For the best experience, open
https://m.punjabitribuneonline.com
on your mobile browser.
Advertisement

ਸ੍ਰੀ ਹਰਿਮੰਦਰ ਸਾਹਿਬ ’ਚ 13 ਨਿਸ਼ਾਨ ਸਾਹਿਬਾਨ ਦੇ ਚੋਲੇ ਬਸੰਤੀ ਰੰਗ ਵਿੱਚ ਬਦਲੇ

06:57 AM Aug 10, 2024 IST
ਸ੍ਰੀ ਹਰਿਮੰਦਰ ਸਾਹਿਬ ’ਚ 13 ਨਿਸ਼ਾਨ ਸਾਹਿਬਾਨ ਦੇ ਚੋਲੇ ਬਸੰਤੀ ਰੰਗ ਵਿੱਚ ਬਦਲੇ
ਅਕਾਲ ਤਖ਼ਤ ’ਤੇ ਮੀਰੀ-ਪੀਰੀ ਦੇ ਿਨਸ਼ਾਨ ਸਾਹਿਬਾਨ ਦੇ ਬਸੰਤੀ ਰੰਗ ’ਚ ਬਦਲੇ ਗਏ ਪੁਸ਼ਾਕੇ।
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਅਗਸਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿਚਲੇ ਗੁਰਦੁਆਰਿਆਂ ਵਿੱਚ ਸਥਾਪਿਤ ਨਿਸ਼ਾਨ ਸਾਹਿਬਾਨ ਦੇ ਚੋਲਿਆਂ ਦੇ ਰੰਗ ਬਦਲਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਤਹਿਤ ਅੱਜ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਨ ਸਮੇਤ ਕੰਪਲੈਕਸ ਵਿੱਚ ਲਗਭਗ 13 ਨਿਸ਼ਾਨ ਸਾਹਿਬਾਨ ਦੇ ਚੋਲੇ ਕੇਸਰੀ ਤੋਂ ਬਸੰਤੀ ਰੰਗ ਵਿੱਚ ਬਦਲੇ ਗਏ।
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਅੱਜ ਸਵੇਰੇ ਅਰਦਾਸ ਮਗਰੋਂ ਜੈਕਾਰਿਆਂ ਦੀ ਗੂੰਜ ਵਿੱਚ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਨ ਦੇ ਪੁਸ਼ਾਕੇ ਬਦਲੇ ਗਏ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ, ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ, ਲਾਚੀ ਬੇਰ, ਬੇਰ ਬਾਬਾ ਬੁੱਢਾ ਸਾਹਿਬ, ਦੁਖ ਭੰਜਣੀ ਬੇਰੀ, ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ, ਬਾਬਾ ਦੀਪ ਸਿੰਘ ਸ਼ਹੀਦ ਦਾ ਅਸਥਾਨ, ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਅਤੇ ਹੋਰ ਥਾਈਂ ਨਿਸ਼ਾਨ ਸਾਹਿਬਾਨ ਦੇ ਨਵੇਂ ਰੰਗ ਦੇ ਪੁਸ਼ਾਕੇ ਪਹਿਨਾਏ ਗਏ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਗੁਰਦੁਆਰਾ ਸ਼ਹੀਦਾਂ ਸਮੇਤ ਕੁੱਲ 18 ਨਿਸ਼ਾਨ ਸਾਹਿਬਾਨ ਦੇ ਪੁਸ਼ਾਕੇ ਪਹਿਲੇ ਦਿਨ ਬਦਲੇ ਗਏ ਹਨ। ਇਸ ਤੋਂ ਬਾਅਦ ਅੰਮ੍ਰਿਤਸਰ ਦੇ ਹੋਰ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬਾਨ ਦੇ ਪੁਸ਼ਾਕੇ ਵੀ ਬਦਲ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਮਗਰੋਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਗਿਆ ਸੀ ਕਿ ਸਿੱਖ ਸੰਸਥਾ ਦੇ ਪ੍ਰਬੰਧ ਹੇਠਲੇ ਸਮੂਹ ਗੁਰਦੁਆਰਿਆਂ ਵਿੱਚ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਵਿੱਚ ਦਰਸਾਏ ਗਏ ਨਿਸ਼ਾਨ ਸਾਹਿਬ ਦੇ ਚੋਲੇ ਦੇ ਰੰਗ ਨੂੰ ਅਪਣਾਇਆ ਜਾਵੇ। ਰਹਿਤ ਮਰਿਆਦਾ ਵਿੱਚ ਨਿਸ਼ਾਨ ਸਾਹਿਬਾਨ ਦੇ ਚੋਲੇ ਦਾ ਰੰਗ ਬਸੰਤੀ ਅਤੇ ਸੁਰਮਈ ਦੱਸਿਆ ਗਿਆ ਹੈ।
ਸ੍ਰੀ ਅਕਾਲ ਤਖ਼ਤ ਵਿਖੇ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਿਆਦਾ ਵਿੱਚ ਦਰਸਾਏ ਗਏ ਨਿਸ਼ਾਨ ਸਾਹਿਬਾਨ ਦੇ ਚੋਲੇ ਦੇ ਰੰਗ ਦੀ ਥਾਂ ਭਗਵੇਂ ਰੰਗ ਦੇ ਚੋਲੇ ਚੜ੍ਹਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸਿੱਖ ਗੁਰਦੁਆਰਾ ਐਕਟ 1925 ਦੀ ਧਾਰਾ 85 ਤਹਿਤ ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਹੇਠ 70 ਤੋਂ ਵਧ ਇਤਿਹਾਸਕ ਗੁਰਦੁਆਰੇ ਹਨ, ਜਦੋਂ ਕਿ ਧਾਰਾ 87 ਤਹਿਤ ਸਥਾਨਕ ਕਮੇਟੀਆਂ ਦੇ ਪ੍ਰਬੰਧ ਹੇਠਲੇ 150 ਤੋਂ ਵੱਧ ਗੁਰਦੁਆਰੇ ਹਨ ਜਿੱਥੇ ਹੁਣ ਨਿਸ਼ਾਨ ਸਾਹਿਬਾਨ ਦੇ ਪੁਸ਼ਾਕੇ ਦਾ ਰੰਗ ਤਬਦੀਲ ਹੋਵੇਗਾ। ਸ੍ਰੀ ਅਕਾਲ ਤਖ਼ਤ ਦਾ ਆਦੇਸ਼ ਸਾਰੇ ਗੁਰਦੁਆਰਿਆਂ ’ਤੇ ਲਾਗੂ ਹੁੰਦਾ ਹੈ, ਇਸ ਲਈ ਦੇਸ਼-ਵਿਦੇਸ਼ ਵਿੱਚ ਗੁਰਦੁਆਰਿਆਂ ’ਚ ਸਥਾਪਿਤ ਨਿਸ਼ਾਨ ਸਾਹਿਬਾਨ ਦੇ ਚੋਲਿਆਂ ਦਾ ਰੰਗ ਵੀ ਤਬਦੀਲ ਹੋਵੇਗਾ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ’ਚ ਵੀ ਛੇਤੀ ਬਦਲੇ ਜਾਣਗੇ ਪੁਸ਼ਾਕੇ

ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ):

Advertisement

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਦੱਸਿਆ ਕਿ ਪੰਜ ਸਿੰਘ ਸਾਹਿਬਾਨ ਦੇ ਹੁਕਮਾਂ ਮੁਤਾਬਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪੁਸ਼ਾਕਿਆਂ ਦੇ ਰੰਗ ਵੀ ਜਲਦੀ ਬਦਲ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੱਪੜਾ ਲੈਣ ਲਈ ਅਧਿਕਾਰੀਆਂ ਨੂੰ ਲਿਖਤੀ ਤੌਰ ’ਤੇ ਭੇਜ ਦਿੱਤਾ ਗਿਆ ਹੈ। ਕੱਪੜਾ ਆਉਣ ਮਗਰੋਂ ਕੇਸਗੜ੍ਹ ਸਾਹਿਬ ਵਿੱਚ ਵੀ ਜਲਦੀ ਬਸੰਤੀ ਨਿਸ਼ਾਨ ਸਾਹਿਬ ਝੂਲਦੇ ਨਜ਼ਰ ਆਉਣਗੇ।

Advertisement
Tags :
Author Image

joginder kumar

View all posts

Advertisement
×