ਮੁਕਤਸਰ ਵਿੱਚ ਲੋਕਾਂ ਵੱਲੋਂ ਸੀਵਰੇਜ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਧਰਨਾ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 18 ਜੁਲਾਈ
ਇਸ ਵੇਲੇ ਸ੍ਰੀ ਮੁਕਤਸਰ ਸਾਹਿਬ ਸੀਵਰੇਜ ਸਿਸਟਮ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ। ਬੀਤੇ ਦਿਨੀਂ ਵੱਡੀ ਗਿਣਤੀ ਕੌਂਸਲਰਾਂ ਵੱਲੋਂ ਸੀਵਰੇਜ ਸਮੱਸਿਆ ਨੂੰ ਲੈ ਕੇ ਧਰਨਾ ਲਾਇਆ ਸੀ ਅਤੇ ਅੱਜ ਮੋੜ ਰੋਡ, ਸੁਭਾਸ਼ ਬਸਤੀ ਅਤੇ ਵਿਨਾਇਕ ਕਲੋਨੀ ਦੇ ਵਾਸੀਆਂ ਵੱਲੋਂ ਧਰਨਾ ਲਾਇਆ ਗਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸੀਵਰੇਜ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਹ ਧਰਨਾ ਕਰੀਬ ਦੋ ਘੰਟੇ ਚੱਲਿਆ। ਇਸ ਮੌਕੇ ਆਵਾਜਾਈ ਠੱਪ ਕੀਤੀ ਜਿਸ ਕਰਕੇ ਰਾਹਗੀਰਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਸ ਧਰਨੇ ਵਿਚ ਵਾਰਡ ਦੇ ਐਮਸੀ ਕੰਚਨ ਬਾਲਾ, ਰਵੀ ਮੋਰੀਆ, ਮਾਸਟਰ ਦਿਆਨੰਦ, ਰਮੇਸ਼ ਗਰਗ, ਬੰਟੀ ਸਿੰਗਲਾ, ਰਜਿੰਦਰ ਕੁਮਾਰ, ਲਾਲ ਚੰਦ, ਸੁਸ਼ਮਾ ਰਾਣੀ, ਪਰੇਮਾ ਰਾਣੀ ਸਮੇਤ ਮੁਹੱਲਾ ਵਾਸੀਆਂ ਨੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਉਹ ਇਕ ਸਾਲ ਤੋਂ ਸੀਵਰੇਜ ਦੇ ਗੰਦੇ ਪਾਣੀ ਤੋਂ ਦੁਖੀ ਹਨ ਅਤੇ ਰੋਜ਼ਾਨਾ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਵਿੱਚ ਖੜ੍ਹ ਜਾਂਦਾ ਹੈ। ਸੀਵਰੇਜ ਦੇ ਪਾਣੀ ’ਚੋਂ ਲੰਘ ਕੇ ਜਾਣਾ ਪੈਂਦਾ ਹੈ। ਇਸ ਮੌਕੇ ਰਵੀ ਅਤੇ ਮੁਹੱਲੇ ਦੇ ਲੋਕਾਂ ਨੇ ਕਿਹਾ ਕਿ ਸੀਵਰੇਜ ਵਿਭਾਗ ਅਤੇ ਪ੍ਰਸ਼ਾਸਨ ਪਹਿਲਾਂ ਸੁੱਤਾ ਪਿਆ ਸੀ ਬਰਸਾਤਾਂ ਦੇ ਦਿਨਾਂ ਵਿਚ ਆ ਕੇ ਸੀਵਰੇਜ ਦੀ ਸਫਾਈ ਕਰਨ ਲਈ ਜਾਗਿਆ ਹੈ। ਆਖਿਰ ਸੀਵਰੇਜ ਵਿਭਾਗ ਦੇ ਐਸਡੀਓ ਪੁਸ਼ਪਿੰਦਰ ਸਿੰਘ ਨੇ ਤਿੰਨ ਦਿਨ ਦਾ ਸਮਾਂ ਲੈ ਕੇ ਧਰਨਾ ਚੁੱਕਣ ਲਈ ਕਿਹਾ। ਸੀਵਰੇਜ ਵਿਭਾਗ ਦੇ ਐਸਡੀਓ ਪੁਸ਼ਪਿੰਦਰ ਸਿੰਘ ਨੇ ਉਨ੍ਹਾਂ ਕਿਹਾ ਕਿ ਨਾਲੇ ਦੀ ਸਫਾਈ ਹੋਣ ਵਾਲੀ ਹੈ ਜਿਸ ਲਈ ਟੈਂਡਰ ਲਾ ਚੁੱਕੇ ਹਾਂ ਅਤੇ ਟੈਂਡਰ ਪਾਸ ਹੋਣ ਮਗਰੋਂ ਮਸਲੇ ਦਾ ਪੱਕਾ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਟੈਂਕਰਾਂ ਨਾਲ ਸੀਵਰੇਜ ਦਾ ਪਾਣੀ ਕੱਢ ਦਿੱਤਾ ਜਾਵੇਗਾ।