For the best experience, open
https://m.punjabitribuneonline.com
on your mobile browser.
Advertisement

ਮੁਕੇਰੀਆਂ ਨੇੜਲੇ ਖੇਤਰਾਂ ਵਿੱਚ ਚੋਰਾਂ ਨੇ ਲੋਕਾਂ ਨੂੰ ਪਾਈ ਬਿਪਤਾ

05:54 AM Jul 10, 2024 IST
ਮੁਕੇਰੀਆਂ ਨੇੜਲੇ ਖੇਤਰਾਂ ਵਿੱਚ ਚੋਰਾਂ ਨੇ ਲੋਕਾਂ ਨੂੰ ਪਾਈ ਬਿਪਤਾ
ਪਿੰਡ ਮੰਜਪੁਰ ’ਚ ਵਾਹਨ ਚੋਰੀ ਕਰਨ ਮੌਕੇ ਸੀਸੀਟੀਵੀ ਕੈਮਰੇ ’ਚ ਕੈਦ ਚੋਰ। -ਫੋਟੋ: ਜਗਜੀਤ
Advertisement

ਪੱਤਰ ਪ੍ਰੇਰਕ
ਮੁਕੇਰੀਆਂ, 9 ਜੁਲਾਈ
ਮੁਕੇਰੀਆਂ ਸ਼ਹਿਰ ਤੇ ਨਾਲ ਲੱਗਦੇ ਪਿੰਡਾਂ ਵਿੱਚ ਦੋ ਮਹੀਨਿਆਂ ਦੌਰਾਨ ਲਗਪਗ 2 ਦਰਜਨ ਮੋਟਰਾਂ, ਲੱਖਾਂ ਦੇ ਗਹਿਣੇ ਅਤੇ ਨਕਦੀ ਸਮੇਤ ਵਾਹਨ ਚੋਰੀ ਹੋ ਗਏ ਹਨ, ਪਰ ਹਾਲੇ ਤੱਕ ਪੁਲੀਸ ਇਨ੍ਹਾਂ ਚੋਰੀਆਂ ਨੂੰ ਹੱਲ ਨਹੀਂ ਕਰ ਸਕੀ। ਜਾਣਕਾਰੀ ਅਨੁਸਾਰ ਅਪਰੈਲ ਮਹੀਨੇ ਦੌਰਾਨ ਨੌਸ਼ਿਹਰਾ, ਛਾਂਟਾ, ਤੱਗੜ ਕਲਾਂ ਆਦਿ ਪਿੰਡਾਂ ’ਚੋਂ 19 ਦੇ ਕਰੀਬ ਕਿਸਾਨਾਂ ਦੀਆਂ ਮੋਟਰਾਂ ਚੋਰੀ ਹੋਈਆਂ ਸਨ। ਇਨ੍ਹਾਂ ਦਿਨਾਂ ਅੰਦਰ ਹੀ ਪਿੰਡ ਕੋਲੀਆਂ ਦੇ ਇੱਕ ਘਰ ਵਿੱਚੋਂ ਦਿਨ ਦਿਹਾੜੇ 19 ਤੋਲੇ ਸੋਨੇ ਦੇ ਗਹਿਣੇ ਅਤੇ 70 ਹਜ਼ਾਰ ਦੀ ਨਕਦੀ ਚੋਰੀ ਹੋ ਗਈ। ਪਿਛਲੇ ਮਹੀਨੇ ਨੌਸ਼ਿਹਰਾ ਪੱਤਣ ਦੇ ਕਿਸਾਨਾਂ ਦੀਆਂ 5 ਹੋਰ ਮੋਟਰਾਂ ਚੋਰੀ ਹੋ ਗਈਆਂ। ਹਾਲੇ ਇੱਕ ਸ਼ਿਕਾਇਤ ਪੁਲੀਸ ਕੋਲ ਪੁੱਜੀ ਹੀ ਸੀ ਕਿ ਪਿੰਡ ਬੱਧੂਪੁਰ ’ਚੋਂ ਕਰੀਬ 3 ਮੋਟਰਾਂ ਹੋਰ ਚੋਰੀ ਹੋ ਗਈਆਂ। ਬੀਤੇ ਦਿਨ ਸ਼ਹਿਰ ਦੇ ਤਿੰਨ ਘਰਾਂ ਵਿਚੋਂ 4500 ਕੈਨੇਡੀਅਨ ਡਾਲਰ, ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਹੋਏ ਹਨ ਪਰ ਇਸ ਸਭ ਦੇ ਬਾਵਜੂਦ ਪੁਲੀਸ ਦੇ ਹੱਥ ਖਾਲੀ ਹਨ।
ਪਿੰਡ ਕੋਲੀਆਂ ਦੀ ਪੀੜਤ ਸੁਰਿੰਦਰ ਕੌਰ ਨੇ ਕਿਹਾ ਕਿ ਇੱਕ ਤਾਂ ਉਨ੍ਹਾਂ ਦੇ ਘਰੋਂ 19 ਤੋਲੇ ਸੋਨੇ ਦੇ ਗਹਿਣੇ ਤੇ 70 ਹਜ਼ਾਰ ਦੀ ਨਕਦੀ ਚੋਰੀ ਹੋ ਗਈ, ਉਪਰੋਂ ਪੁਲੀਸ ਨੇ ਚੋਰਾਂ ਖਿਲਾਫ਼ ਕਾਰਵਾਈ ਦੇ ਨਾਮ ’ਤੇ 5000 ਦੀ ਰਿਸ਼ਵਤ ਲੈ ਲਈ। ਮੰਜਪੁਰ ਦੇ ਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਹੋ ਗਿਆ, ਜਿਸ ਦੀ ਸੀਸੀਟੀਵੀ ਫੁਟੇਜ ਪੁਲੀਸ ਨੂੰ ਦੇ ਕੇ ਉਨ੍ਹਾਂ ਲਿਖਤੀ ਸ਼ਿਕਾਇਤ ਵੀ ਕੀਤੀ, ਪਰ 3 ਦਿਨ ਪੁਲੀਸ ਉਨ੍ਹਾਂ ਨੂੰ ਪੁਛਣ ਤੱਕ ਵੀ ਨਹੀਂ ਆਈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਚੋਰੀ ਹੋਈਆਂ ਮੋਟਰਾਂ ਦਾ ਤਾਂ ਕੇਸ ਵੀ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਨੱਥ ਪਾਉਣ ਦੇ ਨਾਲ ਨਾਲ ਇੱਥੋਂ ਦੇ ਪੁਲੀਸ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇ। ਡੀਐੱਸਪੀ ਮੁਕੇਰੀਆਂ ਵਿਪਨ ਕੁਮਾਰ ਨੇ ਪੁਲੀਸ ਦੀ ਮਿਲੀਭੁਗਤ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੋਟਰ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਕੁਝ ਵਾਹਨ ਚੋਰ ਫੜੇ ਵੀ ਹਨ। ਘਰਾਂ ਵਿੱਚ ਹੋਈਆਂ ਚੋਰੀਆਂ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਐੱਸਐੱਚਓ ਤੇ ਏਐੱਸਆਈ ਖਿਲਾਫ਼ ਰਿਸ਼ਵਤ ਦੀ ਸ਼ਿਕਾਇਤ ਜਾਂਚ ਅਧੀਨ ਹੈ।

Advertisement

ਅੱਧੀ ਦਰਜਨ ਘਰਾਂ ਵਿੱਚ ਚੋਰੀ

ਤਲਵਾੜਾ (ਪੱਤਰ ਪ੍ਰੇਰਕ): ਇਥੇ ਦੇਰ ਰਾਤ ਅੱਧੀ ਦਰਜਨ ਘਰਾਂ ’ਚ ਚੋਰੀ ਹੋ ਗਈ। ਜਾਣਕਾਰੀ ਅਨੁਸਾਰ ਮੇਨ ਬਾਜ਼ਾਰ ਸਥਿਤ ਇੱਕ ਨਿੱਜੀ ਸਕੂਲ ਦੇ ਨੇੜਲੇ ਮੁੱਹਲੇ ’ਚ ਚੋਰਾਂ ਨੇ ਕਰੀਬ ਅੱਧੀ ਦਰਜਨ ਘਰਾਂ ਨੂੰ ਨਿਸ਼ਾਨਾ ਬਣਾਇਆ ਹੈ। ਸਾਹਿਲ ਮੱਕੜ ਨੇ ਦੱਸਿਆ ਕਿ ਚੋਰ ਗਰਿੱਲ ਉਖਾੜ ਕੇ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋਏ ਤੇ 20 ਤੋਲਾ ਸੋਨੇ ਦੇ ਗਹਿਣੇ ਅਤੇ ਸਾਢੇ ਚਾਰ ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਅਵਤਾਰ ਚੱਦ ਪੁਰਬਾ ਦੇ ਘਰੋਂ ਮੋਟਰਸਾਈਕਲ ਚੋਰੀ ਹੋ ਗਿਆ। ਨਿੱਜੀ ਸਕੂਲ ਮਾਲਕ ਉਂਕਾਰ ਸ਼ਰਮਾ ਨੇ ਦੱਸਿਆ ਕਿ ਚੋਰਾਂ ਨੇ ਉਨ੍ਹਾਂ ਦੇ ਘਰ ’ਚ ਵੀ ਬੈੱਡ ਖੰਘਾਲਿਆ, ਪਰ ਘਰ ’ਚ ਚੋਰੀ ਨਹੀਂ ਹੋਈ। ਸਥਾਨਕ ਪੁਲੀਸ ਨੇ ਜਾਂਚ ਆਰੰਭ ਦਿੱਤੀ ਹੈ।

Advertisement
Author Image

sukhwinder singh

View all posts

Advertisement
Advertisement
×