ਨਿਊ ਚੰਡੀਗੜ੍ਹ ’ਚ ਸੜਕਾਂ ’ਤੇ ਘੁੰਮਦੇ ਲਾਵਾਰਿਸ ਪਸ਼ੂ ਬਣੇ ਜਾਨ ਦਾ ਖੌਅ
ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 30 ਜੂਨ
ਮੁੱਲਾਂਪੁਰ ਗਰੀਬਦਾਸ ਸਮੇਤ ਨਿਊ ਚੰਡੀਗੜ੍ਹ ਦੀਆਂ ਸੜਕਾਂ ਉੱਤੇ ਲਾਵਾਰਿਸ ਪਸ਼ੂ ਦਿਨ-ਰਾਤ ਘੁੰਮਦੇ ਰਹਿੰਦੇ ਹਨ ਅਤੇ ਇਹ ਪਸ਼ੂ ਆਪਸ ਵਿੱਚ ਭਿੜ ਜਾਂਦੇ ਹਨ। ਇਹ ਪਸ਼ੂ ਕਦੇ ਘਰਾਂ, ਦਫਤਰਾਂ ਵਿੱਚ ਵੀ ਵੜ ਜਾਂਦੇ ਹਨ ਅਤੇ ਸੜਕਾਂ ’ਤੇ ਆਉਂਦੇ ਜਾਂਦੇ ਲੋਕਾਂ ਨਾਲ ਟਕਰਾਉਂਦੇ ਰਹਿੰਦੇ ਹਨ।
ਇਨ੍ਹਾਂ ਭਿੜਦੇ ਹੋਏ ਲਾਵਾਰਿਸ ਪਸ਼ੂਆਂ ਨੂੰ ਜਿੰਨੀ ਮਰਜ਼ੀ ਹਟਾਉਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਇਹ ਹੱਟਦੇ ਨਹੀਂ ਬਲਕਿ ਲਡ਼ਦੇ ਹੋਏ ਲੋਕਾਂ ਦਾ ਨੁਕਸਾਨ ਕਰ ਦਿੰਦੇ ਹੋਏ। ਇਨ੍ਹਾਂ ਪਸ਼ੂਆਂ ਕਾਰਨ ਸੜਕਾਂ ’ਤੇ ਹਾਦਸੇ ਵਾਪਰਨਾ ਆਮ ਜਿਹੀ ਗੱਲ ਹੈ ਜਿਸ ਕਾਰਨ ਕਈ ਵਾਰ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਿਆ ਹੈ। ਇਲਾਕਾ ਵਾਸੀਆਂ ਮੁਤਾਬਕ ਇਲਾਕੇ ਦੇ ਪਿੰਡਾਂ ਵਿੱਚ ਇਕ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਪਸ਼ੂ ਰੱਖ ਕੇ ਸ਼ਾਮਲਾਤ ਜ਼ਮੀਨਾਂ ਵਿੱਚ ਵਾੜੇ ਬਣਾ ਕੇ ਨਾਜਾਇਜ਼ ਕਬਜ਼ੇ ਕਰੀ ਬੈਠੇ ਹਨ। ਉਹ ਜਦੋਂ ਪਸ਼ੂਆਂ ਨੂੰ ਸੜਕਾਂ ਕਿਨਾਰੇ ਬਰਮਾਂ ’ਤੇ ਘਾਹ ਚਰਾਉਂਦੇ ਹਨ ਤਾਂ ਇਨ੍ਹਾਂ ਚਾਰ-ਪੰਜ ਦਰਜਨ ਪਸ਼ੂਆਂ ਦੇ ਇਕੱਠ ਨਾਲ ਸਿਰਫ ਦੋ ਹੀ ਬੰਦੇ, ਬੀਬੀਆਂ ਜਾਂ ਨਾਬਾਲਗ ਬੱਚੇ ਹੁੰਦੇ ਹਨ ਜੋ ਕਿ ਇਨ੍ਹਾਂ ਨੂੰ ਕਾਬੂ ਨਹੀਂ ਕਰ ਸਕਦੇ। ਜਦੋਂ ਇਹ ਪਸ਼ੂ ਸੜਕ ’ਤੇ ਅਚਾਨਕ ਆ ਜਾਂਦੇ ਹਨ ਤਾਂ ਹਾਦਸਿਆਂ ਦਾ ਕਾਰਨ ਬਣਦੇ ਹਨ।
ਇਲਾਕਾ ਵਾਸੀਆਂ ਸੁਰਿੰਦਰ ਸਿੰਘ, ਸੁਰਜੀਤ ਸਿੰਘ ਮਾਦੜਾ, ਰੂਪਚੰਦ ਸਿਸੋਦੀਆ, ਬਹਾਦਰ ਸਿੰਘ, ਤੇਜੀ ਪੜੌਲ, ਡੀਲਰ ਦੀਪ ਸਿੰਘ ਮਾਦੜਾ, ਮਲਕੀਤ ਸਿੰਘ, ਕੁਲਵੰਤ ਸਿੰਘ ਡਰਾਈਵਰ ਪੜੌਲ ਸਮੇਤ ਹੋਰਨਾਂ ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਸੜਕਾਂ ’ਤੇ ਘੁੰਮਦੇ ਲਾਵਾਰਿਸ ਪਸ਼ੂਆਂ ਦੇ ਰੱਖ ਰਖਾਓ ਲਈ ਬੰਦੋਬਸਤ ਕੀਤੇ ਜਾਣ ਅਤੇ ਪਾਲਤੂ ਪਸ਼ੂਆਂ ਨੂੰ ਲਾਵਾਰਿਸ ਛੱਡਣ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ।