ਸੰਤ ਅਤਰ ਸਿੰਘ ਦੀ ਯਾਦ ’ਚ ਸ਼ਬਦ ਗਾਇਨ ਤੇ ਕਵੀਸ਼ਰੀ ਮੁਕਾਬਲੇ
ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 31 ਜਨਵਰੀ
ਸੰਤ ਬਾਬਾ ਅਤਰ ਸਿੰਘ ਦੀ 97ਵੀਂ ਬਰਸੀ ਮੌਕੇ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਦੀ ਸਰਪ੍ਰਸਤੀ ਅਤੇ ਸੰਤ ਅਤਰ ਸਿੰਘ ਗੁਰਮਤਿ ਕਾਲਜ ਦੇ ਪ੍ਰਬੰਧ ਅਧੀਨ ਸ਼ਬਦ ਗਾਇਨ ਅਤੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿੱਚ ਅਕਾਲ ਅਕੈਡਮੀਆਂ, ਸੰਗੀਤ ਅਕੈਡਮੀਆਂ ਅਤੇ ਵੱਖ ਵੱਖ ਸਕੂਲਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਸੁਰਿੰਦਰ ਪਾਲ ਸਿੰਘ ਸਿਦਕੀ ਦੇ ਸਟੇਜ ਸੰਚਾਲਨ ਅਧੀਨ ਜੂਨੀਅਰ ਅਤੇ ਸੀਨੀਅਰ ਗਰੁੱਪਾਂ ਤੇ ਆਧਾਰਿਤ ਇਨ੍ਹਾਂ ਮੁਕਾਬਲਿਆਂ ਦੌਰਾਨ ਪ੍ਰਤੀਯੋਗੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰਬਾਣੀ ਨੂੰ ਨਿਰਧਾਰਿਤ ਰਾਗਾਂ ਅਤੇ ਸੁਰ ਤਾਲ ਨਾਲ ਗਾਇਨ ਕਰਦਿਆਂ ਸੰਗਤਾਂ ਨੂੰ ਕੀਲ ਲਿਆ। ਕਵੀਸ਼ਰੀ ਮੁਕਾਬਲਿਆਂ ਦੌਰਾਨ ਪ੍ਰਤੀਯੋਗੀਆਂ ਨੇ ਸਿੱਖ ਇਤਿਹਾਸ ਅਤੇ ਸੰਤ ਬਾਬਾ ਅਤਰ ਸਿੰਘ ਜੀ ਦੇ ਜੀਵਨ ਸਬੰਧੀ ਰਚਨਾਵਾਂ ਦੀ ਖੂਬਸੂਰਤੀ ਨਾਲ ਪੇਸ਼ਕਾਰੀ ਕੀਤੀ। ਨਤੀਜਿਆਂ ਅਨੁਸਾਰ ਸ਼ਬਦ ਗਾਇਨ ਮੁਕਾਬਲੇ ਦੇ ਜੂਨੀਅਰ ਗਰੁੱਪ ਵਿੱਚੋਂ ਭਾਈ ਬਾਬਕ ਸੰਗੀਤ ਅਕੈਡਮੀ ਚੀਮਾ ਸਾਹਿਬ, ਅਕਾਲ ਅਕੈਡਮੀ ਬੇਨੜਾ ਅਤੇ ਅਕਾਲ ਸੰਗੀਤ ਅਕੈਡਮੀ ਚੱਠੇ ਸੇਖਵਾਂ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਸੀਨੀਅਰ ਗਰੁੱਪ ਵਿੱਚੋਂ ਗੁਰਮਤਿ ਅਕੈਡਮੀ ਬਹਾਦਰਪੁਰ, ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਅਤੇ ਅਕਾਲ ਅਕੈਡਮੀ ਬੇਨੜਾ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਕਵੀਸ਼ਰੀ ਗਾਇਨ ਦੇ ਸੀਨੀਅਰ ਗਰੁੱਪ ਵਿੱਚੋਂ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ, ਟੈਗੋਰ ਵਿਦਿਆਲਾ ਲੌਂਗੋਵਾਲ ਤੇ ਅਕਾਲ ਅਕੈਡਮੀ ਬੇਨੜਾ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਇਨਾਮ ਵੰਡਣ ਦੀ ਰਸਮ ਅਕਾਲ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਭੁਪਿੰਦਰ ਸਿੰਘ ਗਰੇਵਾਲ, ਭਾਈ ਮੁਖਤਿਆਰ ਸਿੰਘ ਮੁੱਖੀ, ਬਾਬਾ ਬਲਜੀਤ ਸਿੰਘ ਫੱਕਰ ਆਦਿ ਨੇ ਨਿਭਾਈ।