ਟਾਂਡਾ ਵਿੱਚ ਪੈਨਸ਼ਨਰਾਂ ਵੱਲੋਂ ਮੰਗਾਂ ਦੇ ਹੱਕ ’ਚ ਆਵਾਜ਼ ਬੁਲੰਦ
ਪੱਤਰ ਪ੍ਰੇਰਕ
ਟਾਂਡਾ, 11 ਅਪਰੈਲ
ਇੱਥੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਟਾਂਡਾ ਦੀ ਮਾਸਿਕ ਮੀਟਿੰਗ ਹੋਈ। ਪ੍ਰਧਾਨ ਅਜੀਤ ਸਿੰਘ ਗੁਰਾਇਆ ਅਤੇ ਜਨਰਲ ਸਕੱਤਰ ਪ੍ਰੇਮ ਸਾਗਰ ਅਰੋੜਾ ਦੀ ਅਗਵਾਈ ਵਿੱਚ ਹੋਈ ਮੀਟਿੰਗ ’ਚ ਸਭ ਤੋਂ ਪਹਿਲਾਂ ਪੈਨਸ਼ਨਰਾਂ ਦੇ ਆਗੂ ਸਾਬਕਾ ਚੇਅਰਮੈਨ ਮਰਹੂਮ ਮਹਿੰਦਰ ਸਿੰਘ ਪਰਵਾਨਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਮੀਟਿੰਗ ਦੌਰਾਨ ਆਪਣੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਪੈਨਸ਼ਨਰਾਂ ਨੇ ਆਖਿਆ ਕਿ ਪੰਜਾਬ ਸਰਕਾਰ ਛੇਵੇਂ ਪੇਅ ਕਮਿਸ਼ਨ ਵਿਚ ਸੋਧ ਕਰ ਕੇ 2.59 ਦਾ ਗੁਣਾਂਕ ਲਾਗੂ ਕਰੇ, ਬਕਾਏ ਦਿੱਤੇ ਜਾਣ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਿੱਤੀਆਂ ਜਾਣ, ਮੈਡੀਕਲ ਭੱਤੇ ਵਿੱਚ ਵਾਧਾ ਕੀਤਾ ਜਾਵੇ ਅਤੇ ਕੈਸ਼ਲੈੱਸ ਮੈਡੀਕਲ ਸਕੀਮ ਨੂੰ ਲਾਗੂ ਕੀਤਾ ਜਾਵੇ।
ਇਸ ਮੌਕੇ ਸਮੂਹ ਮੈਂਬਰਾਂ ਨੇ ਰੋਸ ਜਤਾਇਆ ਕਿ ਪੰਜਾਬ ਸਰਕਾਰ ਉਕਤ ਮੰਗਾਂ ਪ੍ਰਤੀ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ। ਇਸ ਮੌਕੇ ਕਸ਼ਮੀਰ ਸਿੰਘ, ਮਦਨ ਸਿੰਘ, ਬਲਬੀਰ ਸਿੰਘ, ਹਰਭਜਨ ਸਿੰਘ, ਬਸੰਤ ਸਿੰਘ, ਤੀਰਥ ਸਿੰਘ, ਅਰੂੜ ਸਿੰਘ, ਪਰਮਾਨੰਦ ਦਵੇਦੀ, ਧਰਮ ਸਿੰਘ ਕੋਟਲੀ, ਪ੍ਰੋਫੈਸਰ ਕੇਵਲ ਕਲੋਟੀ, ਨਿਰਮਲ ਸਿੰਘ, ਅਮਰਜੀਤ ਸਿੰਘ ਅਤੇ ਨਰਿੰਦਰ ਸਿੰਘ ਕੰਗ ਵੀ ਮੌਜੂਦ ਸਨ।
ਪੈਨਸ਼ਨਰਾਂ ਵੱਲੋਂ ਲਟਕਦੀਆਂ ਮੰਗਾਂ ਹੱਲ ਕਰਨ ਦੀ ਮੰਗ
ਕਾਹਨੂੰਵਾਨ (ਪੱਤਰ ਪ੍ਰੇਰਕ): ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਕਾਹਨੂੰਵਾਨ ਯੂਨਿਟ ਦੀ ਮੀਟਿੰਗ ਸਥਾਨਕ ਬਾਜ਼ਾਰ ਵਿੱਚ ਕੀਤੀ ਗਈ। ਇਸ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਜਵੰਦ ਸਿੰਘ ਅਤੇ ਸੁਰੇਸ਼ ਚੰਦਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਖ਼ਾਸ ਕਰ ਕੇ ਪੈਨਸ਼ਨਰਾਂ ਦੀਆਂ ਕਾਫ਼ੀ ਸਮੇਂ ਤੋਂ ਲਟਕਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੀਆਂ ਮੁੱਖ ਮੰਗਾਂ ਡੀ.ਏ. ਦਾ ਬਕਾਇਆ ਅਤੇ ਰਹਿੰਦੀਆਂ ਕਿਸ਼ਤਾਂ ਲਈ ਮਤਾ ਪਾਸ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਬੱਝਵਾਂ ਮੈਡੀਕਲ ਭੱਤਾ 25 ਸੌ ਰੁਪਏ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਤੇ ਅਦਾਲਤਾਂ ਵੱਲੋਂ ਪੈਨਸ਼ਨਰਾਂ ਦੇ ਹੱਕ ਵਿੱਚ ਕੀਤੇ ਗਏ ਫ਼ੈਸਲੇ ਲਾਗੂ ਕੀਤੇ ਜਾਣ। ਇਸ ਮੌਕੇ ਪੈਨਸ਼ਨਰਾਂ ਦੀਆਂ ਵਿਅਕਤੀਗਤ ਸਮੱਸਿਆ ਐਸੋਸੀਏਸ਼ਨ ਦੇ ਮੁੱਖ ਆਗੂ ਸੁਰੇਸ਼ ਚੰਦਰ ਵੱਲੋਂ ਮੌਕੇ ਉੱਤੇ ਹੀ ਹੱਲ ਕੀਤੀਆਂ ਗਈਆਂ। ਇਸ ਦੌਰਾਨ ਜਵੰਦ ਸਿੰਘ, ਸੁਰੇਸ਼ ਚੰਦਰ, ਭਜਨ ਸਿੰਘ ਅਤੇ ਈਸ਼ਰ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕੀਤਾ।