For the best experience, open
https://m.punjabitribuneonline.com
on your mobile browser.
Advertisement

ਸੰਗਰੂਰ ’ਚ ਅਧਿਆਪਕਾਂ ’ਤੇ ਲਾਠੀਚਾਰਜ ਦੇ ਵਿਰੋਧ ’ਚ 8736 ਅਧਿਆਪਕਾਂ ਨੇ ਮੁੱਖ ਮੰਤਰੀ ਦਾ ਪੁਤਲਾ ਫ਼ੂਕਿਆ

05:50 PM Jul 04, 2023 IST
ਸੰਗਰੂਰ ’ਚ ਅਧਿਆਪਕਾਂ ’ਤੇ ਲਾਠੀਚਾਰਜ ਦੇ ਵਿਰੋਧ ’ਚ 8736 ਅਧਿਆਪਕਾਂ ਨੇ ਮੁੱਖ ਮੰਤਰੀ ਦਾ ਪੁਤਲਾ ਫ਼ੂਕਿਆ
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਜੁਲਾਈ
8736 ਕੱਚੇ ਮੁਲਾਜ਼ਮ ਯੂਨੀਅਨ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ੀ ਕਲੋਨੀ ਦੇ ਨੇੜਲੇ ਪਿੰਡ ਖੁਰਾਣਾ ਵਿਖੇ 22 ਦਿਨਾਂ ਤੋਂ ਟੈਂਕੀ ਉਪਰ ਅਤੇ ਹੇਠਾਂ ਸੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ਵਲੋਂ ਚਾਰ ਦਿਨ ਪਹਿਲਾਂ ਪੁਲੀਸ ਵਲੋਂ ਕੀਤੇ ਲਾਠੀਚਾਰਜ ਦੇ ਵਿਰੋਧ ’ਚ ਪੰਜਾਬ ਭਰ ’ਚ ਜ਼ਿਲ੍ਹਾ ਹੈਡਕੁਆਟਰਾਂ ’ਤੇ ਪੁਤਲੇ ਫ਼ੂਕਣ ਦੇ ਉਲੀਕੇ ਪ੍ਰੋਗਰਾਮ ਤਹਿਤ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮੁੱਖ ਮੰਤਰੀ ਦਾ ਪੁਤਲਾ ਫ਼ੂਕਦਿਆਂ ਮੁਜ਼ਾਹਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕੱਚੇ ਅਧਿਆਪਕ ਅੱਜ ਬਾਅਦ ਦੁਪਹਿਰ ਬੱਸ ਸਟੈਂਡ ਨਜ਼ਦੀਕ ਮੰਦਰ ਦੇ ਪਾਰਕ ਵਿਚ ਇਕੱਠੇ ਹੋਏ, ਜਿਥੋਂ ਮੁੱਖ ਮੰਤਰੀ ਦਾ ਪੁਤਲਾ ਚੁੱਕ ਕੇ ਰੋਸ ਮਾਰਚ ਕੀਤਾ ਗਿਆ ਅਤੇ ਡੀਸੀ ਦਫ਼ਤਰ ਅੱਗੇ ਪੁੱਜ ਕੇ ਪੁਤਲਾ ਫ਼ੂਕਦਿਆਂ ਮੁਜ਼ਾਹਰਾ ਕੀਤਾ। ਇਸ ਮੌਕੇ ਯੂਨੀਅਨ ਦੇ ਆਗੂ ਗੁਰਿੰਦਰ ਸੋਹੀ, ਨਿਰਮਲ ਕਲੌਦੀ, ਵਿਕਾਸ ਵਡੇਰਾ, ਅਜੀਤ ਪਾਲ, ਮਲਕੀਤ ਸਿੰਘ ਔਲਖ ਅਤੇ ਰੇਸ਼ਮ ਸਿੰਘ ਨੇ ਪੁਲੀਸ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਕਿ 1 ਜੁਲਾਈ ਨੂੰ ਸ਼ਾਂਤਮਈ ਰੋਸ ਮਾਰਚ ਕਰਦੇ ਕੱਚੇ ਅਧਿਆਪਕਾਂ ਉਪਰ ਪੁਲੀਸ ਵਲੋਂ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ ਅਤੇ ਪੱਗਾਂ ਤੇ ਚੁੰਨੀਆਂ ਰੋਲੀਆਂ ਗਈਆਂ। ਸਰਕਾਰ ਪੁਲੀਸ ਜਬਰ ਨਾਲ ਕੱਚੇ ਅਧਿਆਪਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਸੀ ਪਰ ਅਧਿਆਪਕਾਂ ਦੇ ਹੌਸਲੇ ਬੁਲੰਦ ਹਨ ਅਤੇ ਸੰਘਰਸ਼ ਲਗਾਤਾਰ ਜਾਰੀ ਹੈ। 22 ਦਿਨਾਂ ਤੋਂ ਇੰਦਰਜੀਤ ਸਿੰਘ ਮਾਨਸਾ ਪਿੰਡ ਖੁਰਾਣਾ ਦੀ ਕਰੀਬ ਸੌ ਫੁੱਟ ਉਚੀ ਟੈਂਕੀ ’ਤੇ ਚੜ੍ਹਿਆ ਹੋਇਆ ਹੈ, ਜਦੋਂ ਕਿ ਹੇਠਾਂ ਪੱਕਾ ਮੋਰਚਾ ਜਾਰੀ ਹੈ ਪਰ ਸਰਕਾਰ ਨੂੰ ਸੜਕਾਂ ’ਤੇ ਰੁਲ੍ਹ ਰਹੇ ਪੰਜਾਬ ਦੇ ਧੀਆਂ ਪੁੱਤਾਂ ਦੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲੀਸ ਜਬਰ ਦੇ ਖ਼ਿਲਾਫ਼ ਅੱਜ ਪੰਜਾਬ ਭਰ ਦੇ ਸਾਰੇ ਜ਼ਿਲ੍ਹਾ ਹੈਡਕੁਆਟਰਾਂ ’ਤੇ ਮੁੱਖ ਮੰਤਰੀ ਦੇ ਪੁਤਲੇ ਫ਼ੂਕਦਿਆਂ ਰੋਸ ਮੁਜ਼ਾਹਰੇ ਕੀਤੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਕੱਚੇ ਅਧਿਆਪਕਾਂ ਨੂੰ ਤਨਖਾਹ ਸਕੇਲਾਂ ਸਮੇਤ ਸਾਰੇ ਸਰਕਾਰੀ ਲਾਭ ਅਤੇ ਭੱਤੇ ਦੇ ਕੇ ਰੈਗੂਲਰ ਕੀਤਾ ਜਾਵੇ। ਇਸ ਮੌਕੇ ਸਮੂਹ ਭਰਾਤਰੀ ਤੇ ਕਿਸਾਨ ਜਥੇਬੰਦੀਆਂ ਵਲੋਂ 8736 ਕੱਚੇ ਅਧਿਆਪਕਾਂ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਹੈ। ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਆਗੂ ਜੁਝਾਰ ਸਿੰਘ ਲੌਂਗੋਵਾਲ, ਡੀਟੀਐਫ਼ ਆਗੂ ਪਵਨ ਕੁਮਾਰ, ਜਸਵੀਰ ਨਮੋਲ, ਜਗਜੀਤ ਸਿੰਘ ਐਸਸੀਬੀਸੀ ਅਧਿਆਪਕ ਯੂਨੀਅਨ, ਪੀਐਸਯੂ ਦੇ ਸੁਖਦੀਪ ਸਿੰਘ, ਮਨਪ੍ਰੀਤ ਕੌਰ, ਤਰਸੇਮ ਸਿੰਘ, ਬਲਜਿੰਦਰ ਸ਼ੇਰਪੁਰ, ਮਨਪ੍ਰੀਤ ਕੌਰ, ਸਰਬਜੀਤ ਕੌਰ, ਗਗਨਦੀਪ ਕੌਰ ਲੱਡਾ, ਮਨਜਿੰਦਰ ਕੌਰ, ਦਮਨ ਸੁਨਾਮ, ਅੰਮ੍ਰਿਤਪਾਲ ਸਿੰਘ, ਗੁਰਵਿੰਦਰ ਸਿੰਘ ਮਲੇਰਕੋਟਲਾ, ਗੁਰਲਾਲ ਸਿੰਘ, ਹਰਦੀਪ ਸਿੰਘ, ਅਵਤਾਰ ਸਿੰਘ, ਜਗਰਾਜ ਸਿੰਘ, ਹਰਿੰਦਰ ਕੌਰ ਮਲੇਰਕੋਟਲਾ ਮੌਜੂਦ ਸਨ।

Advertisement

Advertisement
Tags :
Author Image

Advertisement
Advertisement
×