ਰਾਜਧਾਨੀ ਵਿੱਚ ਗਰਮੀ ਨੇ ਕੱਢੇ ਲੋਕਾਂ ਦੇ ਵੱਟ
ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜੂਨ
ਅੱਜ ਦਿੱਲੀ ਦਾ ਘੱਟੋ-ਘੱਟ ਤਾਪਮਾਨ 32.84 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 46.09 ਡਿਗਰੀ ਸੈਲਸੀਅਸ ਰਿਹਾ। ਇੱਥੇ ਨਮੀ 12 ਫ਼ੀਸਦ ਸੀ ਅਤੇ ਹਵਾ ਦੀ ਗਤੀ 12 ਕਿਲੋਮੀਟਰ ਪ੍ਰਤੀ ਘੰਟਾ ਸੀ। ਸ਼ੁੱਕਰਵਾਰ ਨੂੰ ਇੱਥੇ ਕ੍ਰਮਵਾਰ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ 36.83 ਡਿਗਰੀ ਸੈਲਸੀਅਸ ਅਤੇ 43.42 ਡਿਗਰੀ ਸੈਲਸੀਅਸ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਕੱਲ੍ਹ ਨਮੀ ਦਾ ਪੱਧਰ 23 ਫ਼ੀਸਦ ਰਹੇਗਾ। ਅੱਜ 32.84 ਡਿਗਰੀ ਸੈਲਸੀਅਸ ਅਤੇ 46.09 ਡਿਗਰੀ ਸੈਲਸੀਅਸ ਦੇ ਵਿਚਕਾਰ ਤਾਪਮਾਨ ਰਹਿਣ ਕਾਰਨ ਇੱਥੇ ਲੋਕ ਗਰਮੀ ਵਿੱਚ ਪ੍ਰੇਸ਼ਾਨ ਹੁੰਦੇ ਦਿਖਾਈ ਦਿੱਤੇ। ਅੱਜ ਦਿੱਲੀ ਵਿੱਚ ‘ਏਕਿਊਆਈ’ 73.0 ਸੀ ਜੋ ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਨੂੰ ਦਰਸਾਉਂਦਾ ਹੈ। ਇਸ ਦੌਰਾਨ ਸੜਕਾਂ ’ਤੇੇ ਦੁਪਹਿਰੇ ਆਮ ਨਾਲੋਂ ਚਹਿਲ ਪਹਿਲ ਘੱਟ ਰਹੀ। ਡਾਕਟਰਾਂ ਅਨੁਸਾਰ ਸਾਹ ਸਬੰਧੀ ਸਮੱਸਿਆਵਾਂ ਵਾਲੇ ਲੋਕਾਂ ਨੂੰ ਇਸ ਸਬੰਧੀ ਸਾਵਧਾਨ ਰਹਿਣਾ ਚਾਹੀਦਾ ਹੈ। ਹਵਾ ਦੀ ਗੁਣਵੱਤਾ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਸਵੇਰੇ 9 ਵਜੇ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ’ਤੇ ਮਾੜੀ ਸ਼੍ਰੇਣੀ ਵਿੱਚ 181 ਦਰਜ ਕੀਤੀ ਗਈ। 101 ਅਤੇ 200 ਦੇ ਵਿਚਕਾਰ ਇੱਕ ਏਕਿਊਆਈ ਨੂੰ ‘ਦਰਮਿਆਨੀ’ ਮੰਨਿਆ ਜਾਂਦਾ ਹੈ ਤੇ 201 ਅਤੇ 300 ਦੇ ਵਿਚਕਾਰ ‘ਮਾੜਾ’ ਮੰਨਿਆ ਜਾਂਦਾ ਹੈ। ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 45-47 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਗਰਮੀ ਜ਼ਿਆਦਾ ਹੋਣ ਕਾਰਨ ਬਾਜ਼ਾਰਾਂ ਵਿੱਚ ਵੀ ਦਿਨੇ ਰੌਣਕਾਂ ਘੱਟ ਗਈਆਂ ਹਨ। ਲੋਕ ਵਧੇਰੇ ਕਰਕੇ ਸ਼ਾਮ ਅਤੇ ਦੇਰ ਰਾਤ ਤੱਕ ਬਾਜ਼ਾਰਾਂ ਵਿੱਚ ਘੁੰਮਣ ਨੂੰ ਤਰਜੀਹ ਦੇ ਰਹੇ ਹਨ। ਰਾਜਧਾਨੀ ਅਤੇ ਨੇੜਲੇ ਖੇਤਰ ਦੇ ਵਾਸੀ ਗਰਮੀ ਕਾਰਨ ਆਪਣੇ ਘਰਾਂ ਵਿੱਚ ਰਹਿਣ ਨੂੰ ਹੀ ਤਰਜੀਹ ਦੇ ਰਹੇ ਹਨ।
ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕਾਰਜ ਯੋਜਨਾ ਭਲਕ ਤੋਂ ਹੋਵੇਗੀ ਲਾਗੂ
ਨਵੀਂ ਦਿੱਲੀ (ਪੱਤਰ ਪ੍ਰੇਰਕ): ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਵੀਰਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਦਿੱਲੀ ਦੀ ਗਰਮੀਆਂ ਦੀ ਕਾਰਜ ਯੋਜਨਾ 15 ਜੂਨ ਤੋਂ ਲਾਗੂ ਹੋਵੇਗੀ। ਰਾਏ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਰਕਾਰ ਨੇ ਗਰਮੀਆਂ ਦੀ ਕਾਰਜ ਯੋਜਨਾ ਤਿਆਰ ਕੀਤੀ ਹੈ, ਜੋ ਮੁੱਖ ਤੌਰ ’ਤੇ 15 ਜੂਨ ਤੋਂ 15 ਸਤੰਬਰ ਤੱਕ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਹਰਿਆਲੀ ਏਜੰਸੀਆਂ ਨੂੰ ਉਨ੍ਹਾਂ ਦੀਆਂ ਕਾਰਜ ਯੋਜਨਾਵਾਂ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਾਰੀਆਂ ਏਜੰਸੀਆਂ ਮਿਲ ਕੇ 15 ਤੋਂ 30 ਜੂਨ ਤੱਕ ਧੂੜ ਵਿਰੋਧੀ ਮੁਹਿੰਮ ਚਲਾਉਣਗੀਆਂ। ਇਸ ਲਈ 580 ਪੈਟਰੋਲਿੰਗ ਟੀਮਾਂ ਨਿਰੀਖਣ ਕਰਨਗੀਆਂ।