ਰਾਏਧਰਾਨਾ ਮੰਡੀ ’ਚ ਅਜੇ 90 ਫੀਸਦ ਝੋਨੇ ਪਿਐ: ਕਿਸਾਨ ਯੂਨੀਅਨ
ਰਮੇਸ਼ ਭਾਰਦਵਾਜ
ਲਹਿਰਾਗਾਗਾ, 16 ਨਵੰਬਰ
ਕਿਰਤੀ ਕਿਸਾਨ ਯੂਨੀਅਨ ਬਲਾਕ ਲਹਿਰਾਗਾਗਾ ਦੀ ਟੀਮ ਨੇ ਵੱਖ-ਵੱਖ ਅਨਾਜ ਮੰਡੀਆਂ ਵਿੱਚ ਜਾ ਕੇ ਝੋਨੇ ਦੀ ਖਰੀਦ ਦਾ ਜਾਇਜ਼ਾ ਲਿਆ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਰੋਸ ਜ਼ਾਹਿਰ ਕੀਤਾ ਕਿ ਲਹਿਰਾਗਾਗਾ ਦੀ ਅਨਾਜ ਮੰਡੀ ਰਾਏਧਰਾਨਾ ਸਣੇ ਕਈ ਪਿੰਡਾਂ ਵਿੱਚ ਕਿਰਤੀ ਕਿਸਾਨ ਯੂਨੀਅਨ ਦੀ ਟੀਮ ਪਹੁੰਚੀ ਤਾਂ ਦੇਖਿਆ ਕੇ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਦੀ ਬੇਕਦਰੀ ਹੋ ਰਹੀ ਹੈ। ਪਿੰਡ ਰਾਏਧਰਾਨਾ ਮੰਡੀ ਵਿੱਚ ਤਕਰੀਬਨ 90 ਫੀਸਦ ਝੋਨੇ ਅਜੇ ਤੱਕ ਪਿਆ ਹੈ।
ਕਿਸਾਨ ਪਿਛਲੇ 20-25 ਦਿਨ ਤੋਂ ਝੋਨੇ ਦੀ ਖ਼ਰੀਦ ਦੀ ਉਡੀਕ ਕਰ ਰਹੇ ਹਨ। ਇਸ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਦਾ ਵੱਡੇ ਪੱਧਰ ’ਤੇ ਆਰਥਿਕ ਨੁਕਸਾਨ ਹੋ ਰਿਹਾ ਹੈ। ਜਥੇਬੰਦੀ ਦੇ ਪ੍ਰਧਾਨ ਨਿਰਭੈ ਸਿੰਘ ਨੇ ਮੰਡੀ ਇੰਸਪੈਕਟਰਾ ਨਾਲ ਲਗਾਤਾਰ ਗੱਲਬਾਤ ਕੀਤੀ ਗਈ ਤੇ ਪ੍ਰਸ਼ਾਸਨ ਦੇ ਵੀ ਧਿਆਨ ਵਿੱਚ ਲਿਆਂਦਾ ਗਿਆ ਪਰ ਅਜੇ ਤੱਕ ਕੋਈ ਵੀ ਢੁੱਕਵੀਂ ਕਾਰਵਾਈ ਨਹੀਂ ਹੋਈ, ਜਿਸ ਦੇ ਸਿੱਟੇ ਵਜੋਂ ਅੱਜ ਪਿੰਡ ਰਾਏਧਰਾਨੇ ਦੀ ਮੰਡੀ ਵਿੱਚ ਰੈਲੀ ਕੀਤੀ ਗਈ ਅਤੇ ਰੈਲੀ ਵਿੱਚ ਇਹ ਫੈਸਲਿਆ ਲਿਆ ਗਿਆ ਕੇ ਜੇ ਦੋ ਦਿਨਾਂ ਵਿੱਚ ਝੋਨੇ ਦੀ ਭਰਾਈ ਦਾ ਕੰਮ ਮੁਕੰਮਲ ਰੂਪ ਵਿੱਚ ਪੂਰਾ ਨਹੀਂ ਹੁੰਦਾ ਤਾਂ 18 ਨਵੰਬਰ ਦਿਨ ਸੋਮਵਾਰ ਨੂੰ ਪੱਕੇ ਤੌਰ ’ਤੇ ਰੋਡ ਜਾਮ ਕੀਤਾ ਜਾਵੇਗਾ। ਇਸ ਮੌਕੇ ਬਲਬੀਰ ਸਿੰਘ ਰਾਏਧਾਰਾਨਾ, ਗੁਰਪ੍ਰੀਤ ਸਿੰਘ ਖਾਈ, ਦਰਸ਼ਨ ਸਿੰਘ ਖਾਈ, ਸੁਖਚੈਨ ਸਿੰਘ ਰਾਏਧਾਰਨਾ, ਬੱਬਲੂ ਰਾਏਧਾਰਨਾ ਮੌਜੂਦ ਸਨ।