For the best experience, open
https://m.punjabitribuneonline.com
on your mobile browser.
Advertisement

ਸਿਰਸਾ ਵਿੱਚ ਭਾਜਪਾਈ ਦੁਚਿੱਤੀ ਵਿੱਚ ਫਸੇ

10:52 AM Sep 18, 2024 IST
ਸਿਰਸਾ ਵਿੱਚ ਭਾਜਪਾਈ ਦੁਚਿੱਤੀ ਵਿੱਚ ਫਸੇ
Advertisement

ਪ੍ਰਭੂ ਦਿਆਲ
ਸਿਰਸਾ, 17 ਸਤੰਬਰ
ਸਿਰਸਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਰੋਹਤਾਸ਼ ਜਾਂਗੜਾ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਮਗਰੋਂ ਇੱਥੋਂ ਦੇ ਭਾਜਪਾ ਵਰਕਰ ਦੁਚਿੱਤੀ ਵਿੱਚ ਫ਼ਸ ਗਏ ਹਨ। ਉਨ੍ਹਾਂ ਨੂੰ ਇਹ ਸਮਝ ਨਹੀਂ ਲਗ ਰਿਹਾ ਕਿ ਉਹ ਇੱਥੋਂ ਕਿਸ ਉਮੀਦਵਾਰ ਨੂੰ ਆਪਣਾ ਵੋਟ ਪਾਉਣਗੇ। ਉਧਰ, ਕੁਝ ਭਾਜਪਾ ਆਗੂਆਂ ਨੇ ਪੱਤਰਕਾਰਾਂ ਦੇ ਸਾਹਮਣੇ ਇਹ ਗੱਲ ਵੀ ਆਖੀ ਸੀ ਕਿ ਉਨ੍ਹਾਂ ਦਾ ਹਲੋਪਾ ਨਾਲ ਸਮਝੌਤਾ ਹੋ ਗਿਆ ਹੈ ਤੇ ਹੁਣ ਉਹ ਹਲੋਪਾ ਦੇ ਉਮੀਦਵਾਰ ਗੋਪਾਲ ਕਾਂਡਾ ਦੀ ਹਮਾਇਤ ’ਚ ਚੋਣ ਪ੍ਰਚਾਰ ਕਰਨਗੇ। ਥੋੜ੍ਹੀ ਹੀ ਦੇਰ ਮਗਰੋਂ ਹਲੋਪਾ ਦੇ ਉਮੀਦਵਾਰ ਗੋਪਾਲ ਕਾਂਡਾ ਨੇ ਬਾਕਾਇਦਾ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਨਾ ਤਾਂ ਉਨ੍ਹਾਂ ਨੇ ਭਾਜਪਾ ਤੋਂ ਕੋਈ ਸਮਰਥਨ ਮੰਗਿਆ ਹੈ ਤੇ ਨਾ ਹੀ ਉਨ੍ਹਾਂ ਦਾ ਭਾਜਪਾ ਨਾਲ ਕੋਈ ਸਮਝੌਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨੈਲੋ-ਬਸਪਾ ਗੱਠਜੋੜ ਨਾਲ ਹੀ ਹਲੋਪਾ ਦਾ ਸਮਝੌਤਾ ਹੈ, ਜਦੋਂਕਿ ਇਕ ਦਿਨ ਪਹਿਲਾਂ ਗੋਪਾਲ ਕਾਂਡਾ ਨੇ ਕਿਹਾ ਕਿ ਉਹ ਐੱਨਡੀਏ ਦਾ ਹਿੱਸਾ ਹਨ ਅਤੇ ਜਿੱਤ ਮਗਰੋਂ ਹਰਿਆਣਾ ’ਚ ਭਾਜਪਾ ਦੀ ਹੀ ਸਰਕਾਰ ਬਣੇਗੀ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਇਨੈਲੋ ਦੇ ਕੌਮੀ ਜਨਰਲ ਸਕੱਤਰ ਅਤੇ ਏਲਨਾਬਾਦ ਹਲਕੇ ਤੋਂ ਉਮੀਦਵਾਰ ਅਭੈ ਸਿੰਘ ਚੌਟਾਲਾ ਨੇ ਤਾਰਾ ਬਾਬਾ ਦੀ ਕੁਟੀਆ ’ਚ ਜਾ ਕੇ ਹਲੋਪਾ ਦੇ ਉਮੀਦਾਵਰ ਗੋਪਾਲ ਕਾਂਡਾ ਨਾਲ ਗੱਠਜੋੜ ਕੀਤਾ ਸੀ। ਉਧਰ, ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਉਹ ਹਲੋਪਾ ਨਾਲ ਕੀਤੇ ਗੱਠਜੋੜ ਬਾਰੇ ਮੁੜ ਵਿਚਾਰ ਕਰ ਸਕਦੇ ਹਨ। ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਜੇ ਗੋਪਾਲ ਕਾਂਡਾ ਨੇ ਭਾਜਪਾ ਤੋਂ ਹਮਾਇਤ ਮੰਗੀ ਹੀ ਨਹੀਂ ਤਾਂ ਫਿਰ ਭਾਜਪਾ ਨੇ ਆਪਣੇ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਵਾਪਸ ਕਿਉਂ ਲਿਆ। ਹੁਣ ਜਦੋਂ ਭਾਜਪਾ ਦਾ ਸਿਰਸਾ ’ਚ ਕੋਈ ਉਮੀਦਵਾਰ ਨਹੀਂ ਹੈ ਤਾਂ ਭਾਜਪਾਈ ਸਿਰਸਾ ’ਚ ਕਿਸ ਨੂੰ ਵੋਟ ਪਾਉਣਗੇ, ਜਦੋਂਕਿ ਗੋਪਾਲ ਕਾਂਡਾ ਦਾ ਭਰਾ ਗੋਬਿੰਦ ਕਾਂਡਾ ਭਾਜਪਾ ਦਾ ਨੇਤਾ ਹੈ। ਗੋਪਾਲ ਕਾਂਡਾ ਵੀ 2019 ਤੋਂ ਭਾਜਪਾ ਦੀ ਹੀ ਹਮਾਇਤ ਕਰਦਾ ਆ ਰਿਹਾ ਹੈ। ਰਾਜਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਇਨੈਲੋ-ਬਸਪਾ ਵੱਲੋਂ ਹਲੋਪਾ ਨਾਲ ਗੱਠਜੋੜ ਕਰਨ ਮਗਰੋਂ ਲੋਕਾਂ ’ਚ ਇਹ ਚਰਚਾ ਸੀ ਕਿ ਇਹ ਗੱਠਜੋੜ ਕਾਂਗਰਸ ਨੂੰ ਕਮਜ਼ੋਰ ਕਰਨ ਲਈ ਭਾਜਪਾ ਦੀ ਬੀ ਟੀਮ ਵਜੋਂ ਕੰਮ ਕਰ ਰਿਹਾ ਹੈ। ਇਸ ਨਾਲ ਇਨੈਲੋ ਉਮੀਦਵਾਰ ਅਭੈ ਸਿੰਘ ਚੌਟਾਲਾ ਨੂੰ ਜ਼ਿਆਦਾ ਨੁਕਸਾਨ ਹੋਣ ਦਾ ਖਦਸ਼ਾ ਹੈ ਕਿਉਂਕਿ ਉਨ੍ਹਾਂ ਦੀ ਪਛਾਣ ਕਿਸਾਨ ਨੇਤਾ ਵਜੋਂ ਜ਼ਿਆਦਾ ਹੈ। ਉਨ੍ਹਾਂ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਹਮਾਇਤ ’ਚ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਹੁਣ ਜਦੋਂ ਕਿਸਾਨਾਂ ਵਿੱਚ ਇਹ ਗੱਲ ਗਈ ਕਿ ਇਨੈਲੋ ਨੇ ਉਸ ਉਮੀਦਵਾਰ ਨਾਲ ਸਮਝੌਤਾ ਕੀਤਾ ਹੈ ਕਿ ਜਿਸ ਨੂੰ ਭਾਜਪਾ ਹਮਾਇਤ ਕਰ ਰਹੀ ਹੈ ਤਾਂ ਗੋਪਾਲ ਕਾਂਡਾ ਨੂੰ ਇਹ ਕਹਿਣਾ ਪਿਆ ਕਿ ਉਸ ਨੇ ਭਾਜਪਾ ਤੋਂ ਕੋਈ ਹਮਾਇਤ ਮੰਗੀ ਹੀ ਨਹੀਂ। ਭਾਜਪਾ ਕਾਂਡਾ ਨੂੰ ਹਮਾਇਤ ਦੇਣ ਨੂੰ ਫਿਰਦੀ ਹੈ ਪਰ ਕਾਂਡਾ ਹਮਾਇਤ ਲੈਣ ਤੋਂ ਭੱਜ ਰਿਹਾ ਹੈ। ਇਸ ਕਾਰਨ ਭਾਜਪਾਈਆਂ ਅੱਗੇ ਵੋਟ ਪਾਉਣ ਦਾ ਸੰਕਟ ਪੈਦਾ ਹੋ ਗਿਆ ਹੈ।

Advertisement

Advertisement
Advertisement
Author Image

Advertisement