ਪਟਿਆਲਾ ’ਚ ਪੁਲੀਸ ਨਾਲ ਹੱਥੋਪਾਈ ਕਾਰਨ ਕਿਸਾਨ ਆਗੂ ਦੀ ਪੱਗ ਲੱਥੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਅਕਤੂਬਰ
ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਦਾ ਘਿਰਾਓ ਕਰਨ ਤੋਂ ਰੋਕਣ ਮੌਕੇ ਅੱਜ ਇੱਥੇ ਪੁਲੀਸ ਨਾਲ ਹੋਈ ਹੱਥੋਪਾਈ ਦੌਰਾਨ ਕਿਸਾਨ ਆਗੂ ਦੀ ਪੱਗ ਲੱਥ ਗਈ। ਭਾਜਪਾ ਆਗੂ ਪਰਨੀਤ ਕੌਰ ਝੋਨੇ ਦੀ ਖ਼ਰੀਦ ਤੇ ਲਿਫਟਿੰਗ ਸਬੰਧੀ ਸਮੱਸਿਆ ਦੇ ਮੱਦੇਨਜ਼ਰ ਇੱਥੇ ਸਰਹਿੰਦ ਰੋਡ ’ਤੇ ਸਥਿਤ ਨਵੀਂ ਅਨਾਜ ਮੰਡੀ ਦੇ ਦੌਰੇ ’ਤੇ ਆਏ ਹੋਏ ਸਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਕਾਰਕੁਨਾਂ ਨੇ ਮੰਡੀ ਪੁੱਜਣ ’ਤੇ ਪਰਨੀਤ ਕੌਰ ਖਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਭਾਜਪਾ ਆਗੂ ਦਾ ਘਿਰਾਓ ਕਰਨ ਦੀ ਕੋਸ਼ਿਸ਼ ਦੌਰਾਨ ਪੁਲੀਸ ਅਤੇ ਕਿਸਾਨਾਂ ਦਰਮਿਆਨ ਹੋਈ ਧੱਕਾ-ਮੁੱਕੀ ਤੇ ਖਿੱਚ-ਧੂਹ ਵਿੱਚ ਕਿਸਾਨ ਆਗੂ ਦੀ ਪੱਗ ਲੱਥ ਗਈ। ਯੂਨੀਅਨ ਦੇ ਬੁਲਾਰੇ ਮਾਸਟਰ ਬਲਰਾਜ ਜੋਸ਼ੀ ਦੇ ਦੱਸਣ ਮੁਤਾਬਕ ਇਹ ਕਿਸਾਨ ਜਗਦੀਪ ਸਿੰਘ ਛੰਨਾ ਯੂਨੀਅਨ ਦਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹੈ।
ਇਸ ਘਟਨਾ ਤੋਂ ਰੋਹ ਵਿੱਚ ਆਏ ਕਿਸਾਨਾਂ ਨੇ ਪਹਿਲਾਂ ਥਾਣਾ ਅਨਾਜ ਮੰਡੀ ਅੱਗੇ ਤੇ ਫਿਰ ਨੇੜਿਓਂ ਲੰਘਦੀ ਸਰਹਿੰਦ ਰੋਡ ’ਤੇ ਧਰਨਾ ਲਾ ਦਿੱਤਾ। ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਅਤੇ ਪਰਨੀਤ ਕੌਰ ਸਮੇਤ ਪੁਲੀਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਦਾ ਪਤਾ ਚੱਲਦਿਆਂ ਡੀਐੱਸਪੀ ਮਨੋਜ ਗੋਰਸੀ ਅਤੇ ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ ਵੀ ਮੌਕੇ ’ਤੇ ਪਹੁੰਚ ਗਏ। ਪੁਲੀਸ ਅਧਿਕਾਰੀਆਂ ਨੇ ਪੱਗ ਲੱਥਣ ਦੀ ਘਟਨਾ ਨੂੰ ਮੰਦਭਾਗੀ ਤੇ ਅਫਸੋਸਨਾਕ ਕਰਾਰ ਦਿੰਦਿਆਂ ਦਲੀਲ ਦਿੱਤੀ ਕਿ ਇਸ ਪਿੱਛੇ ਕੋਈ ਮੰਦਭਾਵਨਾ ਜਾਂ ਸ਼ਾਜਿਸ਼ ਨਹੀਂ ਸੀ। ਕਾਫ਼ੀ ਕੋਸ਼ਿਸ਼ ਮਗਰੋਂ ਪੁਲੀਸ ਅਧਿਕਾਰੀ ਕਿਸਾਨਾਂ ਨੂੰ ਮਨਾਉਣ ਵਿੱਚ ਸਫਲ ਹੋ ਗਏ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਝੋਨੇ ਦੀ ਖ਼ਰੀਦ ਤੇ ਲਿਫਟਿੰਗ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਭਾਜਪਾ ਆਗੂ ਪਰਨੀਤ ਕੌਰ ਦੀ ਪਟਿਆਲਾ ਸਥਿਤ ਰਿਹਾਇਸ਼ ਨਿਊ ਮੋਤੀ ਮਹਿਲ ਅੱਗੇ ਦਸ ਦਿਨਾਂ ਤੋਂ ਧਰਨਾ ਲਾਇਆ ਹੋਇਆ ਹੈ।
ਕਿਸਾਨਾਂ ਨੇ ਪਰਨੀਤ ਕੌਰ ਦਾ ਪੁਤਲਾ ਫੂਕਿਆ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਝੋਨੇ ਦੀ ਖ਼ਰੀਦ ਤੇ ਲਿਫਟਿੰਗ ਨੂੰ ਲੈ ਕੇ ਭਾਜਪਾ ਆਗੂ ਪਰਨੀਤ ਕੌਰ ਦੀ ਇੱਥੇ ਸਥਿਤ ਰਿਹਾਇਸ਼ ਮੋਤੀ ਮਹਿਲ ਅੱਗੇ 10ਵੇਂ ਦਿਨ ਵੀ ਧਰਨਾ ਜਾਰੀ ਰੱਖਿਆ। ਕਿਸਾਨਾਂ ਨੇ ਅੱਜ ਮੋਤੀ ਮਹਿਲ ਤੋਂ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਤੱਕ ਰੋਸ ਮਾਰਚ ਕੀਤਾ ਅਤੇ ਚੌਕ ਵਿੱਚ ਪਰਨੀਤ ਕੌਰ ਦਾ ਪੁਤਲਾ ਫੂਕਿਆ। ਇਸ ਮੌਕੇ ਯੂਨੀਅਨ ਆਗੂ ਬਲਰਾਜ ਜੋਸ਼ੀ, ਸੁਖਵਿੰਦਰ ਬਾਰਨ ਤੇ ਜਗਦੀਪ ਛੰਨਾ ਨੇ ਕਿਹਾ ਕਿ ਕਿਸਾਨ ਮੰਡੀ ਵਿੱਚ ਪਰਨੀਤ ਕੌਰ ਨਾਲ ਗੱਲਬਾਤ ਕਰਨ ਲਈ ਗਏ ਸਨ, ਪਰ ਪੰਦਰਾਂ ਮਿੰਟ ਤੱਕ ਉਡੀਕਣ ਦੇ ਬਾਵਜੂਦ ਉਹ ਨਹੀਂ ਮਿਲੇ, ਜਿਸ ਮਗਰੋਂ ਪ੍ਰਰਦਸ਼ਨ ਕੀਤਾ ਗਿਆ।