For the best experience, open
https://m.punjabitribuneonline.com
on your mobile browser.
Advertisement

ਮੋਗਾ ਨਗਰ ਨਿਗਮ ਵਿੱਚ ਹਾਕਮ ਧਿਰ ਵੱਲੋਂ ਆਪਣਿਆਂ ਨੂੰ ਗੱਫੇ

08:42 AM Jul 21, 2024 IST
ਮੋਗਾ ਨਗਰ ਨਿਗਮ ਵਿੱਚ ਹਾਕਮ ਧਿਰ ਵੱਲੋਂ ਆਪਣਿਆਂ ਨੂੰ ਗੱਫੇ
ਅਣਮਿੱਥੇ ਸਮੇਂ ਦੀ ਹੜਤਾਲ ਦਾ ਐਲਾਨ ਕਰਦੇ ਹੋਏ ਕਾਮੇ ਤੇ ਫੈਡਰੇਸ਼ਨ ਆਗੂ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਜੁਲਾਈ
ਨਗਰ ਨਿਗਮ ਵੱਲੋਂ ਹਾਕਮ ਧਿਰ ਨਾਲ ਜੁੜੇ ਅੱਧੀ ਦਰਜਨ ਕੌਂਸਲਰਾਂ ਦੀਆਂ ਪਤਨੀਆਂ, ਧੀਆਂ ਤੇ ਪੁੱਤਰਾਂ ਨੂੰ ਚੋਣ ਕਮੇਟੀ ਦੀ ਸਿਫ਼ਾਰਸ਼ ’ਤੇ ਬੇਲਦਾਰ ਦੀ ਆਸਾਮੀ ’ਤੇ ਰੱਖਣ ਸਬੰਧੀ ਹਾਊਸ ਮੀਟਿੰਗ ਵਿੱਚ ਮੋਹਰ ਲੱਗ ਗਈ ਹੈ, ਸਿਰਫ਼ ਸਰਕਾਰ ਦੀ ਪ੍ਰਵਾਨਗੀ ਮਗਰੋਂ ਨਿਯੁਕਤੀ ਪੱਤਰ ਦੇਣੇ ਹੀ ਬਾਕੀ ਹਨ। ਇਹ ਮਾਮਲਾ ਉਸ ਵੇਲੇ ਭਖ਼ ਗਿਆ ਜਦੋਂ ਚੋਣ ਕਮੇਟੀ ਮੈਂਬਰ ਤੇ ਨਿਗਮ ਲੇਖਾਕਾਰ ਗਰੇਡ- 1 ਨੇ ਸਰਕਾਰ ਨੂੰ ਭੇਜੀ ਜਾਣ ਵਾਲੀ ਪ੍ਰੋਸੀਡਿੰਗ ਉੱਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਮੇਅਰ ਬਲਜੀਤ ਸਿੰਘ ਚਾਨੀ ਦੀ ਮੌਜੂਦਗੀ ਵਿੱਚ ਚੋਣ ਕਮੇਟੀ ਮੈਂਬਰ ਤੇ ਨਿਗਮ ਲੇਖਾਕਾਰ ਗਰੇਡ-1 ਪਰਮਜੀਤ ਸਿੰਘ ਮਾਲਵਾ ਅਤੇ ਨਿਗਮ ਕਾਮਿਆਂ ਦੇ ਫੈੱਡਰੇਸ਼ਨ ਆਗੂ ਆਪਸ ’ਚ ਭਿੜ ਗਏ ਤੇ ਮਾਹੌਲ ਤਣਾਅ ਪੂਰਨ ਬਣ ਗਿਆ। ਇਸ ਦੌਰਾਨ ਨਿਗਮ ਕਾਮਿਆਂ ਨੇ ਲੇਖਾਕਾਰ ਨੂੰ ਮੁਅੱਤਲ ਕਰ ਕੇ ਬਦਲੀ ਕਰਨ ਦੀ ਮੰਗ ਕਰਦਿਆਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ। ਦੱਸਣਯੋਗ ਹੈ ਕਿ 48 ਬੇਲਦਾਰਾਂ ਦੀਆਂ ਅਸਾਮੀਆਂ ਦੀ ਰੈਗੂਲਰ ਭਰਤੀ ਲਈ 6,105 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਮੇਅਰ ਵੱਲੋਂ ਅਰਜ਼ੀਆਂ ਦੀ ਜਾਂਚ ਪੜਤਾਲ ਲਈ 6 ਮੈਂਬਰੀ ਚੋਣ ਕਮੇਟੀ ਕਾਇਮ ਕੀਤੀ ਗਈ ਸੀ ਜਿਸ ਨੇ ਉੱਚ ਵਿੱਦਿਅਕ ਯੋਗਤਾ ਵਾਲੇ ਉਮੀਦਵਾਰਾਂ ਨੂੰ ਵਿਚਾਰਨ ਦੀ ਥਾਂ ਸਿਰਫ਼ 8ਵੀਂ ਯੋਗਤਾ ਵਾਲੇ ਉਮੀਦਵਾਰਾਂ ਨੂੰ ਤਵੱਜੋ ਦਿੱਤੀ। ਅੱਠਵੀਂ ਪਾਸ ਵਾਲੇ ਉਮੀਦਵਾਰਾਂ ਦੀ ਸੂਚੀ ਵਿੱਚ ਇੱਕ ਕੌਂਸਲਰ ਦੀ ਪਤਨੀ ਵੀ ਸ਼ਾਮਲ ਹੈ ਜਿਸਦੀ ਅਸਲ ਯੋਗਤਾ ਛਿਪਾਉਂਦਿਆਂ ਉਸ ਨੂੰ ਸਿਰਫ਼ ਅੱਠਵੀਂ ਪਾਸ ਦਰਸਾਇਆ ਗਿਆ ਹੈ (ਜੋ ਇੱਕ ਸਥਾਨਕ ਨਿੱਜੀ ਸਕੂਲ ਵਿੱਚ ਕੰਪਿਊਟਰ ਅਪਰੇਟਰ ਵਜੋਂ ਤਾਇਨਾਤ ਹੈ)। ਇਸੇ ਤਰ੍ਹਾਂ ਵਿੱਤ ਤੇ ਲੇਖਾ ਕਮੇਟੀ ਮੈਂਬਰ ਇੱਕ ਕੌਂਸਲਰ ਦੇ ਪੁੱਤਰ ਤੇ ਹਾਕਮ ਧਿਰ ਨਾਲ ਜੁੜੇ ਕੌਂਸਲਰਾਂ ਦੇ ਧੀਆਂ-ਪੁੱਤਰਾਂ ਤੋਂ ਇਲਾਵਾ ਪਹਿਲਾਂ ਹੀ ਠੇਕੇ ਉੱਤੇ ਕੰਮ ਕਰ 32 ਵਿੱਚੋਂ 25 ਬੇਲਦਾਰ, ਹਲਕਾ ਧਰਮਕੋਟ ਨਾਲ ਸਬੰਧਤ ਕਰੀਬ 10 ਨੌਜਵਾਨ ਤੇ ਮੁਟਿਆਰਾਂ ਦੇ ਨਾਵਾਂ ਦੀ ਸਿਫ਼ਾਰਸ਼ ਇਸ ਸੂਚੀ ’ਚ ਕੀਤੀ ਗਈ ਹੈ।
ਸੂਤਰਾਂ ਮੁਤਾਬਕ ਬਹੁਤੀਆਂ ਅਰਜ਼ੀਆਂ ’ਤੇ ਪਹਿਲਾਂ ਹੀ ਮੰਤਰੀਆਂ ਤੇ ਵਿਧਾਇਕਾਂ ਅਤੇ ਚੇਅਰਮੈਨਾਂ ਦੀ ਸਿਫ਼ਾਰਸ਼ ਲਿਖੀ ਹੋਈ ਸੀ। ਦੱਸਣਯੋਗ ਹੈ ਕਿ 12 ਜੁਲਾਈ ਨੂੰ ਹਾਊਸ ਮੀਟਿੰਗ ਵਿੱਚ ਚੁੱਪ-ਚੁੱਪੀਤੇ ਬੇਲਦਾਰਾਂ ਵਾਲੇ ਏਜੰਡੇ ਨੂੰ ਪਾਸ ਕਰ ਦਿੱਤਾ ਗਿਆ। ਹਾਕਮ ਧਿਰ ਤੋਂ ਬਾਗ਼ੀ ਹੋਏ ਕੌਂਸਲਰ ਗੌਰਵ ਗੁਪਤਾ ਗੁੱਡੂ ਨੇ ਹਾਊਸ ਦੀ ਮੀਟਿੰਗ ਸੱਦ ਕੇ ਇਸ ਮਤੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ।

Advertisement

ਗਲਤ ਸਿਫ਼ਾਰਸ਼ ਰੱਦ ਕਰਾਂਗੇ: ਮੇਅਰ

ਮੇਅਰ ਬਲਜੀਤ ਸਿੰਘ ਚਾਨੀ ਨੇ ਕਿਹਾ ਕਿ ਚੋਣ ਕਮੇਟੀ ਵੱਲੋਂ ਸਿਫ਼ਾਰਸ਼ ਕੀਤੀ ਨਿਰੋਲ ਮੈਰਿਟ ਵਾਲੇ ਉਮੀਦਵਾਰਾਂ ਦੇ ਨਾਵਾਂ ਦੀ ਜਨਰਲ ਹਾਊਸ ’ਚ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਗਲਤ ਸਿਫ਼ਾਰਸ਼ ਹੋਈ ਹੈ ਤਾਂ ਇਸ ਨੂੰ ਰੱਦ ਕਰ ਦਿੱਤਾ ਜਾਵੇਗਾ। ਮੇਅਰ ਨੇ ਲੇਖਾਕਾਰ ਤੇ ਫੈੱਡਰੇਸ਼ਨ ਆਗੂ ਵਿਚਾਲੇ ਹੋਈ ਤਿੱਖੀ ਬਹਿਸ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਲੇਖਾਕਾਰ ਦੀ ਛੇਤੀ ਹੀ ਬਦਲੀ ਕਰ ਦਿੱਤੀ ਜਾਵੇਗੀ। ਨਿਗਮ ਕਾਮਿਆਂ ਦੀ ਫੈੱਡਰੇਸ਼ਨ ਦੇ ਆਗੂ ਸੇਵਕ ਰਾਮ ਫੌਜੀ ਨੇ ਨਿਗਮ ਲੇਖਾਕਾਰ ਦੇ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਲੇਖਾਕਾਰ ਨੂੰ ਜਿੰਨੀ ਦੇਰ ਮੁਅੱਤਲ ਕਰ ਕੇ ਉਸ ਦੀ ਬਦਲੀ ਨਹੀਂ ਕੀਤੀ ਜਾਂਦੀ, ਉਸ ਸਮੇਂ ਤੱਕ ਹੜਤਾਲ ਜਾਰੀ ਰਹੇਗੀ।

ਦਸਤਖ਼ਤ ਕਰਨ ਲਈ ਸਿਆਸੀ ਦਬਾਅ ਬਣਾਇਆ ਜਾ ਰਿਹੈ: ਲੇਖਾਕਾਰ

ਚੋਣ ਕਮੇਟੀ ਮੈਂਬਰ ਤੇ ਨਿਗਮ ਲੇਖਾਕਾਰ ਗਰੇਡ- 1 ਪਰਮਜੀਤ ਮਾਲਵਾ ਨੇ ਕਿਹਾ ਕਿ ਉਹ ਜਨਰਲ ਹਾਊਸ ਦੀ ਕਾਰਵਾਈ ਚੰਗੀ ਤਰ੍ਹਾਂ ਦੇਖ ਕੇ ਹੀ ਦਸਤਖ਼ਤ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ’ਤੇ ਦਸਤਖ਼ਤ ਕਰਨ ਲਈ ਸਿਆਸੀ ਦਬਾਅ ਬਣਾਇਆ ਜਾ ਰਿਹਾ ਹੈ।

Advertisement
Author Image

sukhwinder singh

View all posts

Advertisement
Advertisement
×