ਫਿਲੌਰ ’ਚ ਕਾਂਗਰਸ ਦੀ ਚੜ੍ਹਤ ਬਰਕਰਾਰ
ਸਰਬਜੀਤ ਗਿੱਲ
ਫਿਲੌਰ, 4 ਜੂਨ
ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਫਿਲੌਰ ਵਿਧਾਨ ਸਭਾ ਹਲਕੇ ’ਚੋਂ 46956 ਵੋਟਾਂ ਹਾਸਲ ਕਰਨ ’ਚ ਕਾਮਯਾਬੀ ਹਾਸਲ ਕੀਤੀ ਹੈ। ਜਦੋਂ ਕਿ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ 48288 ਵੋਟ ਮਿਲੇ ਸਨ। ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵੇਲੇ ਕਾਂਗਰਸ ਆਪਣਾ ਵਿਧਾਇਕ ਹੋਣ ਦੇ ਬਾਵਜੂਦ ਹਾਰ ਗਈ ਸੀ। ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਕਾਂਗਰਸ ਦੀਆਂ ਸਿਰਫ਼ 1332 ਵੋਟਾਂ ਹੀ ਘਟੀਆਂ ਹਨ, ਜਿਸ ਨਾਲ ਚੌਧਰੀ ਦੇ ਭਵਿੱਖ ਲਈ ਸਵਾਲ ਖੜ੍ਹੇ ਹੋ ਗਏ। ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਅਤੇ ਸੰਯੁਕਤ ਅਕਾਲੀ ਦਲ ਗੱਠਜੋੜ ਨੂੰ 4104 ਵੋਟ ਮਿਲੇ ਸਨ ਅਤੇ ਹੁਣ ਭਾਰਤੀ ਜਨਤਾ ਪਾਰਟੀ ਦੀ ਵੋਟ ਵਧੀ ਹੈ, ਜਿਸ ਨੂੰ 12131 ਵੋਟ ਮਿਲੇ ਅਤੇ ਇਸ ਨੇ ਜ਼ਿਮਨੀ ਚੋਣ ਨਾਲੋਂ ਵੀ ਅੰਕੜਾ ਵਧਾਇਆ ਹੈ। ਬਹੁਜਨ ਸਮਾਜ ਪਾਰਟੀ ਦਾ ਗ੍ਰਾਫ਼ ਕਾਫੀ ਹੇਠਾਂ ਡਿੱਗਿਆ ਹੈ ਤੇ ਇਸ ਪਾਰਟੀ ਨੂੰ ਸਿਰਫ 16066 ਵੋਟਾਂ ਹੀ ਮਿਲੀਆਂ। ਕਿਸੇ ਵੇਲੇ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵੀ ਇਹ ਸੀਟ ਲੜ ਚੁੱਕੇ ਹਨ। ਹੈਰਾਨੀਜਨਕ ਨਤੀਜਾ ਅਕਾਲੀ ਦਲ ਦਾ ਵੀ ਆਇਆ ਹੈ, ਜਿਸ ਨੂੰ ਸਿਰਫ਼ 10460 ਵੋਟ ਹੀ ਨਸੀਬ ਹੋਏ।