For the best experience, open
https://m.punjabitribuneonline.com
on your mobile browser.
Advertisement

ਸੰਗਰੂਰ ਵਿੱਚ ਹੁਣ ਤੱਕ 552 ਥਾਵਾਂ ’ਤੇ ਪਰਾਲੀ ਨੂੰ ਅੱਗ ਲੱਗੀ

10:23 AM Nov 04, 2024 IST
ਸੰਗਰੂਰ ਵਿੱਚ ਹੁਣ ਤੱਕ 552 ਥਾਵਾਂ ’ਤੇ ਪਰਾਲੀ ਨੂੰ ਅੱਗ ਲੱਗੀ
ਮਾਲੇਰਕੋਟਲਾ ਦੇ ਇੱਕ ਪਿੰਡ ਦਾ ਦੌਰਾ ਕਰਦੇ ਹੋਏ ਡੀਸੀ ਡਾ. ਪੱਲਵੀ ਤੇ ਪੁਲੀਸ ਅਧਿਕਾਰੀ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਨਵੰਬਰ
ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਲਈ ਜ਼ਿਲ੍ਹੇ ਦੇ ਸਿਵਲ ਅਤੇ ਪੁਲੀਸ ਅਧਿਕਾਰੀ ਸਰਕਾਰ ਦੀਆਂ ਹਦਾਇਤਾਂ ’ਤੇ ਪੱਬਾਂ ਭਾਰ ਹੋਏ ਪਏ ਹਨ। ਸਰਕਾਰੀ ਗੱਡੀਆਂ ਖੇਤਾਂ ਦੀਆਂ ਪਹੀਆਂ ’ਤੇ ਧੂੜ ਫੱਕ ਰਹੀਆਂ ਹਨ। ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਕੇ ਜੁਰਮਾਨੇ ਲਗਾਏ ਜਾ ਰਹੇ ਹਨ ਅਤੇ ਮਾਲ ਰਿਕਾਰਡ ਵਿਚ ਲਾਲ ਇੰਦਰਾਜ ਕੀਤੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ਵਿੱਚ ਹੁਣ ਤੱਕ ਝੋਨੇ ਦੀ ਪਰਾਲੀ ਸਾੜਨ ਦੇ 552 ਮਾਮਲੇ ਸਾਹਮਣੇ ਆ ਚੁੱਕੇ ਹਨ। ਜ਼ਿਲ੍ਹੇ ਵਿਚ ਸਭ ਤੋਂ ਵੱਧ ਮਾਮਲੇ ਦੀਵਾਲੀ ਵਾਲੇ ਦਿਨ ਸਾਹਮਣੇ ਆਏ ਹਨ। 31 ਅਕਤੂਬਰ ਨੂੰ ਸਭ ਤੋਂ ਵੱਧ 89 ਥਾਵਾਂ ਉਪਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਗਈ ਜਦੋਂ ਕਿ 1 ਨਵੰਬਰ ਨੂੰ 79 ਥਾਵਾਂ ਉਪਰ ਪਰਾਲੀ ਨੂੰ ਸਾੜਿਆ ਗਿਆ। ਇਸ ਤੋਂ ਪਹਿਲਾਂ 28 ਅਕਤੂਬਰ ਨੂੰ ਪਰਾਲੀ ਸਾੜਨ ਦੇ 19 ਮਾਮਲੇ ਸਾਹਮਣੇ ਆਏ ਹਨ। 29 ਅਕਤੂਬਰ ਨੂੰ 38 ਮਾਮਲੇ, 30 ਅਕਤੂਬਰ ਨੂੰ 20 ਮਾਮਲੇ, 31 ਅਕਤੂਬਰ ਨੂੰ 89 ਮਾਮਲੇ, 1 ਨਵੰਬਰ ਨੂੰ 79 ਮਾਮਲੇ , 2 ਨਵੰਬਰ ਨੂੰ 66 ਮਾਮਲੇ ਅਤੇ ਅੱਜ 3 ਨਵੰਬਰ ਨੂੰ 59 ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ 552 ਤੱਕ ਪੁੱਜ ਗਈ ਹੈ। 2022 ਵਿਚ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੇ ਮਾਮਲਿਆਂ ਦੀ ਕੁੱਲ ਗਿਣਤੀ 2044 ਸੀ ਪਰ ਸਾਲ 2023 ਵਿਚ ਕੁੱਲ ਗਿਣਤੀ ਘੱਟ 1304 ਰਹਿ ਗਈ ਸੀ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਨੁਸਾਰ ਹੁਣ ਤੱਕ ਪਰਾਲੀ ਸਾੜਨ ਦੇ ਮਾਮਲੇ ’ਚ 132 ਚਲਾਨ ਕੀਤੇ ਗਏ ਹਨ, 115 ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ ਜਦੋਂ ਕਿ 115 ਕਿਸਾਨਾਂ ਦੇ ਮਾਲ ਰਿਕਾਰਡ ’ਚ ਲਾਲ ਇੰਦਰਾਜ ਕੀਤੇ ਗਏ ਹਨ। ਕੱਲ੍ਹ ਉਭਾਵਾਲ ਵਿਖੇ ਇੱਕ ਖੇਤ ਵਿਚ ਏਡੀਸੀ ਅਮਿਤ ਬੈਂਬੀ ਖੁਦ ਅੱਗ ਬੁਝਾਉਂਦੇ ਨਜ਼ਰ ਆਏ।

Advertisement

ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਵੱਲੋਂ ਪਿੰਡਾਂ ਦਾ ਦੌਰਾ

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਡਿਪਟੀ ਕਮਿਸ਼ਨਰ ਡਾ. ਪੱਲਵੀ ਅਤੇ ਜ਼ਿਲ੍ਹਾ ਪੁਲੀਸ ਮੁਖੀ ਗਗਨ ਅਜੀਤ ਸਿੰਘ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਦੇ ਨਿਪਟਾਰੇ ਲਈ ਅੱਗ ਨਾ ਲਗਾ ਕੇ ਬਦਲਵੇਂ ਤਰੀਕਿਆਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਪਿੰਡ ਸੰਗਾਲਾ, ਸੰਗਾਲੀ, ਉੱਪਲ ਖੇੜੀ ਨੌਧਰਾਣੀ, ਆਦਮਵਾਲ ਆਦਿ ਪਿੰਡਾਂ ਦੇ ਦੌਰੇ ਦੌਰਾਨ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਰੋਕਥਾਮ ਲਈ ਪ੍ਰਸ਼ਾਸਨ ਵੱਲੋਂ ਉਠਾਏ ਜਾ ਰਹੇ ਕਦਮਾਂ ਦੀ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀਆਰਐਸਸੀ) ਦੁਆਰਾ ਹੁਣ ਤੱਕ 48 ਅੱਗ ਲੱਗਣ ਦੀਆਂ ਘਟਨਾਵਾਂ ਦੀਆਂ ਸੂਚਨਾਵਾਂ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਹੇਠਲੇ ਪੱਧਰ ਤੱਕ ਜਾਂਚ ਦੌਰਾਨ 30 ਥਾਵਾਂ ’ਤੇ ਅੱਗ ਲਾਉਣ ਦੀ­ ਪੁਸ਼ਟੀ ਨਹੀਂ ਹੋਈ ਹੈ ਬਾਕੀ ਰਹਿੰਦੀਆਂ 11 ਸਥਾਨਾਂ ਦੀ ਭੌਤਿਕ ਪੜਤਾਲ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਗ ਲੱਗਣ ਦੀਆਂ 7 ਘਟਨਾਵਾਂ ਦੀ ਪੁਸ਼ਟੀ ਹੋਈ ਹੈ। ਅੱਗਾਂ ਲਗਾਉਣ ਵਾਲੇ ਕਿਸਾਨਾਂ ਨੂੰ 17,500 ਰੁਪਏ ਦਾ ਜੁਰਮਾਨਾ ਕਰਕੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੁਲੀਸ ਕੇਸ ਦਰਜ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।

Advertisement

ਐੱਸਡੀਐੱਮ ਤਰਸੇਮ ਚੰਦ ਨੇ ਪਰਾਲੀ ਨੂੰ ਲੱਗੀ ਅੱਗ ਬੁਝਾਈ

ਸਮਾਣਾ (ਅਸ਼ਵਨੀ ਗਰਗ): ਐੱਸਡੀਐੱਮ ਤਰਸੇਮ ਚੰਦ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਪਲੀਤ ਹੋਣ ਤੋਂ ਰੋਕਣ ਲਈ ਖੇਤਾਂ ’ਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਇਸ ਮੌਕੇ ਐੱਸਡੀਐੱਮ ਤਰਸੇਮ ਚੰਦ ਨੇ ਪਿੰਡ ਦਾਨੀਪੁਰ, ਖਾਨਪੁਰ, ਲਲੋਛੀ, ਖੁਦਾਦਪੁਰਾ, ਮਿਆਲ ਤੇ ਕੁਤਬਨਪੁਰ ਆਦਿ ਵਿੱਚ ਜਾ ਕੇ ਖੁਦ ਪਰਾਲੀ ਨੂੰ ਲੱਗੀ ਅੱਗ ਬੁਝਾਈ।

Advertisement
Author Image

sukhwinder singh

View all posts

Advertisement