For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ਗਰਮ ਹਵਾਵਾਂ ਨੇ ਤਪਾਏ ਲੋਕ

07:48 AM May 24, 2024 IST
ਪੰਜਾਬ ਵਿੱਚ ਗਰਮ ਹਵਾਵਾਂ ਨੇ ਤਪਾਏ ਲੋਕ
ਜ਼ੀਰਕਪੁਰ ’ਚ ਗੱਡੀ ’ਚੋਂ ਪਾਣੀ ਵਾਲੇ ਮਿੱਟੀ ਦੇ ਘੜੇ ਲਾਹੁੰਦਾ ਹੋਇਆ ਵਿਅਕਤੀ। -ਫੋਟੋ: ਰਵੀ ਕੁਮਾਰ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 23 ਮਈ
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਪਿਛਲੇ ਇਕ ਹਫ਼ਤੇ ਤੋਂ ਪੈ ਰਹੀ ਅਤਿ ਦੀ ਗਰਮੀ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਕਈ ਦਿਨਾਂ ਤੋਂ ਪੈ ਰਹੀ ਗਰਮੀ ਤੇ ਲੂ ਚੱਲਣ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰ ਰਹੇ ਹਨ। ਕਈ ਥਾਵਾਂ ਤੋਂ ਗਰਮੀ ਕਾਰਨ ਲੋਕਾਂ ਦੇ ਬੇਹੋਸ਼ ਹੋਣ ਦੀਆਂ ਖਬਰਾਂ ਹਨ। ਉਧਰ ਮੌਸਮ ਵਿਭਾਗ ਵੱਲੋਂ ਅਜਿਹੀ ਗਰਮੀ 27 ਮਈ ਤੱਕ ਲਗਾਤਾਰ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਦੌਰਾਨ ਸੂਬੇ ਵਿੱਚ ਤਾਪਮਾਨ 45 ਤੋਂ 46 ਡਿਗਰੀ ਸੈਲਸੀਅਸ ਤੱਕ ਵੀ ਪਹੁੰਚ ਸਕਦਾ ਹੈ। ਅੱਜ ਪੰਜਾਬ ਦਾ ਫਿਰੋਜ਼ਪੁਰ ਸ਼ਹਿਰ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 43.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ ਵਿੱਚ ਇਸ ਵਾਰ ਮਾਰਚ ਤੋਂ ਮਈ ਮਹੀਨੇ ਤੱਕ ਆਮ ਨਾਲੋਂ 34 ਫ਼ੀਸਦ ਘੱਟ ਮੀਂਹ ਪਿਆ ਹੈ, ਜਦੋਂਕਿ 17 ਮਈ ਤੋਂ 23 ਮਈ ਤੱਕ ਇਕ ਹਫ਼ਤੇ ਵਿੱਚ ਆਮ ਨਾਲੋਂ 95 ਫ਼ੀਸਦ ਘੱਟ ਮੀਂਹ ਪਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ 1 ਮਾਰਚ ਤੋਂ 23 ਮਈ ਤੱਕ ਔਸਤਨ 50.2 ਐੱਮਐੱਮ ਮੀਂਹ ਪੈਂਦਾ ਹੈ, ਜਦੋਂਕਿ ਇਸ ਵਾਰ 33.3 ਐੱਮਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ 17 ਮਈ ਤੋਂ 23 ਮਈ ਤੱਕ ਔਸਤਨ 4.1 ਐੱਮਐੱਮ ਮੀਂਹ ਪੈਂਦਾ ਹੈ। ਇਸ ਵਾਰ 0.2 ਐੱਮਐੱਮ ਮੀਂਹ ਹੀ ਪਿਆ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ ਇਕ ਹਫ਼ਤੇ ਵਿੱਚ ਮੀਂਹ ਪੈਣ ਦੇ ਆਸਾਰ ਦਿਖਾਈ ਨਹੀਂ ਦੇ ਰਹੇ।
ਜਾਣਕਾਰੀ ਅਨੁਸਾਰ ਸੂਬੇ ਵਿੱਚ ਪੈ ਰਹੀ ਅਤਿ ਦੀ ਗਰਮੀ ਕਾਰਨ ਆਮ ਜਨ-ਜੀਵਨ ਦੇ ਨਾਲ-ਨਾਲ ਜਾਨਵਰਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਦੂਜੇ ਪਾਸੇ ਖੇਤਾਂ ਵਿੱਚ ਸਬਜ਼ੀਆਂ ਵੀ ਸੁੱਕ ਰਹੀਆਂ ਹਨ, ਜਿਨ੍ਹਾਂ ਦੀ ਸੰਭਾਲ ਲਈ ਵਾਧੂ ਪਾਣੀ ਦੀ ਜ਼ਰੂਰਤ ਪੈ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਬਿਜਲੀ ਦੀ ਮੰਗ ਵੀ ਵਧੀ ਹੈ। ਅੱਜ ਸੂਬੇ ਵਿੱਚ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ’ਤੇ ਪਹੁੰਚ ਗਈ। ਬਿਜਲੀ ਦੀ ਮੰਗ ਵਧਣ ਦੇ ਨਾਲ-ਨਾਲ ਸੂਬੇ ਵਿੱਚ ਕਈ-ਕਈ ਘੰਟਿਆਂ ਦੇ ਬਿਜਲੀ ਕੱਟ ਵੀ ਲੱਗ ਰਹੇ ਹਨ, ਜਿਸ ਕਰ ਕੇ ਲੋਕ ਗਰਮੀ ਕਾਰਨ ਪ੍ਰੇਸ਼ਾਨ ਹਨ। ਲੰਘੀ ਰਾਤ ਤਾਂ ਬਿਜਲੀ ਦੇ ਕੱਟ ਲੱਗਣ ਤੋਂ ਦੁਖੀ ਲੋਕ ਮੁਹਾਲੀ ਵਿੱਚ ਬਿਜਲੀ ਦੇ ਗਰਿੱਡ ਤੱਕ ਹੀ ਪਹੁੰਚ ਗਏ ਸਨ।

Advertisement

Advertisement
Author Image

joginder kumar

View all posts

Advertisement
Advertisement
×