ਫਿਰੋਜ਼ਪੁਰ ਜ਼ਿਲ੍ਹੇ ’ਚ ਕਈ ਥਾਈਂ ਡਾਂਗੋ-ਡਾਂਗੀ ਹੋਏ ਲੋਕ
ਸੰਜੀਵ ਹਾਂਡਾ/ਹਰਮੇਸ਼ਪਾਲ ਨੀਲੇਵਾਲ/ਜਸਵੰਤ ਸਿੰਘ ਿਥੰਦ
ਫ਼ਿਰੋਜ਼ਪੁਰ/ਜ਼ੀਰਾ/ਮਮਦੋਟ, 4 ਅਕਤੂਬਰ
ਪੰਚਾਇਤੀ ਚੋਣਾਂ ਕਾਰਨ ਇਸ ਜ਼ਿਲ੍ਹੇ ਦੇ ਤਕਰੀਬਨ ਹਰ ਪਿੰਡ ਦਾ ਮਾਹੌਲ ਤਣਾਅਪੂਰਨ ਹੋ ਗਿਆ ਹੈ। ਇਸ ਮੌਕੇ ਹੋਰ ਧਿਰਾਂ ਦੇ ਉਮੀਦਵਾਰਾਂ ਨੇ ਸੱਤਾਧਾਰੀ ਪਾਰਟੀ ਦੇ ਆਗੂਆਂ ’ਤੇ ਧੱਕੇਸ਼ਾਹੀ ਦੇ ਦੋਸ਼ ਲਾਏ। ਅੱਜ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਕਈ ਥਾਈਂ ਲੋਕ ਡਾਂਗੋ-ਡਾਂਗੀ ਹੋਏ, ਕਈਆਂ ਦੀਆਂ ਫ਼ਾਈਲਾਂ ਪਾੜ ਦਿੱਤੀਆਂ ਗਈਆਂ।
ਵਿਰੋਧੀ ਧਿਰ ਦੇ ਉਮੀਦਵਾਰਾਂ ਵੱਲੋਂ ਦੋਸ਼ ਹੈ ਕਿ ਉਨ੍ਹਾਂ ਨੂੰ ਨਾਮਜ਼ਦਗੀ ਭਰਨ ਦੇ ਆਖ਼ਰੀ ਦਿਨ ਤੱਕ ਵੀ ਚੁੱਲ੍ਹਾ ਟੈਕਸ ਤੇ ਕੋਈ ਬਕਾਇਆ ਨਹੀਂ ਦੇ ਸਰਟੀਫ਼ਿਕੇਟ ਜਾਰੀ ਨਹੀਂ ਕੀਤੇ ਗਏ। ਕਈਆਂ ਨੇ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਦੇ ਕਥਿਤ ਸਮਰਥਕ ਉਨ੍ਹਾਂ ਦੀਆਂ ਫ਼ਾਈਲਾਂ ਪਾੜ ਕੇ ਤੇ ਖੋਹ ਕੇ ਫ਼ਰਾਰ ਹੋ ਗਏ। ਇਸ ਦੌਰਾਨ ਚੋਣ ਕਮਿਸ਼ਨ ਵੱਲੋਂ ਫ਼ਿਰੋਜ਼ਪੁਰ ਦੇ ਤਤਕਾਲੀ ਡੀਸੀ ਡੀਪੀਐਸ ਖਰਬੰਦਾ ਨੂੰ ਇਥੋਂ ਦਾ ਜ਼ਿਲ੍ਹਾ ਚੋਣ ਅਬਜ਼ਰਵਰ ਲਾਇਆ ਗਿਆ ਹੈ। ਮਮਦੋਟ ਮਾਰਕੀਟ ਕਮੇਟੀ ਦਫ਼ਤਰ ਬਾਹਰ ਅੱਜ ‘ਆਪ’ ਤੇ ਕਾਂਗਰਸ ਵਰਕਰਾਂ ਦਰਮਿਆਨ ਪੁਲੀਸ ਦੀ ਹਾਜ਼ਰੀ ’ਚ ਡਾਂਗਾਂ ਚੱਲੀਆਂ, ਜਿਸ ਦੌਰਾਨ ਕਈ ਜਣੇ ਜ਼ਖ਼ਮੀ ਹੋ ਗਏ। ਇੱਥੇ ਝਗੜਣ ਵਾਲਿਆਂ ਨੂੰ ਖਦੇੜਣ ਲਈ ਪੁਲੀਸ ਨੇ ਲਾਠੀਚਾਰਜ ਕੀਤਾ। ਇਥੇ ਇੱਕ ਧਿਰ ਵੱਲੋਂ ਦੂਜੀ ਧਿਰ ਦੀਆਂ ਫ਼ਾਈਲਾਂ ਪਾੜ ਦਿੱਤੀਆਂ ਗਈਆਂ ਸਨ। ਉਧਰ ਕਸਬਾ ਤਲਵੰਡੀ ਭਾਈ ’ਚ ਅੱਜ ਨਾਮਜ਼ਦਗੀ ਦੌਰਾਨ ਗੋਲੀ ਚੱਲ ਗਈ।
ਕੁਲਬੀਰ ਜ਼ੀਰਾ ਨੇ ਹਾਈ ਕੋਰਟ ’ਚ ਪਟੀਸ਼ਨ ਪਾ ਕੇ ਵਾਧੂ ਸੁਰੱਖਿਆ ਮੰਗੀ
ਜ਼ੀਰਾ ਵਿਚ ਅੱਜ ਇੱਕ ਵਾਰ ਫ਼ਿਰ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਇਥੇ ਇੱਕ ਆਜ਼ਾਦ ਉਮੀਦਵਾਰ ਦੇ ਕਾਗਜ਼ ਪਾੜ ਦਿੱਤੇ ਗਏ। ਅੱਜ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਵੀ ਆਪਣੇ ਵਰਕਰਾਂ ਨਾਲ ਧੱਕਾ-ਮੁੱਕੀ ਹੋਣ ਦੇ ਦੋਸ਼ ਲਾਏ ਹਨ। ਇਸ ਮਸਲੇ ਨੂੰ ਲੈ ਕੇ ਕੁਲਬੀਰ ਜ਼ੀਰਾ ਨੇ ਹੁਣ ਹਾਈਕੋਰਟ ਵਿਚ ਇੱਕ ਪਟੀਸ਼ਨ ਦਾਖ਼ਲ ਕਰਕੇ ਆਪਣੀ ਸੁਰੱਖਿਆ ਵਧਾਏ ਜਾਣ ਦੀ ਮੰਗ ਕੀਤੀ ਹੈ। ਕੁਲਬੀਰ ਜ਼ੀਰਾ ਨੇ ਵਿਧਾਇਕ ਨਰੇਸ਼ ਕਟਾਰੀਆ ਤੇ ਉਸ ਦੇ ਪੁੱਤਰ ਸ਼ੰਕਰ ਕਟਾਰੀਆ ਨੂੰ ਇਸ ਪਟੀਸ਼ਨ ਵਿਚ ਪਾਰਟੀ ਬਣਾਇਆ ਹੈ।