For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ਮੀਂਹ ਤੇ ਝੱਖੜ ਨੇ ਮੁੜ ਝੰਬੀਆਂ ਫ਼ਸਲਾਂ

08:48 AM Oct 17, 2023 IST
ਪੰਜਾਬ ਵਿੱਚ ਮੀਂਹ ਤੇ ਝੱਖੜ ਨੇ ਮੁੜ ਝੰਬੀਆਂ ਫ਼ਸਲਾਂ
ਅੰਮ੍ਰਿਤਸਰ ਦੀ ਭਗਤਾਂਵਾਲਾ ਅਨਾਜ ਮੰਡੀ ਵਿੱਚੋਂ ਮੀਂਹ ਦਾ ਪਾਣੀ ਕੱਢਦੇ ਹੋਏ ਮਜ਼ਦੂਰ। -ਫੋਟੋ: ਵਿਸ਼ਾਲ ਕੁਮਾਰ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 16 ਅਕਤੂਬਰ
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਅੱਜ ਸਵੇਰੇ ਪਏ ਮੀਂਹ ਕਾਰਨ ਜਿੱਥੇ ਠੰਢ ਵੱਧ ਗਈ ਉਥੇ ਹੀ ਭਾਰੀ ਮੀਂਹ ਨੇ ਕਿਸਾਨਾਂ ਦੇ ਸਾਹ ਸੁੱਕਣੇ ਪਾ ਦਿੱਤੇ ਹਨ। ਅੱਜ ਸਵੇਰ ਸਮੇਂ ਆਏ ਝੱਖੜ ਤੇ ਉਸ ਤੋਂ ਬਾਅਦ ਪਏ ਮੀਂਹ ਕਰਕੇ ਖੇਤਾਂ ਵਿੱਚ ਤਿਆਰ ਖੜ੍ਹੀਆਂ ਫ਼ਸਲਾਂ ਝੰਬੀਆਂ ਗਈਆਂ ਹਨ। ਇਸ ਤੋਂ ਇਲਾਵਾ ਮੰਡੀਆਂ ਵਿੱਚ ਵਿਕਣ ਆਇਆ ਝੋਨਾ ਵੀ ਭਿੱਜ ਗਿਆ ਹੈ ਅਤੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਕੰਮ ਵੀ ਰੁਕ ਗਿਆ ਹੈ। ਉੱਧਰ ਮੌਸਮ ਵਿਭਾਗ ਵੱਲੋਂ 17 ਅਕਤੂਬਰ ਨੂੰ ਵੀ ਪੰਜਾਬ ਵਿੱਚ ਵਧੇਰੇ ਥਾਵਾਂ ’ਤੇ ਮੱਧਮ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਤੇ ਗੁਰਦਾਸਪੁਰ ਦੇ ਕੁਝ ਇਲਾਕਿਆਂ ਵਿੱਚ ਤੇਜ਼ ਮੀਂਹ ਦੇ ਨਾਲ ਗੜੇਮਾਰੀ ਹੋਣ ਕਰਕੇ ਫ਼ਸਲਾਂ ਦਾ ਜ਼ਿਆਦਾ ਨੁਕਸਾਨ ਹੋ ਗਿਆ ਹੈ ਜਦੋਂਕਿ ਸੂਬੇ ਦੇ ਬਾਕੀ ਸ਼ਹਿਰਾਂ ਵਿੱਚ ਮੀਂਹ ਪੈਣ ਕਰ ਕੇ ਝੋਨੇ ਦੀਆਂ ਤਿਆਰ ਖੜ੍ਹੀਆਂ ਫ਼ਸਲਾਂ ਦੀ ਕਟਾਈ ਪ੍ਰਭਾਵਿਤ ਹੋਵੇਗੀ। ਇਸੇ ਤਰ੍ਹਾਂ ਨਰਮਾ ਪੱਟੀ ਦੇ ਇਲਾਕੇ ਵਿੱਚ ਵੀ ਨਰਮੇ ਦੀ ਫ਼ਸਲ ਦਾ ਕਾਫੀ ਨੁਕਸਾਨ ਹੋ ਗਿਆ ਹੈ। ਖੇਤੀ ਵਿਭਾਗ ਪੰਜਾਬ ਵੱਲੋਂ ਸੂਬੇ ਵਿੱਚ ਮੀਂਹ ਕਰ ਕੇ ਫਸਲਾਂ ਦੇ ਹੋਏ ਖਰਾਬੇ ਦੀ ਰਿਪੋਰਟ ਮੰਗੀ ਗਈ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਆਇਆ ਝੋਨਾ ਵੀ ਖੁੱਲ੍ਹੇ ਅਸਮਾਨ ਹੇਠ ਪਿਆ ਹੋਣ ਕਰਕੇ ਭਿੱਜ ਗਿਆ ਹੈ। ਇਸ ਮੀਂਹ ਨੇ ਸੂਬਾ ਸਰਕਾਰ ਵੱਲੋਂ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਸਬੰਧੀ ਕੀਤੀਆਂ ਤਿਆਰੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੰਡੀਆਂ ਵਿੱਚ ਤਰਪਾਲਾਂ ਦੀ ਘਾਟ ਅਤੇ ਖੁੱਲ੍ਹੇ ਅਸਮਾਨ ਹੇਠ ਲੱਗੀਆਂ ਬੋਰੀਆਂ ਦੇ ਢੇਰ ਸਾਰੇ ਹੀ ਪਾਣੀ ਵਿੱਚ ਭਿੱਜ ਗਏ ਹਨ। ਉਧਰ, ਆੜ੍ਹਤੀਆਂ ਵੱਲੋਂ ਹੜਤਾਲ ਕਰਨ ਕਰਕੇ ਵੀ ਮੰਡੀਆਂ ਵਿੱਚ ਝੋਨੇ ਦੀ ਚੁਕਾਈ ਨਹੀਂ ਹੋ ਰਹੀ ਹੈ, ਜਿਸ ਕਰ ਕੇ ਜ਼ਿਆਦਾਤਰ ਝੋਨਾ ਮੰਡੀਆਂ ਵਿੱਚ ਹੀ ਪਿਆ ਹੈ। ਇਸ ਕਾਰਨ ਮੰਡੀਆਂ ਵਿੱਚ ਪਿਆ ਸਾਰਾ ਝੋਨਾ ਮੀਂਹ ਦੇ ਪਾਣੀ ਵਿੱਚ ਡੁੱਬ ਗਿਆ। ਮੌਸਮ ਵਿਗਿਆਨੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਪਟਿਆਲਾ ਵਿੱਚ 24 ਘੰਟਿਆਂ ਦੌਰਾਨ 10.6 ਐੱਮਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ ਗੁਰਦਾਸਪੁਰ ਵਿੱਚ 15 ਐੱਮਐੱਮ, ਚੰਡੀਗੜ੍ਹ ਵਿੱਚ 18.8, ਅੰਮ੍ਰਿਤਸਰ ਵਿੱਚ 5, ਲੁਧਿਆਣਾ ਵਿੱਚ 20.6, ਪਠਾਨਕੋਟ ਵਿੱਚ 17, ਬਠਿੰਡਾ ਵਿੱਚ 15.6, ਫਰੀਦਕੋਟ ਵਿੱਚ 9.2, ਨਵਾਂ ਸ਼ਹਿਰ ’ਚ 16.5, ਫ਼ਤਹਿਗੜ੍ਹ ਸਾਹਿਬ ਵਿੱਚ 11.5, ਫਿਰੋਜ਼ਪੁਰ ਵਿੱਚ 7, ਜਲੰਧਰ ਵਿੱਚ 8.5, ਮੁਹਾਲੀ ਵਿੱਚ 11.5 ਅਤੇ ਰੋਪੜ ਵਿੱਚ 17 ਐੱਮਐੱਮ ਮੀਂਹ ਪਿਆ।

Advertisement

Advertisement

ਮੀਂਹ ਕਾਰਨ ਤਾਪਮਾਨ ਆਮ ਨਾਲੋਂ 10 ਡਿਗਰੀ ਸੈਲਸੀਅਸ ਤੱਕ ਡਿੱਗਿਆ

ਪੰਜਾਬ ਵਿੱਚ ਮੀਂਹ ਤੇ ਝੱਖੜ ਕਰਕੇ ਤਾਪਮਾਨ ਵੀ ਆਮ ਨਾਲੋਂ 10 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ। ਅੱਜ ਪੰਜਾਬ ਵਿੱਚ ਅੰਮ੍ਰਿਤਸਰ ਸਭ ਤੋਂ ਠੰਢਾ ਸ਼ਹਿਰ ਰਿਹਾ ਹੈ। ਜਿੱਥੇ ਵੱਧ ਤੋਂ ਵੱਧ ਤਾਪਮਾਨ 21.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 10.9 ਡਿਗਰੀ ਸੈਲਸੀਅਸ ਘੱਟ ਰਿਹਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 24.9 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 24.9, ਪਟਿਆਲਾ ਵਿੱਚ 25.8, ਪਠਾਨਕੋਟ ਵਿੱਚ 25, ਬਠਿੰਡਾ ਵਿੱਚ 29, ਗੁਰਦਾਸਪੁਰ ਵਿੱਚ 26, ਨਵਾਂਸ਼ਹਿਰ ਵਿੱਚ 24.9, ਬਰਨਾਲਾ ਵਿੱਚ 24.8, ਫਰੀਦਕੋਟ ਵਿੱਚ 27.8, ਫ਼ਤਹਿਗੜ੍ਹ ਸਾਹਿਬ ਵਿੱਚ 25.5, ਫਿਰੋਜ਼ਪੁਰ ਵਿੱਚ 24, ਹੁਸ਼ਿਆਰਪੁਰ ਵਿੱਚ 26.5, ਮੋਗਾ ਵਿੱਚ 24.8, ਮੁਹਾਲੀ ਵਿੱਚ 25.9 ਅਤੇ ਰੋਪੜ ਵਿੱਚ 25.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਨ੍ਹਾਂ ਸ਼ਹਿਰਾਂ ਵਿੱਚ ਤਾਪਮਾਨ 5 ਤੋਂ 8 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਹੈ। ਪੰਜਾਬ ਵਿੱਚ ਤਾਪਮਾਨ ਡਿੱਗਣ ਕਰਕੇ ਬਿਜਲੀ ਦੀ ਮੰਗ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ।

Advertisement
Author Image

Advertisement