For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਵਿੱਚ ਜ਼ਮੀਨਦੋਜ਼ ਮੈਟਰੋ ਲਈ ਸਿਧਾਂਤਕ ਪ੍ਰਵਾਨਗੀ ਮਿਲੀ

07:48 AM Jul 04, 2024 IST
ਚੰਡੀਗੜ੍ਹ ਵਿੱਚ ਜ਼ਮੀਨਦੋਜ਼ ਮੈਟਰੋ ਲਈ ਸਿਧਾਂਤਕ ਪ੍ਰਵਾਨਗੀ ਮਿਲੀ
ਚੰਡੀਗੜ੍ਹ ਦੇ ਮੱਧ ਮਾਰਗ ਦੀ ਤਸਵੀਰ, ਜਿੱਥੋਂ ਕਿ ਮੈਟਰੋ ਲਾਈਨ ਲੰਘਣੀ ਹੈ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 3 ਜੁਲਾਈ
ਸਿਟੀ ਬਿਊਟੀਫੁਲ ਚੰਡੀਗੜ੍ਹ ਦੀ ਵਿਰਾਸਤੀ ਦਿੱਖ ਨੂੰ ਬਰਕਰਾਰ ਰੱਖਣ ਲਈ ਚੰਡੀਗੜ੍ਹ ਹੈਰੀਟੇਜ ਕੰਜ਼ਰਵੇਸ਼ਨ ਕਮੇਟੀ ਨੇ ਸ਼ਹਿਰ ਵਿੱਚ ਜ਼ਮੀਨਦੋਜ਼ ਮੈਟਰੋ ਰੇਲਵੇ ਲਾਈਨ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਨੇ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਸੈਕਟਰ-1 ਤੋਂ 30 ਵਿਚਾਲੇ ਜ਼ਮੀਨਦੋਜ਼ ਮੈਟਰੋ ਰੇਲਵੇ ਲਾਈਨ ਬਣਾਉਣ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਇਹ ਲਾਈਨ ਸ਼ਹਿਰ ਦੇ ਮੱਧ ਮਾਰਗ ਤੋਂ ਨਿਕਲੇਗੀ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕੇਂਦਰ ਸਰਕਾਰ ਤੋਂ ਸਿਧਾਂਤਕ ਮਨਜ਼ੂਰੀ ਮਿਲਣ ਦੀ ਪੁਸ਼ਟੀ ਕੀਤੀ ਹੈ ਪਰ ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਹਾਲੇ ਮੀਟਿੰਗ ਦੀ ਮੁਕੰਮਲ ਜਾਣਕਾਰੀ ਆਣੀ ਬਾਕੀ ਹੈ।
ਦੱਸਣਯੋਗ ਹੈ ਕਿ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਮੈਟਰੋ ਰੇਲ ਲਾਈਨ ਬਣਾਉਣ ਦਾ ਫੈਸਲਾ ਲਿਆ ਹੈ, ਜਿਸ ਦਾ ਚੰਡੀਗੜ੍ਹ ਹੈਰੀਟੇਜ ਕੰਜ਼ਰਵੇਸ਼ਨ ਕਮੇਟੀ ਨੇ ਵਿਰੋਧ ਕਰਦਿਆਂ ਮੈਟਰੋ ਨੂੰ ਜ਼ਮੀਨਦੋਜ਼ ਬਣਾਉਣ ਦੀ ਸਿਫਾਰਸ਼ ਕੀਤੀ ਸੀ। ਯੂਟੀ ਪ੍ਰਸ਼ਾਸਨ ਨੇ ਉਕਤ ਸਿਫਾਰਸ਼ ’ਤੇ ਇਸ ਸਬੰਧੀ ਕੇਂਦਰ ਸਰਕਾਰ ਨੂੰ ਸੂਚਿਤ ਕੀਤਾ ਸੀ। ਕੇਂਦਰ ਸਰਕਾਰ ਨੇ ਜ਼ਮੀਨਦੋਜ਼ ਮੈਟਰੋ ਬਾਰੇ ਰਿਪੋਰਟ ਮੰਗੀ ਸੀ। ਇਸ ’ਤੇ ਯੂਟੀ ਪ੍ਰਸ਼ਾਸਨ ਨੇ ਕੇਂਦਰ ਸਰਕਾਰ ਨੂੰ ਰਿਪੋਰਟ ਸੌਂਪ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਰੇਲ ਇੰਡੀਆ ਟੈਕਨੀਕਲ ਐਂਡ ਇਕਨੌਮਿਕ ਸਰਵਿਸਿਜ਼ (ਰਾਈਟਸ) ਨੇ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਨੂੰ ਆਪਸ ਵਿੱਚ ਜੋੜਨ ਲਈ ਮੈਟਰੋ ਰੇਲ ਲਾਈਨ ਪ੍ਰਾਜੈਕਟ ਦੀ ਰਿਪੋਰਟ ਤਿਆਰ ਕੀਤੀ ਸੀ। ਰਾਈਟਸ ਅਨੁਸਾਰ ਸ਼ਹਿਰ ਵਿੱਚ ਜ਼ਮੀਨਦੋਜ਼ ਮੈਟਰੋ ਸ਼ੁਰੂ ਕਰਨ ਲਈ ਪ੍ਰਾਜੈਕਟ ਵਿੱਚ 8,000 ਕਰੋੜ ਰੁਪਏ ਦਾ ਵਾਧਾ ਹੋਣ ਦਾ ਅਨੁਮਾਨ ਹੈ। ਪਹਿਲਾਂ ਮੈਟਰੋ ਪ੍ਰਾਜੈਕਟ ਲਈ 11 ਹਜ਼ਾਰ ਰੁਪਏ ਕਰੋੜ ਦੀ ਲਾਗਤ ਆਉਣ ਦਾ ਅਨੁਮਾਨ ਸੀ ਜਦਕਿ ਹੁਣ ਇਹ ਵਧ ਕੇ 19,000 ਕਰੋੜ ਰੁਪਏ ਖਰਚ ਆਉਣ ਦੀ ਸੰਭਾਵਣਾ ਹੈ। ਇਸ ਵਿੱਚ ਪੰਜਾਬ ਤੇ ਹਰਿਆਣਾ ਵੱਲੋਂ 20-20 ਫ਼ੀਸਦ ਤੇ ਕੇਂਦਰ ਸਰਕਾਰ ਵੱਲੋਂ ਵੀ 20 ਫ਼ੀਸਦ ਹਿੱਸਾ ਦਿੱਤਾ ਜਾਵੇਗਾ ਜਦੋਂ ਕਿ ਬਾਕੀ 40 ਫ਼ੀਸਦ ਕਰਜ਼ਾ ਲਿਆ ਜਾਵੇਗਾ।
ਰਾਈਟਸ ਨੇ ਪਿਛਲੇ ਸਾਲ 28 ਦਸੰਬਰ ਨੂੰ ਚੰਡੀਗੜ੍ਹ ਵਿੱਚ ਟਰੈਫਿਕ ਸਿਸਟਮ ਅਤੇ ਭਵਿੱਖ ਵਿੱਚ ਟਰੈਫਿਕ ਸਿਸਟਮ ’ਚ ਸੁਧਾਰ ਕਰਨ ਲਈ ਰਿਪੋਰਟ ਸੌਂਪੀ ਸੀ। ਇਸ ਰਿਪੋਰਟ ਵਿੱਚ ਮੈਟਰੋ ਲਾਈਨ ਬਣਾਉਣ ਦੀ ਤਜਵੀਜ਼ ਰੱਖੀ ਗਈ ਸੀ, ਜਿਸ ਨਾਲ ਸ਼ਹਿਰ ਵਿੱਚ ਟਰੈਫਿਕ ਸਮੱਸਿਆ ’ਤੇ ਕਾਬੂ ਪਾਇਆ ਜਾ ਸਕੇ। ਯੂਟੀ ਪ੍ਰਸ਼ਾਸਨ ਨੇ ਪਿਛਲੇ ਸਾਲ ਪੰਜਾਬ ਤੇ ਹਰਿਆਣਾ ਨਾਲ ਮੀਟਿੰਗ ਕਰ ਕੇ ਮੈਟਰੋ ਪ੍ਰਾਜੈਕਟ ਸਬੰਧੀ ਫੈਸਲਾ ਲਿਆ ਗਿਆ ਸੀ।

Advertisement

ਦੋ ਪੜਾਵਾਂ ਵਿੱਚ ਮੁਕੰਮਲ ਹੋਵੇਗਾ ਮੈਟਰੋ ਦਾ ਕੰਮ

ਰਾਈਟਸ ਨੇ ਮੈਟਰੋ ਨੂੰ ਦੋ ਪੜਾਵਾਂ ਵਿੱਚ ਕੰਮ ਮੁਕੰਮਲ ਕਰਨ ਦਾ ਪ੍ਰਸਤਾਵ ਦਿੱਤਾ ਹੈ। ਪਹਿਲੇ ਪੜਾਅ ਤਹਿਤ ਟਰਾਈਸਿਟੀ ਦੇ ਤਿੰਨ ਰੂਟਾਂ ’ਤੇ ਮੈਟਰੋ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਪਹਿਲੇ ਪੜਾਅ ਵਿੱਚ ਸਾਰੰਗਪੁਰ, ਆਈਐੱਸਬੀਟੀ ਪੰਚਕੂਲਾ ਤੋਂ ਪੰਚਕੂਲਾ ਐਕਸਟੈਨਸ਼ਨ ਤੱਕ 30 ਕਿਲੋਮੀਟਰ ਦਾ ਰੂਟ ਤੈਅ ਕੀਤਾ ਗਿਆ ਹੈ। ਦੂਜੇ ਪੜਾਅ ਵਿੱਚ ਰੌਕ ਗਾਰਡਨ ਤੋਂ ਆਈਐੱਸਬੀਟੀ ਜ਼ੀਰਕਪੁਰ ਵਾਇਆ ਇੰਡਸਟਰੀਅਲ ਏਰੀਆ ਤੇ ਚੰਡੀਗੜ੍ਹ ਏਅਰਪੋਰਟ ਤੱਕ 34 ਕਿਲੋਮੀਟਰ ਅਤੇ ਅਨਾਜ ਮੰਡੀ ਚੌਕ ਸੈਕਟਰ-39 ਤੋਂ ਟਰਾਂਸਪੋਰਟ ਚੌਕ ਸੈਕਟਰ-26 ਤੱਕ 13 ਕਿਲੋਮੀਟਰ ਤੱਕ ਇਹ ਲਾਈਨ ਬਣਾਈ ਜਾਵੇਗੀ।

Advertisement
Author Image

Advertisement
Advertisement
×