ਮੋਗਾ ’ਚ ਐੱਨਆਰਆਈ ਵਿਧਵਾ ਦੀ ਕਰੋੜਾਂ ਦੀ ਜ਼ਮੀਨ ਧੋਖੇ ਨਾਲ ਨਾਮ ਲਵਾਈ
ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਨਵੰਬਰ
ਇੱਥੇ ਸਿਟੀ ਪੁਲੀਸ ਨੇ ਸੀਆਈਏ ਸਟਾਫ਼ ਪੁਲੀਸ ਵੱਲੋਂ ਕੀਤੀ ਗਈ ਮੁੱਢਲੀ ਪੜਤਾਲ ਤੋਂ ਬਾਅਦ ਇੱਕ ਐੱਨਆਰਆਈ ਵਿਧਵਾ ਔਰਤ ਦੀ ਕਰੋੜਾਂ ਰੁਪਏ ਕੀਮਤ ਦੀ 18 ਏਕੜ ਖੇਤੀ ਜ਼ਮੀਨ ਜਾਅਲਸਾਜ਼ੀ ਨਾਲ ਹਥਿਆਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮੋਗਾ ’ਚ ਐੱਨਆਰਆਈ ਦੀ ਜਾਅਲਸਾਜ਼ੀ ਨਾਲ ਜ਼ਮੀਨ ਹੜੱਪਣ ਦਾ ਇੱਕ ਮਹੀਨੇ ਦੌਰਾਨ ਇਹ ਦੂਜਾ ਵੱਡਾ ਮਾਮਲਾ ਹੈ। ਡੀਐੱਸਪੀ ਸਿਟੀ ਰਵਿੰਦਰ ਸਿੰਘ ਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਐੱਨਆਰਆਈ ਬਲਜੀਤ ਕੌਰ ਪਿੰਡ ਦੌਧਰ ਗਰਬੀ ਦੀ ਸ਼ਿਕਾਇਤ ਉੱਤੇ ਗੁਰਪ੍ਰੀਤ ਸਿੰਘ ਤੇ ਉਸਦੀ ਪਤਨੀ ਪਰਮਿੰਦਰ ਕੌਰ ਵਾਸੀ ਐੱਸਐੱਸਟੀ ਨਗਰ, ਪਟਿਆਲਾ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਦੌਧਰ ਗਰਬੀ ਖ਼ਿਲਾਫ਼ ਧੋਖਾਧੜੀ ਤੇ ਜਾਅਲਸਾਜ਼ੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਮੁਤਾਬਕ ਪੀੜਤ ਐੱਨਆਰਆਈ ਬਲਜੀਤ ਕੌਰ ਆਪਣੇ ਪੁੱਤਰ ਸਰਮਨ ਸਿੱਧੂ ਨਾਲ ਕੈਨੇਡਾ ਰਹਿੰਦੀ ਹੈ ਤੇ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ। ਦੋਵੇਂ ਮਾਂ-ਪੁੱਤਾਂ ਦੀ ਪਿੰਡ ਦੌਧਰ ਗਰਬੀ ਵਿੱਚ 18 ਏਕੜ ਜ਼ਮੀਨ ਹੈ। ਮੁਲਜ਼ਮ ਗੁਰਪ੍ਰੀਤ ਸਿੰਘ ਪਿੰਡ ਦੌਧਰ ਗਰਬੀ ਨੂੰ ਇਹ ਜ਼ਮੀਨ ਠੇਕੇ ਉੱਤੇ ਦਿੱਤੀ ਗਈ ਸੀ। ਪੀੜਤਾ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਐੱਨਆਰਆਈ ਬਲਜੀਤ ਕੌਰ ਦੀ ਥਾਂ ਕੋਈ ਹੋਰ ਫ਼ਰਜੀ ਔਰਤ ਖੜ੍ਹੀ ਕਰ ਕੇ 2 ਸਤੰਬਰ 2014 ਨੂੰ ਸਾਰੀ ਜ਼ਮੀਨ ਦੀ ਪੁੰਨ ਹਿਬਾ (ਗਿਫ਼ਟ )ਦੀਆਂ ਤਿੰਨ ਰਜਿਸਟਰੀਆਂ ਕਰਵਾ ਕੇ ਜ਼ਮੀਨ ਨਾਮ ਲਗਵਾ ਲਈ। ਪੀੜਤ ਨੂੰ ਜਾਅਲਸਾਜ਼ੀ ’ਤੇ ਕੋਈ ਸ਼ੱਕ ਨਾ ਹੋਵੇ, ਇਸ ਲਈ ਉਹ ਜ਼ਮੀਨ ਦਾ ਠੇਕਾ ਦਿੰਦੇ ਰਹੇ। ਸਾਲ 2022 ’ਚ ਪੀੜਤ ਐੱਨਆਰਆਈ ਜਦੋਂ ਆਪਣੇ ਪੁੱਤ ਦਾ ਵਿਆਹ ਕਰਨ ਭਾਰਤ ਆਈ ਤਾਂ ਉਸਨੂੰ ਇਕੱਠਾ ਸਾਢੇ 3 ਸਾਲ ਦਾ ਜ਼ਮੀਨ ਦਾ ਠੇਕਾ ਕਰੀਬ 21 ਲੱਖ ਰੁਪਏ ਪੀੜਤਾ ਦੀ ਰਿਸ਼ਤੇਦਾਰ ਦੇ ਖਾਤੇ ਵਿੱਚ ਜਮਾਂ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ ਕੁਝ ਚਿਰ ਪਹਿਲਾਂ ਪੀੜਤਾ ਆਪਣੀ ਜ਼ਮੀਨ ਦੀ ਫ਼ਰਦ ਲੈਣ ਆਈ ਤਾਂ ਉਸਦੇ ਹੋਸ਼ ਉੱਡ ਗਏ ਕਿ ਜ਼ਮੀਨ ਤਾਂ ਉਸਦੇ ਨਾਮ ਨਹੀਂ ਸਗੋਂ ਮੁਲਜ਼ਮਾਂ ਦੇ ਨਾਮ ਬੋਲ ਰਹੀ ਹੈ। ਪੀੜਤਾ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਪੀੜਤਾ ਨੂੰ ਪੁਚਕਾਰਨ ਦੀ ਕੋਸ਼ਿਸ਼ ਕੀਤੀ ਅਤੇ ਧਮਕੀਆਂ ਦਿੱਤੀਆਂ ਕਿ ਉਸਦੇ ਖ਼ਿਲਾਫ਼ ਉਹ ਅਜਿਹੀ ਕਾਰਵਾਈ ਕਰਨਗੇ ਕਿ ਉਹ ਕੈਨੇਡਾ ਨਹੀਂ ਜਾ ਸਕੇਗੀ ਤਾਂ ਪੀੜਤਾ ਡਰ ਕਾਰਨ ਵਾਪਸ ਕੈਨੇਡਾ ਚਲੀ ਗਈ। ਸ਼ਿਕਾਇਤ ਦੀ ਪੈਰਵੀ ਉਸਦੇ ਰਿਸ਼ਤੇਦਾਰ ਪਰਮਿੰਦਰ ਸਿੰਘ ਵਾਸੀ ਬਾਘਾਪੁਰਾਣਾ ਵੱਲੋਂ ਕੀਤੀ ਗਈ। ਇਸ ਰਜਿਸਟਰੀ ਉੱਤੇ ਗਵਾਹੀ ਪਾਉਣ ਵਾਲੇ ਨੰਬਰਦਾਰ ਗੁਰਜੰਟ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਰਜਿਸਟਰੀਆਂ ਉੱਤੇ ਦਰਜ ਰਸੂਖਵਾਨ ਗਵਾਹ ਲਖਵੀਰ ਸਿੰਘ ਨੇ ਸਪੱਸ਼ਟ ਕਰ ਦਿੱਤਾ ਕਿ ਉਸਨੇ ਗਵਾਹੀ ਜ਼ਰੂਰ ਪਾਈ ਹੈ, ਪਰ ਜਦੋਂ ਉਨ੍ਹਾਂ ਦੇ ਪਿੰਡ ਐੱਨਆਰਆਈ ਬਲਜੀਤ ਕੌਰ ਆਈ ਤਾਂ ਉਸਨੂੰ ਪਤਾ ਲੱਗਾ ਕਿ ਤਹਿਸੀਲਦਾਰ ਦੇ ਰਜਿਸਟਰੀ ਲਈ ਪੇਸ਼ ਹੋਈ ਔਰਤ ਜਾਅਲੀ ਸੀ।
ਜਾਂਚ ਰਿਪੋਰਟ ਦਾ ਖੁਲਾਸਾ
ਸੀਆਈਏ ਸਟਾਫ਼ ਮੁਖੀ ਇੰਸਪੈਕਟਰ ਦਲਜੀਤ ਸਿੰਘ ਬਰਾੜ ਨੇ ਆਪਣੀ ਜਾਂਚ ਰਿਪੋਰਟ ’ਚ ਸਪੱਸ਼ਟ ਕੀਤਾ ਕਿ ਪੀੜਤਾ ਐੱਨਆਰਆਈ ਬਲਜੀਤ ਕੌਰ ਦੇ ਆਪਣੇ ਖੁਦ ਔਲਾਦ ਹੈ ਤਾਂ ਉਹ ਕਿਵੇਂ ਜ਼ਮੀਨ ਦਾਨ ਦੇ ਸਕਦੀ ਹੈ? ਜ਼ਮੀਨ ਦਾਨ ਤਾਂ ਕਿਸੇ ਸਕੂਲ ਜਾਂ ਧਾਰਮਿਕ ਜਾਂ ਸਮਾਜ ਭਲਾਈ ਸੰਸਥਾ ਨੂੰ ਦਿੱਤੀ ਜਾ ਸਕਦੀ ਹੈ। ਪੀੜਤ ਐੱਨਆਰਆਈ ਦੇ 20 ਸਾਲ ਦੇ ਪੁੱਤਰ ਵੱਲੋਂ ਵੀ ਕਿਵੇਂ 60 ਸਾਲ ਦੇ ਵਿਅਕਤੀਆਂ ਨੂੰ ਜ਼ਮੀਨ ਦਾਨ ਦੇਣੀ ਕੋਈ ਤੁਕ ਨਹੀਂ ਬਣਦੀ।