇ ਕਾਰਨ 50 ਫ਼ੀਸਦ ਸਰਕਾਰੀ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦਾ ਆਦੇਸ਼ ਦਿੱਤਾ। ਬੁੱਧਵਾਰ ਸਵੇਰੇ, ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਔਸਤ ਹਵਾ ਗੁਣਵੱਤਾ ਸੂਚਕਾਂਕ ਸਵੇਰੇ 10 ਵਜੇ 427 ਸੀ, ਜਿਸ ਨਾਲ ਦਿੱਲੀ ਭਾਰਤ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ। ਰਾਏ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ਉੱਤੇ ਇੱਕ ਪੋਸਟ ਵਿੱਚ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਪੰਜਾਹ ਫ਼ੀਸਦੀ ਘਰ ਤੋਂ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਇਸ ਆਦੇਸ਼ ਨੂੰ ਅਮਲ ਵਿੱਚ ਲਿਆਉਣ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸਰਕਾਰ ਨੇ ਆਪਣੇ ਦਫ਼ਤਰਾਂ ਅਤੇ ਐੱਮਸੀਡੀ ਦੇ ਲਈ ਵੱਖ-ਵੱਖ ਸਮਾਂ ਸਾਰਣੀ ਲਾਗੂ ਕੀਤੀ ਸੀ। ਦਿੱਲੀ ਨਗਰ ਨਿਗਮ (ਐੱਮਸੀਡੀ) ਦੇ ਦਫ਼ਤਰਾਂ ਦਾ ਸਮਾਂ ਸਵੇਰੇ 8.30 ਵਜੇ ਤੋਂ ਸ਼ਾਮ ਪੰਜ ਤੱਕ ਤੈਅ ਕੀਤਾ ਗਿਆ ਸੀ ਅਤੇ ਦਿੱਲੀ ਸਰਕਾਰ ਦੇ ਦਫ਼ਤਰਾਂ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6.30 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਸੀ।