ਪੰਜਾਬ ’ਚ ਗਰਮੀ ਨੇ ਕੱਢੇ ਵੱਟ
ਆਤਿਸ਼ ਗੁਪਤਾ
ਚੰਡੀਗੜ੍ਹ, 15 ਮਈ
ਪੰਜਾਬ ਵਿੱਚ ਜੇਠ ਮਹੀਨਾ ਚੜ੍ਹਨ ਤੋਂ ਪਹਿਲਾਂ ਹੀ ਗਰਮੀ ਨੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਸੂਬੇ ਦੇ ਇਕ ਦਰਜਨ ਦੇ ਕਰੀਬ ਸ਼ਹਿਰਾਂ ਦਾ ਤਾਪਮਾਨ 42 ਡਿਗਰੀ ਸੈਲਸੀਅਸ ’ਤੇ ਪਹੁੰਚ ਚੁੱਕਾ ਹੈ। ਕਈ ਹੋਰ ਸ਼ਹਿਰਾਂ ਦਾ ਤਾਪਮਾਨ ਵੀ 40 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ ਹੈ। ਗਰਮੀ ਵਧਣ ਦੇ ਨਾਲ ਹੀ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਮੌਸਮ ਵਿਭਾਗ ਨੇ ਵੀ 16 ਤੋਂ 19 ਮਈ ਤੱਕ ਅਤਿ ਦੀ ਗਰਮੀ ਪੈਣ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਵਿਭਾਗ ਨੇ 16 ਅਤੇ 17 ਮਈ ਲਈ ਯੈਲੋ ਅਤੇ 18 ਤੇ 19 ਮਈ ਲਈ ਓਰੈਂਜ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਸੂਬੇ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਸਕਦਾ ਹੈ। ਅਤਿ ਦੀ ਪੈ ਰਹੀ ਗਰਮੀ ਸਬਜ਼ੀ ਕਾਸ਼ਤਕਾਰਾਂ ਲਈ ਘਾਤਕ ਸਾਬਿਤ ਹੋ ਰਹੀ ਹੈ। ਤਾਪਮਾਨ ਲਗਾਤਾਰ ਵਧਣ ਕਰਕੇ ਖੇਤਾਂ ਵਿੱਚ ਉਗਾਈਆਂ ਗਈਆਂ ਸਬਜ਼ੀਆਂ ਸੁੱਕਣ ਕੰਢੇ ਪਹੁੰਚ ਰਹੀਆਂ ਹਨ। ਸਬਜ਼ੀ ਕਾਸ਼ਤਕਾਰਾਂ ਨੂੰ ਲੋੜ ਨਾਲੋਂ ਵੱਧ ਪਾਣੀ ਦੀ ਵਰਤੋਂ ਕਰਨੀ ਪੈ ਰਹੀ ਹੈ। ਦੂਜੇ ਪਾਸੇ ਬਿਜਲੀ ਦੀ ਮੰਗ ਵਧਣੀ ਸ਼ੁਰੂ ਹੋ ਗਈ ਹੈ। ਪੰਜਾਬ ਵਿੱਚ ਅੱਜ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਦੇ ਕਰੀਬ ਪਹੁੰਚ ਗਈ। ਦੇਰ ਰਾਤ ਖ਼ਬਰ ਲਿਖੇ ਜਾਣ ਸਮੇਂ ਵੀ ਸੂਬੇ ਵਿੱਚ ਬਿਜਲੀ ਦੀ ਮੰਗ 8500 ਮੈਗਾਵਾਟ ਦੇ ਕਰੀਬ ਦਰਜ ਕੀਤੀ ਗਈ ਹੈ। ਸੂਬੇ ’ਚ ਅੱਜ ਪਠਾਨਕੋਟ ਸਭ ਤੋਂ ਗਰਮ ਸ਼ਹਿਰ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 42.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਵੱਧ ਰਿਹਾ। ਇਸੇ ਤਰ੍ਹਾਂ ਚੰਡੀਗੜ੍ਹ ’ਚ 42 ਡਿਗਰੀ ਸੈਲਸੀਅਸ, ਅੰਮ੍ਰਿਤਸਰ ’ਚ 42, ਲੁਧਿਆਣਾ ’ਚ 41.6, ਪਟਿਆਲਾ ’ਚ 42.4, ਬਠਿੰਡਾ ’ਚ 42.6, ਗੁਰਦਾਸਪੁਰ ਵਿੱਚ 40, ਨਵਾਂਸ਼ਹਿਰ ਵਿੱਚ 40.4, ਬਰਨਾਲਾ ’ਚ 42.4, ਫਿਰੋਜ਼ਪੁਰ ’ਚ 42.2, ਜਲੰਧਰ ’ਚ 41.1, ਮੁਹਾਲੀ ’ਚ 40.9 ਅਤੇ ਰੋਪੜ ਵਿੱਚ 40.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।