For the best experience, open
https://m.punjabitribuneonline.com
on your mobile browser.
Advertisement

ਸਕੂਲਾਂ-ਕਾਲਜਾਂ ’ਚ ਲੱਗੀਆਂ ਲੋਹੜੀ ਦੀਆਂ ਰੌਣਕਾਂ

10:28 AM Jan 13, 2024 IST
ਸਕੂਲਾਂ ਕਾਲਜਾਂ ’ਚ ਲੱਗੀਆਂ ਲੋਹੜੀ ਦੀਆਂ ਰੌਣਕਾਂ
ਗੁਜਰਾਂਵਾਲਾ ਕਾਲਜ ’ਚ ਭੰਗੜਾ ਪਾਉਂਦੇ ਹੋਏ ਵਿਦਿਆਰਥੀ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਜਨਵਰੀ
ਜ਼ਿਲ੍ਹੇ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਵਿੱਚ ਲੋਹੜੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਥੋਂ ਦੇ ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕੌਂਸਲ ਦੀ ਸਰਪ੍ਰਸਤੀ ਹੇਠ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਵਿਹੜੇ ਵੀ ਲੋਹੜੀ ਮੌਕੇ ਰੌਣਕਾਂ ਲੱਗੀਆਂ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਸਾਰਿਆਂ ਦਾ ਰਸਮੀ ਸਵਾਗਤ ਕੀਤਾ ਅਤੇ ਤਿਉਹਾਰ ਦੇ ਪਿਛੋੜਕ ਤੋਂ ਜਾਣੂ ਕਰਵਾਇਆ। ਪ੍ਰੋ. ਜਤਿੰਦਰ ਕਪੂਰ ਨੇ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਦੀ ਮਹੱਤਤਾ ਨੂੰ ਪਛਾਣਨ ਤੇ ਬਰਕਰਾਰ ਰੱਖਣ ਲਈ ਕਿਹਾ। ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੂੰਗਫਲੀ ਅਤੇ ਮਠਿਆਈਆਂ ਵੰਡੀਆਂ ਗਈਆਂ। ਕਾਲਜ ਦੇ ਹੁਨਰਮੰਦ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ, ਗੀਤ, ਭੰਗੜੇ ਰਾਹੀਂ ਚੰਗਾ ਰੰਗ ਬੰਨ੍ਹਿਆ। ਕਾਲਜ ਦੇ ਸਾਬਕਾ ਵਿਦਿਆਰਥੀ ਪਰਮਿੰਦਰ ਸਿੰਘ, ਜਿਸ ਨੂੰ ਵੁਆਇਸ ਆਫ ਪੰਜਾਬ ਮੁਕਾਬਲੇ ਵਿੱਚ ਫਾਈਨਲਿਸਟ ਵਜੋਂ ਆਪਣੀ ਪ੍ਰਾਪਤੀ ਲਈ ਮਾਨਤਾ ਮਿਲੀ, ਨੇ ਵੀ ਗੀਤਾਂ ਰਾਹੀਂ ਹਾਜ਼ਰੀ ਲਗਵਾਈ। ਕੌਂਸਲ ਦੇ ਆਨਰੇਰੀ ਜਨਰਲ ਸਕੱਤਰ ਹਰਸ਼ਰਨ ਸਿੰਘ ਨਰੂਲਾ ਅਤੇ ਮੈਂਬਰ ਕੁਲਜੀਤ ਸਿੰਘ, ਹਰਦੀਪ ਸਿੰਘ, ਸੁਖਬੀਰ ਸਿੰਘ ਨਰੂਲਾ, ਗੁਰਪ੍ਰੀਤ ਸਿੰਘ ਨਰੂਲਾ, ਤੇਜਿੰਦਰ ਸਿੰਘ, ਡਾਇਰੈਕਟਰ ਜੀਜੀਐੱਨਆਈਐੱਮਟੀ ਪ੍ਰੋ. ਮਨਜੀਤ ਸਿੰਘ ਛਾਬੜਾ ਆਦਿ ਨੇ ਜਸ਼ਨ ਦੇ ਮਾਹੌਲ ਵਿੱਚ ਸਰਗਰਮੀ ਨਾਲ ਹਿੱਸਾ ਲਿਆ।

Advertisement

ਸਪਰਿੰਗ ਡੇਲ ਸਕੂਲ ’ਚ ਨੱਚ ਕੇ ਲੋਹੜੀ ਮਨਾਉਂਦਾ ਹੋਇਆ ਸਕੂਲ ਸਟਾਫ।

ਲੁਧਿਆਣਾ: ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਅੱਗ ਵਿੱਚ ਤਿਲਚੌਲੀ, ਮੂੰਗਫਲੀ, ਖਿੱਲਾਂ, ਰਿਉੜੀਆਂ ਭੇਟ ਕੀਤੇ ਗਏ। ਕਮੇਟੀ ਦੇ ਮੈਂਬਰਾਂ ਨੇ ਲੋਹੜੀ ਦੀ ਪਵਿੱਤਰ ਅਗਨੀ ਦੀ ਪਰਿਕਰਮਾ ਵੀ ਕੀਤੀ। ਅਧਿਆਪਕਾਂ ਵੱਲੋਂ ਰੰਗਾਰੰਗ ਪੰਜਾਬੀ ਲੋਕ ਨਾਚ ਪੇਸ਼ ਕੀਤਾ ਗਿਆ। ਇਸ ਦੌਰਾਨ ਕਿੰਡਰਗਾਰਡਨ ਤੋਂ ਸੱਤਵੀਂ ਤੱਕ ਦੇ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਵਿੱਚ ਵੀ ਲੋਹੜੀ ਦਾ ਉਤਸ਼ਾਹ ਦੇਖਣਯੋਗ ਸੀ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਮੂਹ ਸਟਾਫ ਅਤੇ ਬੱਚਿਆਂ ਨੂੰ ਲੋਹੜੀ ਦੀ ਵਧਾਈ ਦਿੱਤੀ। ਸਕੂਲ ਦੇ ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਅਕਾਦਮਿਕ ਸਲਾਹਕਾਰ ਸੰਦੀਪ ਰੇਖੀ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਬੱਚਿਆਂ ਨੂੰ ਲੋਹੜੀ ਦੀਆਂ ਵਧਾਈ ਦਿੰਦਿਆਂ ਭਵਿੱਖ ’ਚ ਖੂਬ ਮਿਹਨਤ ਕਰਕੇ ਆਪਣੇ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਲੜਕਿਆਂ ਦੇ ਨਾਲ-ਨਾਲ ਧੀਆਂ ਦੀ ਲੋਹੜੀ ਮਨਾਉਣ ਦਾ ਸੁਨੇਹਾ ਵੀ ਦਿੱਤਾ।
ਸਮਰਾਲਾ (ਪੱਤਰ ਪ੍ਰੇਰਕ): ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ, ਸਮਰਾਲਾ ਦੇ ਵਿਹੜੇ ਵਿੱਚ ਬੱਚਿਆਂ ਤੇ ਅਧਿਆਪਕਾਂ ਵੱਲੋਂ ਲੋਹੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮਿਸ ਮੋਨਿਕਾ ਨੇ ਬੱਚਿਆਂ ਨੂੰ ਦੱਸਿਆ ਕਿ ਲੋਹੜੀ ਪੰਜਾਬੀਆਂ ਦਾ ਮਸ਼ਹੂਰ ਤੇ ਮਨਪਸੰਦ ਤਿਉਹਾਰ ਹੈ।

1100 ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ

ਮਾਛੀਵਾੜਾ (ਪੱਤਰ ਪ੍ਰੇਰਕ): ਸਵਾਮੀ ਗੰਗਾ ਨੰਦ ਭੂਰੀ ਵਾਲੇ ਸੇਵਾ ਸਮਿਤੀ ਵੱਲੋਂ ਅੱਜ ਮਾਛੀਵਾੜਾ ਵਿੱਚ 1100 ਨਵਜੰਮੀਆਂ ਧੀਆਂ ਦੀ ਲੋਹੜੀ ਬੜੇ ਉਤਸ਼ਾਹ ਨਾਲ ਮਨਾਈ ਗਈ। ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਸਮਾਗਮ ’ਚ ਨਵਜੰਮੀਆਂ ਧੀਆਂ ਦੇ ਮਾਪਿਆਂ ਨੂੰ ਸਾਈਕਲ, ਝੂਲੇ, ਕੱਪੜੇ ਅਤੇ ਹੋਰ ਖਾਣ-ਪੀਣ ਦਾ ਰਵਾਇਤੀ ਸਾਮਾਨ ਭੇਟ ਕੀਤਾ ਗਿਆ। ਇਸ ਸਮਾਗਮ ’ਚ ਪੁੱਜੇ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਕਿਹਾ ਕਿ ਸੰਸਥਾ ਦੇ ਚੇਅਰਮੈਨ ਚਰਨਜੀਤ ਸਿੰਘ ਥੋਪੀਆ ਵੱਲੋਂ ਇਹ ਬਹੁਤ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਭਰੂਣ ਹੱਤਿਆ ਵਰਗਾ ਵੱਡਾ ਪਾਪ ਰੁਕੇਗਾ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿਚ ਵੀ ਨਾਰੀ ਨੂੰ ਸੰਸਾਰ ਦਾ ਆਧਾਰ ਦੱਸਿਆ ਗਿਆ ਹੈ, ਇਸ ਲਈ ਲੋਕ ਧੀਆਂ, ਪੁੱਤਰਾਂ ਵਿਚ ਕੋਈ ਫ਼ਰਕ ਨਾ ਸਮਝਣ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਹਲਕਾ ਇੰਚਾਰਜ ਕਾਂਗਰਸ ਰੁਪਿੰਦਰ ਸਿੰਘ ਰਾਜਾ ਗਿੱਲ ਆਦਿ ਹਾਜ਼ਰ ਸਨ।
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਡਾ. ਕੋਟਨਿਸ ਐਕਯੂਪੰਕਚਰ ਹਸਪਤਾਲ ਸਲੇਮ ਟਾਬਰੀ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ, ਜਿਸ ਵਿੱਚ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਅਤੇ ਚੌਧਰੀ ਅਮਨ ਬੱਗਾ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਦੌਰਾਨ ਇੱਕ ਬੱਚੀ ਨੇ ਰਬਿਨ ਕੱਟ ਕੇ ਸਮਾਗਮ ਦਾ ਉਦਘਾਟਨ ਕੀਤਾ। ਇਸ ਮੌਕੇ ਵਰਿੰਦਰ ਸਿੰਘ ਟਿਵਾਣਾ ਨੇ ਮਹਿਲਾ ਸਸ਼ਕਤੀਕਰਨ ਦੇ ਇਰਾਦੇ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕਰਨ ਲਈ ਸੰਸਥਾ ਦੀ ਸ਼ਲਾਘਾ ਕੀਤੀ।

Advertisement
Author Image

sukhwinder singh

View all posts

Advertisement
Advertisement
×