ਨੁਸ਼ਿਹਰਾ ਪੱਤਣ ’ਚ 20 ਸਾਲਾਂ ਤੋਂ ਸਰਪੰਚੀ ’ਤੇ ਕਾਬਜ਼ ਪਰਿਵਾਰ ਹੱਥੋਂ ਖੁੱਸਿਆ ਅਹੁਦਾ
ਪੱਤਰ ਪ੍ਰੇਰਕ
ਮੁਕੇਰੀਆਂ, 16 ਅਕਤੂਬਰ
ਨੇੜਲੇ ਪਿੰਡ ਨੁਸ਼ਿਹਰਾ ਪੱਤਣ ਦੇ ਵਸਨੀਕਾਂ ਨੇ ਪਿੰਡ ਦੀ ਸਰਪੰਚੀ ’ਤੇ ਪਿਛਲੇ ਕਰੀਬ 20 ਸਾਲਾਂ ਤੋਂ ਇੱਕੋ ਪਰਿਵਾਰ ਦੇ ਚੱਲੇ ਆ ਰਹੇ ਕਬਜ਼ੇ ਨੂੰ ਤੋੜਦਿਆਂ ਇੱਕ ਨੌਜਵਾਨ ’ਤੇ ਭਰੋਸਾ ਪ੍ਰਗਟਾਇਆ ਹੈ। ਪਿੰਡ ਦੇ 7 ਪੰਚ ਸਰਬਸੰਮਤੀ ਅਤੇ 2 ਚੋਣ ਲੜ ਕੇ ਜਿੱਤੇ ਹਨ। ਪਿੰਡ ਦੀ ਨਵੇਂ ਸਰਪੰਚ ਜਸਵਿੰਦਰ ਸਿੰਘ ਨੇ 801 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ। ਜੇਤੂ ਪੰਚਾਂ ਵਿੱਚ ਕੁਲਵਿੰਦਰ ਕੌਰ ਅਤ ਦਰਸ਼ਨ ਸਿੰਘ ਸ਼ਾਮਲ ਹਨ। ਸੰਤੋਸ਼ ਕੁਮਾਰੀ, ਲਖਵੀਰ ਕੌਰ, ਕੁਲਦੀਪ ਕੌਰ, ਮਨਦੀਪ ਕੌਰ, ਪਵਨ ਕੁਮਾਰ, ਸਰੂਪ ਸਿੰਘ ਅਤੇ ਰਜੀਤ ਸਿੰਘ ਦੀ ਚੋਣ ਸਰਬਸੰਮਤੀ ਨਾਲ ਪਹਿਲਾਂ ਹੀ ਹੋ ਚੁੱਕੀ ਹੈ।
ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦੁਆਇਆ ਕਿ ਉਹ ਆਪਣੇ ਚੋਣ ਏਜੰਡੇ ਅਨੁਸਾਰ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ ਅਤੇ ਸਮੁੱਚੀ ਟੀਮ ਨੂੰ ਨਾਲ ਲੈ ਕੇ ਚੱਲਣਗੇ। ਇਸ ਮੌਕੇ ਜਗਤਾਰ ਸਿੰਘ, ਹਰਚਰਨ ਸਿੰਘ, ਨੰਬਰਦਾਰ ਅਵਤਾਰ ਸਿੰਘ, ਨੰਬਰਦਾਰ ਗੁਰਜਿੰਦਰ ਸਿੰਘ, ਇਕਬਾਲ ਸਿੰਘ, ਹਰਵਿੰਦਰ ਸਿੰਘ ਸੈਣੀ, ਸੂਰਜ ਕੁਮਾਰ ਸਾਬਕਾ ਪੰਚ ਆਦਿ ਸਮੇਤ ਸਮੂਹ ਪਿੰਡ ਵਾਸੀ ਹਾਜ਼ਰ ਸਨ।